ਰਾਣਾ ਗੁਰਜੀਤ ਸਿੰਘ ਨੇ ਭਾਰਤੀ ਹਵਾਈ ਫੌਜ ਵੱਲੋਂ ਅੱਤਵਾਦੀ ਠਿਕਾਣਿਆਂ 'ਤੇ ਕੀਤੇ ਹਮਲੇ ਦੀ ਭਰਪੂਰ ਸ਼ਲਾਘਾ
ਕਪੂਰਥਲਾ 7 ਮਈ, 2025 - ਕਪੂਰਥਲਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਵੱਲੋਂ ‘ਓਪਰੇਸ਼ਨ ਸਿੰਦੂਰ’ ਦੇ ਤਹਿਤ ਅਤਿਵਾਦੀਆਂ ਦੇ ਠਿਕਾਣਿਆਂ ਵਿਰੁਧ ਕੀਤੀ ਗਈ ਕਾਰਵਾਈ ਬਹੁਤ ਹੀ ਸਰਾਹਣਯੋਗ ਅਤੇ ਪ੍ਰਸ਼ੰਸਨਯੋਗ ਹੈ।
ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਅਤੇ ਬੁਧਵਾਰ ਦੀ ਰਾਤ ਭਾਰਤੀ ਹਵਾਈ ਫੌਜ ਨੇ ਅਤਿਵਾਦੀਆਂ ਕੈਂਪਾਂ ਨੂੰ ਨਿਸ਼ਾਨਾ ਬਣਾਕੇ ਫੌਜ ਦੀ ਬਹਾਦਰੀ ਅਤੇ ਪੇਸ਼ਾਵਰਤਾ ਦਾ ਪ੍ਰਦਰਸ਼ਨ ਕੀਤਾ।
ਰਾਣਾ ਗੁਰਜੀਤ ਸਿੰਘ ਨੇ ਆਪਣੇ ਸੁਨੇਹੇ ਵਿੱਚ ਕਿਹਾ, "ਮੈਂ ਆਪਣੇ ਸੁਰੱਖਿਆ ਬਲਾਂ ਦੀ ਬੇਮਿਸਾਲ ਬਹਾਦਰੀ ਅਤੇ ਅਟੁੱਟ ਪੇਸ਼ਾਵਰਤਾ ਦੀ ਦਿਲੋਂ ਪ੍ਰਸ਼ੰਸਾ ਕਰਦਾ ਹਾਂ, ਜਿਨ੍ਹਾਂ ਨੇ ਅਤਿਵਾਦੀਆਂ ਠਿਕਾਣਿਆਂ ਵਿਰੁਧ ਫੈਸਲਾਕੁਨ ਕਾਰਵਾਈ ਕੀਤੀ। ਇਸ ਨਾਜ਼ੁਕ ਵੇਲੇ ਵਿੱਚ, ਦੇਸ਼ ਦੀ ਏਕਤਾ ਅਤੇ ਸੁਰੱਖਿਆ ਦੀ ਰੱਖਿਆ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।"
ਪੰਜਾਬ ਵਿਧਾਨ ਸਭਾ ਦੇ ਮੈਂਬਰ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅਤਿਵਾਦੀਆਂ ਠਿਕਾਣਿਆਂ ਨੂੰ ਤਬਾਹ ਕਰਕੇ ਹਵਾਈ ਫੌਜ ਨੇ ਉਹਨਾਂ ਅਤਿਵਾਦੀਆਂ ਅਤੇ ਉਨ੍ਹਾਂ ਦੇ ਪਿੱਛੇ ਖੜੇ ਲੋਕਾਂ ਨੂੰ ਢੁੱਕਵਾਂ ਜਵਾਬ ਦਿੱਤਾ ਹੈ, ਜੋ ਭਾਰਤ ਅਤੇ ਪਾਕਿਸਤਾਨ ਸਮੇਤ ਪੂਰੇ ਉਪ-ਮਹਾਦੀਪ ਵਿੱਚ ਨਫ਼ਰਤ ਅਤੇ ਅਸੰਤੋਖ ਫੈਲਾ ਰਹੇ ਹਨ।
ਉਨ੍ਹਾਂ ਨੇ ਕਿਹਾ, "ਇਹ ਉਹਨਾਂ ਬੇਗੁਨਾਹ ਲੋਕਾਂ ਦੀ ਹੱਤਿਆ ਦਾ ਢੁੱਕਵਾਂ ਜਵਾਬ ਹੈ, ਜੋ ਆਪਣੇ ਪਰਿਵਾਰਾਂ ਸਮੇਤ ਪਹਿਲਗਾਮ ਗਏ ਸਨ ਅਤੇ ਕੁਝ ਅਤਿਵਾਦੀਆਂ ਦੀ ਘਿਨੌਣੀ ਸੋਚ ਕਰਕੇ ਆਪਣੀ ਜਾਨਾਂ ਗੁਆ ਬੈਠੇ।"
ਕਪੂਰਥਲਾ ਵਿਧਾਇਕ ਨੇ ਕਿਹਾ ਕਿ ਪਹਿਲਗਾਮ ਹਮਲੇ ਦੇ ਜ਼ਿੰਮੇਵਾਰਾਂ ਅਤੇ ਯੋਜਕਾਂ ਨੂੰ ਇਨਸਾਫ਼ ਦੇ ਕਟਿਹਰੇ ਵਿੱਚ ਲਿਆਉਣਾ ਲਾਜ਼ਮੀ ਸੀ। ਉਨ੍ਹਾਂ ਨੇ ਪੀ.ਆਈ.ਬੀ. ਦੇ ਮੀਡੀਆ ਰਿਲੀਜ਼ ਨੂੰ ਹਵਾਲਾ ਦਿੰਦਿਆਂ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਅਧੀਨ ਕਸ਼ਮੀਰ ਦੇ ਅੰਦਰ ਨੌਂ ਥਾਵਾਂ 'ਤੇ ਹਮਲੇ ਕੀਤੇ ਹਨ ਅਤੇ ਇਸ ਕਾਰਵਾਈ ਲਈ ਪੂਰਾ ਦੇਸ਼ ਭਾਰਤ ਸਰਕਾਰ ਦੇ ਨਾਲ ਚਟਾਨ ਵਾਂਗ ਖੜਾ ਹੈ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਭਾਰਤ ਦੇ ਬੇਗੁਨਾਹ ਲੋਕਾਂ ਦੀ ਅਤਿਵਾਦੀਆਂ ਵੱਲੋਂ ਕੀਤੀ ਜਾ ਰਹੀ ਹੱਤਿਆ ਕਦੇ ਵੀ ਕਬੂਲਯੋਗ ਨਹੀਂ, ਇਹ ਤੁਰੰਤ ਰੁਕਣੀ ਚਾਹੀਦੀ ਹੈ, ਤਾਂ ਕਿ ਹਰ ਭਾਰਤੀ ਨਾਗਰਿਕ ਜੰਮੂ-ਕਸ਼ਮੀਰ ਵਿੱਚ ਖੁੱਲ੍ਹੇ ਦਿਲ ਨਾਲ ਆ-ਜਾ ਸਕੇ, ਕਿਉਂਕਿ ਇਹ ਭਾਰਤ ਦਾ ਅਟੁੱਟ ਹਿੱਸਾ ਹੈ। ਉਨ੍ਹਾਂ ਨੇ ਇਹ ਵੀ ਜੋੜਿਆ ਕਿ ਸਰਹੱਦਾਂ 'ਤੇ ਅਮਨ ਹੋਣ ਨਾਲ ਪੰਜਾਬ ਵਿੱਚ ਵੀ ਅਮਨ ਆਵੇਗਾ, ਜੋ ਪਾਕਿਸਤਾਨ ਨਾਲ ਲੰਮੀ ਸਰਹੱਦ ਸਾਂਝੀ ਕਰਦਾ ਹੈ।
ਉਨ੍ਹਾਂ ਨੇ ਕਿਹਾ, "ਅਮਨ ਹੋਣ 'ਤੇ ਸਰਹੱਦ ਵਪਾਰ ਅਤੇ ਕਾਰੋਬਾਰ ਲਈ ਖੁਲ੍ਹ ਜਾਵੇ, ਤਾਂ ਪੰਜਾਬ ਤੋਂ ਤਾਜ਼ਾ ਸਬਜ਼ੀਆਂ ਆਦਿ ਪਾਕਿਸਤਾਨ ਨਿਰਯਾਤ ਹੋ ਸਕਣ ਅਤੇ ਹੋਰ ਸਮਾਨ ਵਾਪਸ ਆ ਸਕੇ।"