ਰਵਨੀਤ ਬਿੱਟੂ ਵੱਲੋਂ ਕਟਰਾ ਤੋਂ ਅੰਮ੍ਰਿਤਸਰ ਲਈ ਨਵੀਂ ਵੰਦੇ ਭਾਰਤ ਟ੍ਰੇਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ
ਚੰਡੀਗੜ੍ਹ, 10 ਅਗਸਤ 2025 - ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ੍ਰੀ ਮਾਤਾ ਵੈਸ਼ਣੋ ਦੇਵੀ ਕਟਰਾ ਅਤੇ ਪਵਿੱਤਰ ਨਗਰੀ ਅੰਮ੍ਰਿਤਸਰ ਵਿਚਕਾਰ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦੀ ਸ਼ੁਰੂਆਤ ਲਈ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਦਾ ਦਿਲੋਂ ਧੰਨਵਾਦ ਕੀਤਾ।
ਇਸ ਨੂੰ ਪੰਜਾਬ ਲਈ ਇੱਕ ਮਹੱਤਵਪੂਰਨ ਉਪਲਬਧੀ ਕਰਾਰ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਹ ਨਵੀਂ ਹਾਈ-ਸਪੀਡ ਟ੍ਰੇਨ ਨਾ ਸਿਰਫ਼ ਸ਼ਰਧਾਲੂਆਂ ਦੀ ਧਾਰਮਿਕ ਯਾਤਰਾ ਨੂੰ ਸੁਗਮ ਬਣਾਏਗੀ, ਸਗੋਂ ਕਟਰਾ ਅਤੇ ਅੰਮ੍ਰਿਤਸਰ ਵਿਚਕਾਰ ਟੂਰਿਜ਼ਮ ਅਤੇ ਵਪਾਰ ਨੂੰ ਵੀ ਵਧਾਏਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵੰਦੇ ਭਾਰਤ ਦੁਆਰਾ ਦਿੱਤਾ ਜਾਣ ਵਾਲਾ ਆਧੁਨਿਕ ਅਤੇ ਆਰਾਮਦਾਇਕ ਯਾਤਰਾ ਅਨੁਭਵ ਇਸ ਖੇਤਰ ਵਿਚ ਆਉਣ-ਜਾਣ ਵਾਲੇ ਯਾਤਰੀਆਂ, ਖਾਸਕਰ ਘਾਟੀ ਵੱਲ ਜਾਣ ਵਾਲਿਆਂ ਨੂੰ ਲਾਭ ਪਹੁੰਚਾਵੇਗਾ। ਨਾਲ ਹੀ ਪਠਾਨਕੋਟ, ਜਲੰਧਰ ਅਤੇ ਬਿਆਸ ਤੋਂ ਸਵਾਰ ਹੋਣ ਵਾਲੇ ਯਾਤਰੀ ਵੀ ਇਸ ਤੋਂ ਲਾਭਾਨਵਿਤ ਹੋਣਗੇ।
ਪੰਜਾਬ ਵਿਚ ਆਉਣ ਵਾਲੀਆਂ ਰੇਲਵੇ ਪਹਲਾਂ ਬਾਰੇ ਚਾਨਣ ਪਾਉਂਦਿਆਂ ਬਿੱਟੂ ਨੇ ਕਿਹਾ ਕਿ ਰਾਜ ਰੇਲਵੇ ਬੁਨਿਆਦੀ ਢਾਂਚੇ ਵਿਚ ਵੱਡੇ ਬਦਲਾਅ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਕਈ ਨਵੀਆਂ ਰੇਲਵੇ ਪਰੋਜੈਕਟਾਂ ਦੀ ਸ਼ੁਰੂਆਤ ਹੋਵੇਗੀ, ਜਿਨ੍ਹਾਂ ਵਿਚ ਨਵੀਆਂ ਰੇਲ ਲਾਈਨਾਂ ਦਾ ਵਿਕਾਸ, ਬਿਹਤਰ ਕਨੈਕਟੀਵਿਟੀ, ਰੋਡ ਓਵਰ ਬ੍ਰਿਜ (ROBs) ਅਤੇ ਰੋਡ ਅੰਡਰ ਬ੍ਰਿਜ (RUBs) ਦਾ ਨਿਰਮਾਣ, ਅਤੇ ਰੇਲਵੇ ਸਟੇਸ਼ਨਾਂ ਦਾ ਰੀਡਿਵੈਲਪਮੈਂਟ ਸ਼ਾਮਲ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਜੋ ਪਰੋਜੈਕਟ ਪਹਿਲਾਂ ਹੀ ਪ੍ਰਗਤੀ ’ਤੇ ਹਨ, ਉਹਨਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ। ਬਿੱਟੂ ਨੇ ਕਿਹਾ, “ਪ੍ਰਧਾਨ ਮੰਤਰੀ ਦਾ ਪੰਜਾਬ ਲਈ ਇੱਕ ਭਵਿੱਖਦ੍ਰਿਸ਼ਟੀ ਵਾਲਾ ਵਿਜ਼ਨ ਹੈ ਅਤੇ ਰਾਜ ਦੇ ਲੋਕਾਂ ਪ੍ਰਤੀ ਉਨ੍ਹਾਂ ਦਾ ਡੂੰਘਾ ਪਿਆਰ, ਚੱਲ ਰਹੀਆਂ ਰੇਲਵੇ ਪਹਲਾਂ ਵਿਚ ਸਾਫ਼-ਸਾਫ਼ ਦਿਸਦਾ ਹੈ।”