ਸਮਾਧ ਭਾਈ ਦੀ ਸੰਗਤ ਵੱਲੋ ਧੰਨ ਧੰਨ ਬਾਬਾ ਭਾਈ ਰੂਪ ਚੰਦ ਦੀ ਬਰਸੀ ਫਰਿਜਨੋ ਵਿਖੇ ਧੂਮਧਾਮ ਨਾਲ ਮਨਾਈ ਗਈ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜਨੋ (ਕੈਲੀਫੋਰਨੀਆਂ), 14 ਜੁਲਾਈ 2025-ਨਿਊ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਅਤੇ ਡਾ. ਮਲਕੀਤ ਸਿੰਘ ਕਿੰਗਰਾ, ਸ. ਸੁਖਦੇਵ ਸਿੰਘ ਸ਼ਾਨੇ ਪੰਜਾਬ ਅਤੇ ਸਮੂੰਹ ਪਿੰਡ ਸਮਾਧ ਭਾਈ(ਮੋਗਾ) ਦੀ ਸੰਗਤ ਵੱਲੋ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵਰੋਸਾਏ ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ ਦੀ ਦੂਸਰੀ ਬਰਸੀ ਫਰਿਜ਼ਨੋ ਦੇ ਗੁਰਦੁਆਰਾ ਨਾਨਕਸਰ ਕਰਨੀਲੀਆ ਐਵੇਨਿਊ ਫਰਿਜ਼ਨੋ ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਮਨਾਈ ਗਈ। ਭਾਈ ਰੂਪ ਚੰਦ ਜੀ, ਜਿੰਨਾ ਨੇ ਛੇਵੀਂ ਪਾਤਸ਼ਾਹੀ ਤੋ ਲੈ ਕਿ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਤੱਕ ਖ਼ਾਲਸਾ ਪੰਥ ਦੀ ਨਿਸ਼ਕਾਮ ਸੇਵਾ ਕੀਤੀ। ਉਹਨਾਂ ਦੀ ਬਰਸੀ ਨੂੰ ਮੁੱਖ ਰੱਖਕੇ 11 ਜੁਲਾਈ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਏ, ‘ਤੇ 13 ਜੁਲਾਈ 2025 ਦਿਨ ਐਤਵਾਰ ਨੂੰ ਅਖੰਡ ਪਾਠ ਸਹਿਬ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦਰਬਾਰ ਅਤੇ ਗੁਰਮਤਿ ਵਿਚਾਰਾਂ ਹੋਈਆ। । ਇਸ ਮੌਕੇ ਬੋਲਦਿਆਂ ਮਲਕੀਤ ਸਿੰਘ ਕਿੰਗਰਾ ਸਾਰੀ ਸੰਗਤ ਨੂੰ ਪ੍ਰਗ੍ਹਾਮ ਦੀ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਆਪਣੀ ਵਿਦੇਸ਼ ਵਿੱਚ ਜੰਮ-ਪਲ ਪੀੜ੍ਹੀ ਨੂੰ ਗੁਰਮਤਿ ਅਤੇ ਪਿੰਡ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਬਹੁਤ ਵਧੀਆ ਉਪਰਾਲਾ ਹੈ। ਇਸ ਮੌਕੇ ਢਾਡੀ ਸੰਦੀਪ ਸਿੰਘ ਲੁਹਾਰਾ ਨੇ ਗੁਰੂ ਜਸ ਸਰਵਣ ਕਰਵਾਇਆ ਅਤੇ ਭਾਈ ਰੂਪ ਚੰਦ ਦੇ ਜੀਵਨ ਤੇ ਪੰਛੀ ਝਾਤ ਪਵਾਈ। ਇਸ ਮੌਕੇ ਢਾਡੀ ਸੰਦੀਪ ਸਿੰਘ ਲੁਹਾਰਾ ਦੇ ਬੇਟੇ ਅੰਗਦ ਸਿੰਘ ਨੇ ਵੀ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤੀ। ਕਵੀਸ਼ਰ ਮਨਜੀਤ ਸਿੰਘ ਪੱਤੜ ਤੇ ਸਾਥੀਆਂ ਨੇ ਕਵੀਸ਼ਰੀ ਨਾਲ ਸੰਗਤ ਨਾਲ ਸਾਂਝ ਪਾਈ। ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ । ਇਸ ਮੌਕੇ ਸਰਪੰਚ ਅੰਗ੍ਰੇਜ਼ ਸਿੰਘ ਸੰਧੂ ਉਚੇਚੇ ਤੌਰ ਤੇ ਓਹਾਇਓ ਸਟੇਟ ਤੋਂ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ। ਇਸ ਸਮੇਂ ਭਾਈ ਰੂਪ ਚੰਦ ਨੂੰ ਸਮਰਪਿਤ ਇੱਕ ਸੋਵੀਅਨਰ ਵੀ ਕੱਢਿਆ ਗਿਆ। ਇਸ ਸਮੇਂ ਢਾਡੀ ਸੰਨਦੀਪ ਸਿੰਘ ਲੁਹਾਰਾ ਅਤੇ ਜਥੇ ਨੂੰ ਸਿਰੋਪਾ ਦੇਕੇ ਸਨਮਾਨਿਤ ਵੀ ਕੀਤਾ ਗਿਆ।