ਐੱਨ.ਸੀ.ਸੀ. ਕੈਡਿਟਾਂ ਨੂੰ ਸੰਕਟ ਪ੍ਰਬੰਧਨ ਦੀ ਸਿਖਲਾਈ ਦਿੱਤੀ
ਰੋਹਿਤ ਗੁਪਤਾ
ਦੀਨਾਨਗਰ/ਗੁਰਦਾਸਪੁਰ, 7 ਮਈ - ਭਾਰਤ-ਪਾਕਿਸਤਾਨ ਦਰਮਿਆਨ ਬਣੇ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਸਿਵਲ ਡਿਫੈਂਸ ਤਹਿਤ ਅੱਜ ਸੀ.ਐੱਚ.ਸੀ. ਸਿੰਗੋਵਾਲ, ਦੀਨਾਨਗਰ ਵਿਖੇ ਐੱਨ.ਸੀ.ਸੀ. ਕੈਡਿਟਾਂ ਦੀ ਸੰਕਟ ਪ੍ਰਬੰਧਨ ਸਿਖਲਾਈ ਕਰਵਾਈ ਗਈ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ ਦੀਆਂ ਹਦਾਇਤਾਂ ਅਤੇ ਐੱਸ.ਡੀ.ਐੱਮ. ਦੀਨਾਨਗਰ ਸ੍ਰੀ ਜਸਪਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਐੱਨ.ਸੀ.ਸੀ. ਕੈਡਿਟਾਂ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਇਹ ਸਿਖਲਾਈ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਦੀਨਾਨਗਰ ਸ. ਜਸਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੌਜੂਦਾ ਹਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਵਲ ਡਿਫੈਂਸ ਤਹਿਤ ਐੱਨ.ਸੀ.ਸੀ. ਕੈਡਿਟਾਂ ਨੂੰ ਇਹ ਸੰਕਟ ਪ੍ਰਬੰਧਨ ਸਿਖਲਾਈ ਦਿੱਤੀ ਗਈ ਹੈ, ਜਿਸ ਵਿੱਚ ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਅਤੇ ਐੱਸ.ਐੱਮ.ਓ. ਸੀ.ਐੱਚ.ਸੀ. ਸਿੰਗੋਵਾਲ, ਦੀਨਾਨਗਰ ਦੀ ਦੇਖ-ਰੇਖ ਹੇਠ ਡਾ ਮੋਹਿਤ, ਡਾ. ਸੁਸ਼ੀਲ ਦੁਆਰਾ ਐੱਨ.ਸੀ.ਸੀ. ਕੈਡਿਟਾਂ ਨੂੰ ਸੀ.ਪੀ.ਆਰ ਲਈ ਐਮਰਜੈਂਸੀ ਪ੍ਰਬੰਧਨ ਸਿਖਲਾਈ ਆਫ਼ਤ ਪ੍ਰਬੰਧਨ ਅਤੇ ਡਾ. ਸੁਖਵਿੰਦਰ ਸਿੰਘ ਦੁਆਰਾ ਮੈਕਸੀਲੋਫੇਸ਼ੀਅਲ ਟਰੌਮਾ ਬਾਰੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਕੈਡਿਟਾਂ ਵੱਲੋਂ ਇਸ ਸਿਖਲਾਈ ਨੂੰ ਧਿਆਨਪੂਰਵਕ ਕੀਤਾ ਗਿਆ ਹੈ।