ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਵੱਲੋਂ “ਰੂ-ਬ-ਰੂ” ਸਮਾਗਮ ਅਤੇ “ਆਪਣੀ ਆਵਾਜ਼” ਰਿਸਾਲਾ ਰਿਲੀਜ਼
ਫਗਵਾੜਾ, ( ) 14 ਜੁਲਾਈ 2025 - ਸਾਹਿਤ ਦੇ ਅਸਲ ਸ੍ਰੋਤ ਸਾਹਿਤਕਾਰਾਂ ਦੇ ਨਿੱਜੀ ਜੀਵਨ ਦੀਆਂ ਤਲਖ਼ੀਆਂ, ਹਾਸੇ-ਰੋਣੇ,ਹੱਡ-ਬੀਤੀਆਂ, ਤਜਰਬੇ, ਔਕੜਾਂ, ਸੰਘਰਸ਼ਾਂ ਨੂੰ ਜਾਣਨ-ਮਾਣਨ ਅਤੇ ਉਹਨਾਂ ਨੂੰ ਸਨਮਾਨਤ ਕਰਨ ਦੀ ਪਰੰਪਰਾ ਨਿਭਾਉਂਦਿਆਂ, ਸਕੇਪ ਸਾਹਿਤਕ ਸੰਸਥਾ (ਰਜਿ.) ਫਗਵਾੜਾ ਵੱਲੋਂ ਬਲੱਡ ਬੈਂਕ ਹਾਲ, ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ ਪ੍ਰਸਿੱਧ ਗੀਤਕਾਰ ਅਤੇ ਸ਼ਾਇਰ ਸ਼ਾਮ ਸਰਗੂੰਦੀ ਅਤੇ ਕਵੀ ਤੇ ਕਹਾਣੀਕਾਰ ਅਸ਼ੋਕ ਟਾਂਡੀ ਨਾਲ ਇੱਕ ਵਿਸ਼ੇਸ਼ “ਰੂ-ਬ-ਰੂ” ਸਮਾਗਮ ਕਰਵਾਇਆ ਗਿਆ ਅਤੇ ਪੰਜਾਬੀ ਰਿਸਾਲਾ “ਆਪਣੀ ਆਵਾਜ਼” ਵੀ ਰਿਲੀਜ਼ ਕੀਤਾ ਗਿਆ।
ਪ੍ਰਧਾਨਗੀ ਮੰਡਲ ਵਿੱਚ ਸੁਰਿੰਦਰ ਸਿੰਘ ਸੁੰਨੜ ਮੁੱਖ ਸੰਪਦਾਕ “ਆਪਣੀ ਆਵਾਜ਼”, ਕ੍ਰਾਤੀਕਾਰੀ ਕਵੀ ਸੰਤ ਸੰਧੂ,ਅਸ਼ੋਕ ਟਾਂਡੀ, ਸ਼ਾਮ ਸਰਗੂੰਦੀ, ਚੇਤਨ ਸਿੰਘ ਸਾਬਕਾ ਡਾਇਰੈਕਟਰ, ਸੰਸਥਾ ਪ੍ਰਧਾਨ ਰਵਿੰਦਰ ਚੋਟ,ਸੰਸਥਾ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ, ਡਾ. ਰਾਮ ਮੂਰਤੀ ਸ਼ਾਮਲ ਸਨ। ਇਹ ਸਮਾਰੋਹ ਸਾਹਿਤਕਾਰ ਸ਼ਾਮ ਸਰਗੂੰਦੀ ਅਤੇ ਅਸ਼ੋਕ ਟਾਂਡੀ ਨੂੰ ਸਮਰਪਿਤ ਸੀ, ਜਿਹਨਾਂ ਨੇ ਸਿਰਫ਼ ਰਚਨਾਵਾਂ ਹੀ ਨਹੀਂ, ਰਚਨਾਤਮਕ ਜੀਵਨ ਦੇ ਭਾਵੁਕ ਕਰ ਦੇਣ ਵਾਲੇ ਪਲ ਵੀ ਹਾਜ਼ਰੀਨ ਨਾਲ ਸਾਂਝੇ ਕੀਤੇ।
ਅਸ਼ੋਕ ਟਾਂਡੀ ਅਤੇ ਸ਼ਾਮ ਸਰਗੂੰਦੀ ਦੋਹਾਂ ਸਾਹਿਤਕਾਰਾਂ ਦੇ ਆਪਣੇ ਅਨੁਭਵ ਸਾਂਝੇ ਕਰਦਿਆਂ ਭਾਵੁਕ ਹੋ ਕੇ ਗੱਚ ਭਰ ਗਏ, ਤਾਂ ਹਾਲ ਵਿੱਚ ਮੌਜੂਦ ਹਰ ਦਿਲ ਨੇ ਉਹਨਾਂ ਦੇ ਦਰਦ ਨੂੰ ਮਹਿਸੂਸ ਕੀਤਾ।ਸ਼ਾਮ ਸਰਗੂੰਦੀ ਦੀ ਆਵਾਜ਼ ਦੀ ਕੰਪਨ ਨੇ ਹਾਲ 'ਚ ਮੌਜੂਦ ਹਰ ਇੱਕ ਮਨ ਨੂੰ ਝੰਜੋੜ ਕੇ ਰੱਖ ਦਿੱਤਾ।
ਅਸ਼ੋਕ ਟਾਂਡੀ ਨੇ ਦੱਸਿਆ ਕਿ ਦਰਅਸਲ ਇਕਲਾਪੇ ਨੇ ਹੀ ਉਹਨਾਂ ਨੂੰ ਸ਼ਾਇਰ ਬਣਾ ਦਿੱਤਾ।ਇਕੱਲਤਾ ਹੰਢਾਉਂਦਿਆਂ ਉਹਨਾਂ ਕਲਮ ਨੂੰ ਆਪਣੀ ਆਵਾਜ਼ ਬਣਾ ਲਿਆ ਅਤੇ ਕਲਮ ਨੇ ਉਹਨਾਂ ਨੂੰ ਬੋਲਣਾ ਸਿਖਾ ਦਿੱਤਾ।ਦੋਵਾਂ ਸਾਹਿਤਕਾਰਾਂ ਨੇ ਆਪਣੇ ਨਿੱਜੀ ਜੀਵਨ ਦੀਆਂ ਹੱਡ-ਬੀਤੀਆਂ ਬੇਬਾਕੀ ਨਾਲ ਸਾਂਝੀਆਂ ਕੀਤੀਆਂ।
ਪ੍ਰਿ: ਗੁਰਮੀਤ ਸਿੰਘ ਪਲਾਹੀ ਨੇ ਸੰਬੋਧਤ ਹੁੰਦਿਆਂ ਕਿਹਾ ਕਿ ਅੱਜ ਪੰਜਾਬ ਦੀ ਸਿਆਸਤ ‘ਚ ਖਲਾਅ ਹੈ। ਇਹੋ ਖਿਲਾਅ ਪੰਜਾਬੀ ਸਾਹਿੱਤ ਵਿੱਚ ਹੈ। ਜਿਸ ਨੂੰ ਭਰਨ ਲਈ ਬੁਧੀਜੀਵੀਆਂ, ਲੇਖਕਾਂ ਨੂੰ ਅੱਗੇ ਆਉਣਾ ਪਵੇਗਾ। ਚੰਗਾ ਸਾਹਿਤ ਹੀ ਇਹ ਖਿਲਾਅ ਭਰ ਸਕਦਾ ਹੈ। ਇਸ ਮੌਕੇ ਪ੍ਰਿੰ.ਗੁਰਮੀਤ ਸਿੰਘ ਪਲਾਹੀ ਵੱਲੋਂ ਰਿਸਾਲਾ “ਆਪਣੀ ਆਵਾਜ਼” ਵੀ ਰਿਲੀਜ਼ ਕੀਤਾ ਗਿਆ।ਸਮਾਰੋਹ ਦੌਰਾਨ ਸੰਤ ਸੰਧੂ, ਅਸ਼ੋਕ ਟਾਂਡੀ, ਸ਼ਾਮ ਸਰਗੂੰਦੀ, ਚੇਤਨ ਸਿੰਘ ਅਤੇ ਡਾ. ਰਾਮ ਮੂਰਤੀ ਨੂੰ ਸਕੇਪ ਸਾਹਿਤਕ ਸੰਸਥਾ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।ਸੰਤ ਸੰਧੂ ਅਤੇ ਡਾ. ਰਾਮ ਮੂਰਤੀ ਵੱਲੋਂ ਯਥਾਰਥਕ ਵਿਸ਼ਿਆਂ 'ਤੇ ਲਿਖੀਆਂ ਦਿਲ ਨੂੰ ਟੁੰਬ ਲੈਣ ਵਾਲੀਆਂ ਕਵਿਤਾਵਾਂ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ ਗਈਆਂ।ਸੰਤ ਸੰਧੂ ਨੇ ਕਵਿਤਾ "ਮੈਥੋਂ ਪੁੱਛ ਨਾ ਹਾਲ ਪੰਜਾਬ ਦਾ" ਰਾਹੀਂ ਪੰਜਾਬ ਦਾ ਦਰਦ ਅਤੇ ਪੰਜਾਬ ਦੇ ਹਲਾਤਾਂ ਦੀ ਹਕੀਕਤ ਦਾ ਚਿੱਤਰ ਸਾਂਝਾ ਕੀਤਾ।ਉਹਨਾਂ ਦੀ ਕਵਿਤਾ ਪੰਜਾਬ ਦੀ ਆਤਮਿਕ, ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਹਾਲਤ 'ਤੇ ਇਕ ਸਟੀਕ ਤੇ ਯਥਾਰਥਕ ਟਿੱਪਣੀ ਕਹਿ ਸਕਦੇ ਹਾਂ।
ਡਾ. ਰਾਮ ਮੂਰਤੀ ਵੱਲੋਂ ਪੜ੍ਹੀ ਗਈ ਕਵਿਤਾ "ਮੈਨੂੰ ਸ਼ਰਮ ਆਉਂਦੀ ਹੈ" ਨੇ ਹਾਲ 'ਚ ਇੱਕ ਖਾਮੋਸ਼ੀ ਅਤੇ ਦਰਦ ਭਰ ਦਿੱਤਾ।ਇਹ ਕਵਿਤਾ ਨਿਰੀ ਲਫ਼ਜ਼ਾਂ ਦੀ ਕਲਾ ਨਾ ਹੋ ਕੇ ਜ਼ਮੀਰ ਦੀ ਗੂੰਜ ਸੀ,ਜਿਸ ਵਿੱਚ ਅਧਿਆਪਕਾਂ ਦੀ ਵਿਅਕਤੀਗਤ ਚਮਕ ਅਤੇ ਬੱਚਿਆਂ ਦੀ ਸਮਾਜਿਕ ਹਕੀਕਤ ਦਰਮਿਆਨ, ਇਕ ਆਰਥਿਕ ਅਸਮਾਨਤਾ ਭਰੀ ਖਿੱਚੀ ਲਕੀਰ ਦਾ ਚਿਤਰਨ ਸੀ।ਅਧਿਆਪਕ ਵਰਗ ਦੀ ਦੋਹਰੀ ਸੱਚਾਈ, ਸਮਾਜਿਕ ਵਿਅੰਗ ਅਤੇ ਵਿਦਿਆਰਥੀਆਂ ਦੀ ਹਕੀਕਤ ਨੂੰ ਬੇਨਕਾਬ ਕਰਦੀ ਇਸ ਕਵਿਤਾ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ।ਸਮਾਗਮ ਦੌਰਾਨ ਡਾ. ਰਾਮ ਮੂਰਤੀ ਨੇ ਸਕੇਪ ਦੀ ਕਾਰਗੁਜ਼ਾਰੀ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਕੇਪ ਉਹ ਸੰਘਰਸ਼ੀਲ ਸੋਚ ਹੈ, ਜੋ ਹਾਸ਼ੀਏ 'ਤੇ ਖੜ੍ਹੇ ਲੋਕਾਂ ਨੂੰ ਮੱਧ ਵਿੱਚ ਲਿਆਉਂਦੀ ਹੈ। ਸਕੇਪ ਉਹ ਸੰਸਥਾ ਹੈ ਜੋ ਅਣਗੌਲ਼ਿਆਂ ਨੂੰ ਗੌਲ਼ਦੀ ਹੈ।ਸਕੇਪ ਦੀ ਅਸਲ ਪਹਿਚਾਣ ਹੀ ਗੁੰਮ ਆਵਾਜ਼ਾਂ ਨੂੰ ਆਪਣੀ ਆਵਾਜ਼ ਦੇਣਾ ਹੈ।
ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਸਰੋਤਿਆਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਸਾਹਿਤਕਾਰ ਉਹ ਸਮਾਜ ਦੀ ਅੱਖ ਹੁੰਦੇ ਹਨ। ਜਿਵੇਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੋਵੇ ਤਾਂ ਰੋਂਦੀ ਸਿਰਫ਼ ਅੱਖ ਹੀ ਹੈ, ਉਸੇ ਤਰ੍ਹਾਂ ਜਦ ਸਮਾਜ ਦੇ ਕਿਸੇ ਵੀ ਵਰਗ, ਫਿਰਕੇ ਜਾਂ ਜਾਤ-ਧਰਮ ਦੇ ਲੋਕਾਂ ਨੂੰ ਤਕਲੀਫ਼ ਪਹੁੰਚਦੀ ਹੈ, ਤਾਂ ਉਹ ਦਰਦ ਸਭ ਤੋਂ ਪਹਿਲਾਂ ਸਾਹਿਤਕਾਰ ਮਹਿਸੂਸ ਕਰਦਾ ਹੈ। ਉਹ ਉਸ ਦਰਦ ਨੂੰ ਕਲਮ ਰਾਹੀਂ ਸੰਵੇਦਨਾ ਦੇ ਰੂਪ 'ਚ ਸੰਸਾਰ ਅੱਗੇ ਰੱਖਦਾ ਹੈ।ਸਮਾਜ ਵਿੱਚ ਹੋ ਰਹੀਆਂ ਬੇਇਨਸਾਫ਼ੀਆਂ ਨੂੰ ਸਾਹਿਤਕਾਰ ਹੀ ਜ਼ਾਹਿਰ ਕਰਦੇ ਹਨ।ਸਟੇਜ ਸੰਚਾਲਨ ਪਰਵਿੰਦਰ ਜੀਤ ਸਿੰਘ ਵੱਲੋਂ ਬਾਖ਼ੂਬੀ ਕੀਤਾ ਗਿਆ।ਇਸ ਮੌਕੇ ਐਡਵੋਕੇਟ ਐੱਸ.ਐੱਲ.ਵਿਰਦੀ, ਸ੍ਰੀਮਤੀ ਬੰਸੋ ਦੇਵੀ, ਜਸਵਿੰਦਰ ਫਗਵਾੜਾ, ਬਲਦੇਵ ਰਾਜ ਕੋਮਲ, ਬਲਵੀਰ ਕੌਰ ਬੱਬੂ ਸੈਣੀ, ਭਿੰਡਰ ਪਟਵਾਰੀ, ਅਸ਼ੋਕ ਸ਼ਰਮਾ, ਮਨਦੀਪ ਸਿੰਘ, ਜਸ ਸਰੋਆ, ਦਵਿੰਦਰ ਜੱਸਲ,ਜਰਨੈਲ ਸਿੰਘ ਸਾਖੀ, ਸੁਖਜਿੰਦਰ ਸਿੰਘ ਸੰਘਾ , ਬਲਜੀਤ ਸਿੰਘ ਸੰਘਾ, ਸਿਮਰਤ ਕੌਰ, ਲਸ਼ਕਰ ਢੰਡਵਾੜਵੀ, ਮਾਸਟਰ ਸੁਖਦੇਵ ਸਿੰਘ, ਦਲਜੀਤ ਮਹਿਮੀ, ਗੁਰਮੁਖ ਲੁਹਾਰ,ਰਵਿੰਦਰ ਸਿੰਘ ਰਾਏ,ਕਮਲੇਸ਼ ਸੰਧੂ, ਆਦਿ ਹਾਜ਼ਰ ਸਨ।ਸਕੇਪ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਅਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਆਯੋਜਿਤ ਇਹ ਸਮਾਗਮ ਸਿਰਫ਼ ਇੱਕ ਸਾਹਿਤਕ ਸਨਮਾਨ ਸਮਾਰੋਹ ਨਹੀਂ ਸੀ, ਸਗੋਂ ਉਹਨਾਂ ਲਿਖਾਰੀਆਂ ਦੀ ਜ਼ਿੰਦਗੀ ਦਾ ਜਿਊਂਦਾ ਜਾਗਦਾ ਚਿਤਰਣ ਤੇ ਸ਼ੀਸ਼ਾ ਸੀ, ਜਿਨ੍ਹਾਂ ਨੇ ਆਪਣੀ ਸ਼ਖ਼ਸੀਅਤ ਅਤੇ ਕਲਮ ਰਾਹੀਂ ਸਮਾਜ ਨੂੰ ਰੌਸ਼ਨ ਕੀਤਾ।