Canada ਦੇ ਨਾਮੀ NRI ਦੇ ਪਰਿਵਾਰ ਨਾਲ ਪਾਵਰ ਕਾਰਪੋਰੇਸ਼ਨ ਦਾ ਮਜ਼ਾਕ ਵੀ ਤੇ ਧੱਕਾ ਵੀ
ਭਗਵੰਤ ਮਾਨ ਨੂੰ ਪੱਤਰ ਲਿਖ ਜਾਂਚ ਦੀ ਮੰਗ
ਜੰਡਿਆਲਾ, 12 ਜੁਲਾਈ 2025 : ਪੰਜਾਬ ਦੇ ਜੰਡਿਆਲਾ ਗੁਰੂ ਵਿਖੇ ਇੱਕ ਨਾਮੀ NRI ਪਰਿਵਾਰ ਨੇ ਪੰਜਾਬ ਸਰਕਾਰ ਅਤੇ PSPCL ਅਧਿਕਾਰੀਆਂ ਵਿਰੁੱਧ ਗੰਭੀਰ ਇਲਜ਼ਾਮ ਲਗਾਏ ਹਨ। ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ, ਬਿਜਲੀ ਮੰਤਰੀ ਅਤੇ ਸਥਾਨਕ PSPCL ਅਧਿਕਾਰੀਆਂ ਨੂੰ ਖੁੱਲਾ ਪੱਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ।
ਮਾਮਲਾ ਕੀ ਹੈ?
ਪਰਿਵਾਰ ਦਾ ਘਰ ਪਿਛਲੇ 11 ਮਹੀਨਿਆਂ ਤੋਂ ਬੰਦ ਸੀ, ਕਿਉਂਕਿ ਉਹ ਕਨੇਡਾ ਚਲੇ ਗਏ ਸਨ। ਪਰਿਵਾਰ ਦੇ ਮੁਤਾਬਕ, ਘਰ ਬੰਦ ਹੋਣ ਦੇ ਬਾਵਜੂਦ PSPCL ਵਲੋਂ ਉਨ੍ਹਾਂ ਨੂੰ ₹33,500 ਦਾ ਬਿਜਲੀ ਬਿੱਲ ਭੇਜਿਆ ਗਿਆ। ਵਾਪਸੀ 'ਤੇ ਘਰ ਦੀ ਬਿਜਲੀ ਵੀ ਬੰਦ ਮਿਲੀ, ਜਿਸ ਨਾਲ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਮੀਟਰ 'ਤੇ ਕਿਸੇ ਹੋਰ ਵੱਲੋਂ 'ਕੁੰਡੀ ਕੁਨੈਕਸ਼ਨ' ਚਲਾਇਆ ਗਿਆ।
ਪਰਿਵਾਰ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਘਟਨਾ ਉਨ੍ਹਾਂ ਨਾਲ ਪਹਿਲਾਂ ਵੀ ਹੋ ਚੁੱਕੀ ਹੈ ਅਤੇ ਉਸ ਸਮੇਂ ਵੀ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਪੱਤਰ ਵਿੱਚ ਕੀ ਮੰਗ ਕੀਤੀ ਗਈ?
ਪਰਿਵਾਰ ਨੇ ਮੰਗ ਕੀਤੀ ਕਿ ਘਟਨਾ ਦੀ ਪੂਰੀ ਜਾਂਚ ਕਰਵਾਈ ਜਾਵੇ। ਜਿੰਨ੍ਹਾਂ ਅਧਿਕਾਰੀਆਂ ਜਾਂ ਹੋਰ ਲੋਕਾਂ ਨੇ ਇਹ ਗਲਤ ਕੰਮ ਕੀਤਾ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਹੋਵੇ। ਪੰਜਾਬ ਸਰਕਾਰ ਵੱਲੋਂ NRI ਪਰਿਵਾਰਾਂ ਦੀ ਜਾਨ-ਮਾਲ ਦੀ ਰਾਖੀ ਦੇ ਦਾਅਵੇ ਨੂੰ ਹਕੀਕਤ ਵਿੱਚ ਲਿਆਂਦਾ ਜਾਵੇ।
ਕੀ PSPCL ਜਾਂ ਪੰਜਾਬ ਸਰਕਾਰ ਕਿਸੇ ਵੀ ਐਨ ਆਰ ਆਈ ਦੇ ਬੰਦ ਘਰ 'ਤੇ ਆਏ ਵੱਡੇ ਬਿੱਲ ਦੀ ਜਾਂਚ ਕਰੇਗੀ?
ਕੀ ਅਧਿਕਾਰੀ 'ਕੁੰਡੀ ਕੁਨੈਕਸ਼ਨ' ਜਾਂ ਹੋਰ ਬਿਜਲੀ ਚੋਰੀ ਨੂੰ ਰੋਕਣ ਲਈ ਜ਼ਿੰਮੇਵਾਰ ਹਨ?