ਬਾਰਸ਼ਾਂ ਦੌਰਾਨ ਆਮ ਆਦਮੀ ਲਈ ਜੀਅ ਦਾ ਜੰਜਾਲ ਬਣਿਆ ਮਾਨਸਾ ਰੋਡ ਅੰਡਰਬਰਿੱਜ
ਅਸ਼ੋਕ ਵਰਮਾ
ਬਠਿੰਡਾ, 14 ਜੁਲਾਈ 2025: ਮਾਨਸਾ ਰੋਡ ਤੇ ਬਣਿਆ ਰੇਲਵੇ ਅੰਡਰਬਰਿੱਜ ਮਾਲਵੇ ਦੇ ਲੋਕਾਂ ਲਈ ਜੀਅ ਦਾ ਜੰਜਾਲ ਬਣ ਗਿਆ ਹੈ। ਖਾਸ ਤੌਰ ਤੇ ਜਦੋਂ ਵੀ ਬਾਰਸ਼ ਆਉਂਦੀ ਹੈ ਤਾਂ ਇਸ ਅੰਡਰਬਰਿੱਜ ’ਚ ਪਾਣੀ ਭਰ ਜਾਂਦਾ ਹੈ ਜਿਸ ਨਾਲ ਕਾਰਾਂ ਅਤੇ ਹੋਰ ਛੋਟੀਆਂ ਗੱਡੀਆਂ ਨੂੰ ਲੰਘਣ ’ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਮੰਨ ਲਿਆ ਜਾਏ ਕਿ ਚਲੋਂ ਲੋਕਾਂ ਦੀ ਮੁਸਾਬਤ ਸਿਰਫ ਬਾਰਸ਼ਾਂ ਮੌਕੇ ਦੀ ਹੈ ਪਰ ਤਕਨੀਕੀ ਮਾਹਿਰਾਂ ਮੁਤਾਬਕ ਇਸ ਦੇ ਹੇਠ ਖਲੋ ਰਿਹਾ ਪਾਣੀ ਪੁਲ ਦੀਆਂ ਨੀਹਾਂ ਕੰਮਜੋਰ ਕਰ ਰਿਹਾ ਹੈ ਜੋ ਚਿੰਤਾਜਨਕ ਤੱਥ ਹਨ। ਮਹੱਤਵਪੂਰਨ ਤੱਥ ਹੈ ਕਿ ਇਸ ਪੁਲ ਦੀ ਉਸਾਰੀ ਤੋਂ ਬਾਅਦ ਹੁਣ ਤੱਕ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਹੀਂ ਹੋ ਸਕੇ ਹਨ । ਲੋਕ ਆਖਣ ਲੱਗੇ ਹਨ ਕਿ ਅਫਸਰਾਂ ਨੂੰ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਹੈ।
ਬਠਿੰਡਾ ਦਿੱਲੀ ਰੇਲ ਸੈਕਸ਼ਨ ਤੇ ਬਣੇ ਇਸ ਅੰਡਰਬਰਿੱਜ ਤੋਂ ਦੀ ਹਰ ਰੋਜ ਦਰਜਨਾਂ ਰੇਲ ਗੱਡੀਆਂ ਦੀ ਅਵਾਜਾਈ ਹੈ ਜਿੰਨਾਂ ’ਚ ਮਾਲ ਗੱਡੀਆਂ ਵਗੈਰਾ ਵੀ ਸ਼ਾਮਲ ਹਨ। ਤਕਨੀਕੀ ਮਾਹਿਰ ਆਖਦੇ ਹਨ ਕਿ ਇੰਨਾਂ ਗੱਡੀਆਂ ਦਾ ਵਜ਼ਨ ਜਿਆਦਾ ਹੋਣ ਕਰਕੇ ਖਤਰੇ ਵੀ ਵਧੇ ਹੋਏ ਹਨ । ਦੇਖਣ ’ਚ ਆਇਆ ਕਿ ਅੱਜ ਵੀ ਜਦੋਂ ਬਾਰਸ਼ ਆਈ ਤਾਂ ਇਸ ਬਰਿੱਜ ਦਾ ਮੰਦਾ ਹਾਲ ਸੀ। ਪਾਣੀ ’ਚ ਵੱਡੀ ਗਿਣਤੀ ਕਾਰਾਂ ਫਸ ਗਈਆਂ ਮੋਟਰਸਾਈਕਲ ਆਦਿ ਚਲਾਉਣ ਵਾਲਿਆਂ ਨੇ ਆਪਣੀ ਜਾਨ ਜੋਖਿਮ ਵਿੱਚ ਪਾਕੇ ਆਪਣੇ ਵਾਹਨਾਂ ਨੂੰ ਬਾਹਰ ਕੱਢਿਆ। ਦਰਅਸਲ ਇਹ ਤੱਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡਰੀਮ ਪ੍ਰਜੈਕਟ ਸੀ ਜਿੰਨਾਂ ਇਸ ਦਾ ਨੀਂਹ ਪੱਥਰ ਗਠਜੋੜ ਸਰਕਾਰ ਦੌਰਾਨ 6 ਨਵੰਬਰ 2010 ਨੂੰ ਰੱਖਿਆ ਸੀ। ਪੁਲ ਦੀ ਉਸਾਰੀ 8 ਮਾਰਚ 2011 ਨੂੰ ਸ਼ੁਰੂ ਹੋਈ ਤੇ ਇਹ 30 ਨਵੰਬਰ 2011 ਤੱਕ ਮੁਕੰਮਲ ਹੋਣਾ ਸੀ।
ਇਸ ਪ੍ਰਜੈਕਟ ਦਾ ਕੰਮ 31 ਅਗਸਤ, 2012 ਨੂੰ ਇੱਕ ਸਾਲ ਪਛੜ ਕੇ ਮੁਕੰਮਲ ਹੋਇਆ ਸੀ ਜਿਸ ਨੂੰ ਲੈਕੇ ਵੀ ਕਈ ਤਰਾਂ ਦੇ ਚਰਚੇ ਚੱਲੇ ਸਨ। ਉਸ ਵਕਤ ਦੀ ਸੰਸਦ ਮੈਂਬਰ ਅਤੇ ਬਾਦਲ ਪ੍ਰੀਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਸਤੰਬਰ 2012 ’ਚ ਇਸ ਪੁਲ ਤੇ ਆਵਾਜਾਈ ਦੀ ਰਸਮੀ ਸ਼ੁਰੂਆਤ ਕੀਤੀ ਸੀ । ਰੌਚਕ ਤੱਥ ਹੈ ਕਿ ਅੰਡਰਬਰਿੱਜ ਦੇ ਚਾਲੂ ਹੋਣ ਤੋਂ ਪੰਦਰਾਂ ਦਿਨ ਮਗਰੋਂ ਇਸ ਪੁਲ ਦੀ ਕੰਕਰੀਟ ਦੀ ਸਲੈਬ ਧਸ ਗਈ ਜਿਸ ਦੀ ਮੁਰੰਮਤ ਕਰਨੀ ਪਈ ਸੀ। ਜਨਵਰੀ 2013 ’ਚ ਇਸ ਦੀ ਸੜਕ ਦੂਸਰੀ ਵਾਰ ਠੀਕ ਕਰਵਾਉਣੀ ਪਈ ਅਤੇ 18 ਮਾਰਚ ਨੂੰ ਤੀਸਰੀ ਵਾਰ ਮੁਰੰਮਤ ਲਈ ਬੰਦ ਕੀਤਾ ਗਿਆ। ਅਧੂਰੇ ਨਿਕਾਸੀ ਪ੍ਰਬੰਧਾਂ ਕਾਰਨ ਅੰਡਰਬਰਿੱਜ ਨੇ ਪਹਿਲੇ ਮੀਂਹ ਦੀ ਮਾਰ ਵੀ ਨਹੀਂ ਝੱਲੀ ਅਤੇ ਸ਼ੁਰੂ ਹੋਣ ਦੇ ਇਕ ਸਾਲ ਦੇ ਅੰਦਰ ਮੀਂਹ ਦਾ ਪਾਣੀ ਭਰਨ ਨਾਲ ਇੱਕ ਤਰਫ ਦੀ 10 ਮੀਟਰ ਲੰਮੀ ਕੰਧ ਡਿੱਗ ਪਈ ਸੀ ।
ਇਸ ਮੌਕੇ ਦੂਸਰੀ ਦਿਵਾਰ ਨੂੰ ਭਾਰੀ ਨੁਕਸਾਨ ਪੁੱਜਿਆ ਸੀ। ਇਸ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਜਿਸ ਨੇ ਵੀ ਇਸ ਮਾਮਲੇ ’ਚ ਡੱਕਾ ਤੋੜਕੇ ਦੂਹਰਾ ਨਹੀਂ ਕੀਤਾ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਮੁਸ਼ਕਲਾਂ ਦੇ ਹੱਲ ਸਬੰਧੀ ਵੱਡੇ ਸਬਜਬਾਗ ਦਿਖਾਏ ਸਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਸ ਕਰਕੇ ਲੋਕ ਆਪਣੀ ਹੋਣੀ ਤੇ ਹੰਝਨੂੰ ਵਹਾਉਣ ਲਈ ਮਜਬੂਰ ਹਨ। ਲੋਕ ਨਿਰਮਾਣ ਵਿਭਾਗ ਦੇ ਇੱਕ ਸੇਵਾਮੁਕਤ ਅਧਿਕਾਰੀ ਦਾ ਕਹਿਣਾ ਸੀ ਕਿ ਜੇਕਰ ਪਾਣੀ ਦਾ ਢੁੱਕਵਾਂ ਹੱਲ ਨਾਂ ਕੱਢਿਆ ਗਿਆ ਤਾਂ ਇਸ ਅੰਡਰਬਰਿੱਜ ਢਹਿਢੇਰੀ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਉਨਾਂ ਆਖਿਆ ਕਿ ਜੇਕਰ ਕਿਸੇ ਗੱਡੀ ਦੇ ਲੰਘਣ ਵਕਤ ਕੋਈ ਅਣਹੋਣੀ ਵਾਪਰ ਜਾਂਦੀ ਹੈ ਤਾਂ ਕਿੰਨਾਂ ਨੁਕਸਾਨ ਹੋਵੇਗਾ ਇਸ ਦਾ ਅੰਦਾਜਾ ਲਾਉਣਾ ਕੋਈ ਮੁਸ਼ਕਿਲ ਨਹੀਂ ਹੈ।
ਜਿੰਮੇਵਾਰੀ ਨਗਰ ਨਿਗਮ ਦੀ
ਨਿਯਮਾਂ ਮੁਤਾਬਕ ਇਸ ਬਰਿੱਜ ਦਾ ਪ੍ਰਬੰਧ ਨਗਰ ਨਿਗਮ ਹਵਾਲੇ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਮਾਲੀ ਹਾਲਤ ਮਾੜੀ ਹੋਣ ਕਰਕੇ ਨਿਗਮ ਇਸ ਦੀ ਸਾਂਭ ਸੰਭਾਲ ਕਰਨ ਤੋਂ ਅਸਮਰੱਥ ਹੈ। ਸੂਤਰ ਆਖਦੇ ਹਨ ਕਿ ਅਜਿਹੀ ਸਥਿਤੀ ਦਰਮਿਆਨ ਨਗਰ ਨਿਗਮ ਗਲ ਪਿਆ ਢੋਲ ਵਜਾਉਣ ਲਈ ਮਜਬੂਰ ਹੈ ਪਰ ਕਰ ਕੁੱਝ ਨਹੀਂ ਪਾ ਰਿਹਾ ਹੈ।
ਨਗਰ ਨਿਗਮ ਦੀ ਕਮਿਸ਼ਨਰ ਕੰਚਨ ਸਿੰਗਲਾ ਦਾ ਕਹਿਣਾ ਸੀ ਕਿ ਉਹ ਸਥਿਤੀ ਨੂੰ ਸਹੀ ਕਰਨ ਲਈ ਅਧਿਕਾਰੀਆਂ ਨੂੰ ਕਹਿ ਰਹੇ ਹਨ। ਉਨਾਂ ਕਿਹਾ ਕਿ ਇਸ ਅੰਡਰਬਰਿੱਜ ਚੋਂ ਪਾਣੀ ਦੀ ਨਿਕਾਸੀ ਲਈ ਯੋਜਨਾ ਤਿਆਰ ਕਰਕੇ ਜਲਦੀ ਹੀ ਢੁੱਕਵਾਂ ਹੱਲ ਕੱਢ ਲਿਆ ਜਾਏਗਾ।
ਮੀਂਹ ਨੇ ਸੂਲੀ ਟੰਗਿਆ ਬਠਿੰਡਾ
ਅੱਜ ਦੀ ਬਾਰਸ਼ ਨਾਲ ਬਠਿੰਡਾ ਸ਼ਹਿਰ ਦੇ ਕਈ ਇਲਾਕਿਆਂ ’ਚ ਹੜ ਵਰਗੇ ਹਾਲਾਤ ਹਨ। ਇੱਕ ਜਾਇਜੇ ਅਨੁਸਾਰ ਕਰੀਬ 80 ਫੀਸਦੀ ਬਠਿੰਡਾ ਵਿੱਚ ਦੇਰ ਸ਼ਾਮ ਤੱਕ ਪਾਣੀ ਖਲੋਤਾ ਸੀ। ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ’ਚ ਵੀ ਪਾਣੀ ਭਰ ਗਿਆ ਜਿਸ ਨੇ ਆਮ ਆਦਮੀ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ । ਸ਼ਹਿਰ ਦੀ ਪਾਵਰ ਹਾਊਸ ਰੋਡ, ਲਾਈਨੋਂ ਪਾਰ ਖੇਤਰ, ਸਿਰਕੀ ਬਾਜ਼ਾਰ, ਅਮਰੀਕ ਸਿੰਘ ਰੋਡ, ਵੀਰ ਕਾਲੋਨੀ, ਨਵੀਂ ਬਸਤੀ, ਮਿੰਨੀ ਸਕੱਤਰੇਤ ਅਤੇ ਮੁੱਖ ਸੜਕ ਤੋਂ ਇਲਾਵਾ ਦੂਸਰੇ ਵੱਡੀ ਗਿਣਤੀ ਮੁਹੱਲਿਆਂ ’ਚ ਕਈ-ਕਈ ਫੁੱਟ ਪਾਣੀ ਨਜ਼ਰ ਆਇਆ। ਨਗਰ ਨਿਗਮ ਦੇ ਅਧਿਕਾਰੀ ਆਖਦੇ ਹਨ ਕਿ ਮੋਟਰਾਂ ਚੱਲ ਰਹੀਆਂ ਹਨ ਤੇ ਜਲਦੀ ਹੀ ਸਥਿਤੀ ਆਮ ਵਰਗੀ ਹੋ ਜਾਏਗੀ।