ਸ਼ਿਵ ਕੁਮਾਰ ਬਟਾਲਵੀ ਜੀ ਦੀ 52ਵੀਂ ਬਰਸੀ ਨੂੰ ਸਮਰਪਿਤ ਰਾਜ ਪੱਧਰੀ ਕਵੀ ਦਰਬਾਰ
ਬਿਰਹਾ ਦੇ ਸੁਲਤਾਨ ਸ਼ਿਵ ਬਟਾਲਵੀ ਨੇ ਆਪਣੀ ਸ਼ਾਇਰੀ ਨਾਲ ਬਟਾਲਾ ਸ਼ਹਿਰ ਦਾ ਨਾਮ ਪੁਰੀ ਦੁਨੀਆਂ ਵਿੱਚ ਰੋਸ਼ਨ ਕੀਤਾ
ਰੋਹਿਤ ਗੁਪਤਾ
ਬਟਾਲਾ, 7 ਮਈ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ ਵੱਲੋਂ ਪੰਜਾਬੀ ਦੇ ਮਹਾਨ ਸ਼ਾਇਰ, ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਦੀ 52 ਵੀਂ ਬਰਸੀ ਦੇ ਮੌਕੇ ਉੱਤੇ ਇਕ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਅਰਜਨ ਸਿੰਘ ਗਰੇਵਾਲ ਤਹਿਸੀਲਦਾਰ, ਵਿਧਇਕ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ ਅਤੇ ਹੋਰ ਪਤਵੰਤਿਆਂ ਵਲੋਂ ਸ਼ਿਵ ਕੁਮਾਰ ਦੇ ਬੁੱਤ ਨੂੰ ਫੁੱਲ ਅਰਪਣ ਕਰਕੇ ਅਤੇ ਸ਼ਮਾ ਰੋਸ਼ਨ ਕਰਕੇ ਕੀਤੀ ਗਈ।
ਸੁਸਾਇਟੀ ਦੇ ਪ੍ਰਧਾਨ ਅਤੇ ਉੱਘੇ ਕਵੀ ਡਾ. ਰਵਿੰਦਰ ਨੇ ਸ਼ਿਵ ਕੁਮਰ ਦੇ ਜੀਵਨ ਅਤੇ ਉਸ ਦੀ ਸ਼ਾਇਰੀ ਬਾਰੇ ਬੜੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਉਸ ਦੀ ਯਾਦ ਵਿੱਚ ਉਸਾਰੇ ਗਏ ਆਡੀਟੋਰੀਅਮ ਬਾਰੇ ਵੀ ਚਾਨਣਾ ਪਾਇਆ।
ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੋਂ ਜਰੂਰੀ ਰੁਝੇਵੇ ਕਾਰਨ ਚੰਡੀਗੜ੍ਹ ਵਿਖੇ ਸਨ ਵਲੋਂ ਫੋਨ ’ਤੇ ਸ਼ਿਵ ਕੁਮਾਰ ਬਟਾਲਵੀ ਜੀ ਦੀ 52ਵੀਂ ਬਰਸੀ ਤੇ ਸ਼ਰਧਾ ਭੇਂਟ ਕਰਦਿਆਂ ਕਿਹਾ ਕਿ ਸ਼ਿਵ ਬਟਾਲਵੀ, ਬਟਾਲਾ ਸ਼ਹਿਰ ਦਾ ਮਾਣ ਹਨ, ਜਿਨਾਂ ਆਪਣੀ ਕਲਾ ਦਾ ਲੋਹਾ ਸਾਰੀ ਦੁਨੀਆਂ ਵਿੱਚ ਮਨਵਾਇਆ। ਉਨਾਂ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਸ਼ਾਇਰੀ ਰਾਹੀਂ ਬਟਾਲਾ ਸ਼ਹਿਰ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਅਤੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਅਜਿਹੀਆਂ ਖੂਬਸੂਰਤ ਰਚਨਾਵਾਂ ਪਾਈਆਂ ਹਨ ਜੋ ਰਹਿੰਦੀ ਦੁਨੀਆਂ ਤੱਕ ਉਸ ਨੂੰ ਲੋਕ ਮਨਾਂ ਵਿੱਚ ਜ਼ਿੰਦਾ ਰੱਖਣਗੀਆਂ।
ਉਨਾਂ ਅੱਗੇ ਕਿਹਾ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਅੰਦਰ ਸੈਰ ਸਪਾਟਾ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ ਅਤੇ ਸੂਬੇ ਅੰਦਰ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਦੇ ਸਰਬਪੱਖੀ ਵਿਕਾਸ ਲਈ ਕਾਰਜ ਕਰਵਾਏ ਜਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਵਿਰਾਸਤ ਨਾਲ ਜੋੜਿਆ ਜਾਵੇ ਅਤੇ ਬਟਾਲਾ ਸ਼ਹਿਰ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਤੇ ਪ੍ਰਫੁੱਲਿਤ ਕਰਨ ਲਈ ਉਹ ਵਚਨਬੱਧ ਹਨ ਅਤੇ ਇਸ ਬਾਬਤ ਯਤਨ ਜਾਰੀ ਹਨ।
ਕਵੀ ਦਰਬਾਰ ਵਿੱਚ ਪੰਜਾਬ ਭਰ ਤੋਂ ਆਏ ਉੱਘੇ ਕਵੀਆਂ ਅਤੇ ਸਥਾਨਕ ਸ਼ਾਇਰਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਉੱਤੇ ਮਲਵਿੰਦਰ, ਅਰਤਿੰਦਰ ਸੰਧੂ, ਵਿਸ਼ਾਲ ਬਿਆਸ, ਸਰਬਜੀਤ ਸੰਧੂ, ਹਰਮੀਤ ਆਰਟਿਸਟ, ਡਾ. ਵਿਕਰਮ, ਬਖਤਾਵਰ ਸਿੰਘ, ਕੰਵਲਜੀਤ ਭੁੱਲਰ, ਜਸਵੰਤ ਧਾਪ, ਅਜੀਤ ਕਮਲ, ਸੁਲਤਾਨ ਭਾਰਤੀ, ਵਿਜੇ ਅਗਨੀਹੋਤਰੀ, ਰਮੇਸ਼ ਜਾਨੂੰ, ਰਘਬੀਰ ਸਿੰਘ ਸੋਹਲ, ਡਾ. ਜਸਮੀਨ, ਵਿਨੋਦ ਸ਼ਾਇਰ, ਜਗਨ ਨਾਥ ਉਦੋਕੇ, ਪਰਮਜੀਤ ਸਿੰਘ ਛੋਟੇ ਘੁੰਮਣ, ਜਸਵੰਤ ਹਾਂਸ, ਧਰਮਿੰਦਰ ਔਲਖ, ਅਤਰ ਸਿੰਘ , ਧਰਮਿੰਦਰ ਸਿੰਘ , ਗੁਰਪ੍ਰੀਤ ਸਿੰਘ, ਓਮ ਪ੍ਰਕਾਸ਼ ਭਗਤ, ਪ੍ਰਿਆਸ਼ੂ, ਅਰਸ਼ਦੀਪ ਸਿੰਘ ਸੁਲਤਾਨਪੁਰ ਲੋਧੀ, ਜੋਗਿੰਦਰਪਾਲ ਅਤੇ ਹੀਰਾ ਸਿੰਘ ਨੇ ਹਿੱਸਾ ਲਿਆ।
ਕਵੀ ਦਰਬਾਰ ਦਾ ਸੰਚਾਲਨ ਡਾ. ਰਵਿੰਦਰ ਨੇ ਹਰ ਕਵੀ ਦਾ ਸਾਹਿਤਕ ਯੋਗਦਾਨ ਦੱਸ ਕੇ ਬੜੇ ਨਿਵੇਕਲੇ ਅੰਦਾਜ਼ ਵਿੱਚ ਕੀਤਾ। ਸਮਾਗਮ ਵਿੱਚ ਤ੍ਰੈ ਮਾਸਿਕ ਮੰਤਵ, ਤ੍ਰੈ ਮਾਸਿਕ ਅੱਖਰ, ਅਕੁੰਰ ਪ੍ਰੈਸ ਵਲੋਂ ਪੰਜਾਬੀ ਲਿੱਪੀ ਦਾ ਸ਼ਾਨਦਾਰ ਕੈਲੰਡਰ ਅਤੇ ਬਲਬੀਰ ਸਿੰਘ ਕਲਸੀ ਵੱਲੋਂ ਸ਼ਿਵ ਕੁਮਾਰ ਦੀ ਤਸਵੀਰ ਅੰਮ੍ਰਿਤ ਕਲਸੀ ਨੂੰ ਭੇਂਟ ਕੀਤੀ।
ਸਮਾਗਮ ਵਿੱਚ ਡਾ. ਸਤਨਾਮ ਸਿੰਘ ਨਿੱਜਰ, ਰਜਿੰਦਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਸ਼ਾਹ, ਦੇਵਿੰਦਰ ਦੀਦਾਰ, ਪੂਰਨ ਪਿਆਸਾ, ਹਨੀ ਚੌਹਾਨ, ਭਾਰਤ ਭੂਸ਼ਨ, ਜੋਗਿੰਦਰ ਸਿੰਘ ਸਹਾਰਾ ਕਲੱਬ, ਜਤਿੰਦਰ ਕੱਦ, ਹਰਪ੍ਰੀਤ ਸਿੰਘ, ਉਮ ਪ੍ਰਕਾਸ਼ ਬੇਰਿੰਗ ਕਾਲਜ, ਸੁਪਰਡੈਂਟ ਸੁੰਦਰ ਸ਼ਰਮਾ, ਸੁਖਦੇਵ ਸਿੰਘ ਰਾਜਵਿੰਦਰ ਸਿੰਘ ਅਤੇ ਡੀ.ਪੀ.ਆਰ.ਓ ਹਰਜਿੰਦਰ ਸਿੰਘ ਕਲਸੀ ਸ਼ਾਮਿਲ ਸਨ। ਸਮਾਗਮ ਦੇ ਆਰੰਭ ਵਿੱਚ ਪਰਮਜੀਤ ਪਾਇਲ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਸ਼ਿਵ ਕੁਮਾਰ ਦੀ ਗਜ਼ਲ ਸੁਣਾ ਕੇ ਮਾਹੋਲ ਨੂੰ ਬਹੁਤ ਭਾਵੁਕ ਬਣਾ ਦਿੱਤਾ।
ਸਮਾਗਮ ਦੇ ਅੰਤ ਵਿਚ ਉੱਘੇ ਲੇਖਕ ਅਤੇ ਵਿਦਵਾਨ ਡਾ.ਅਨੂਪ ਸਿੰਘ ਨੇ ਪੂਰੇ ਕਵੀ ਦਰਬਾਰ ਦਾ ਧੰਨਵਾਦ ਕੀਤਾ ਅਤੇ ਇਸ ਦੀ ਸਫਲਤਾ ਲਈ ਪ੍ਰਬੰਧਕਾਂ ਦੇ ਯਤਨਾ ਨੂੰ ਸਲਾਹਿਆ।