ਪਿੰਡਾਂ/ਵਾਰਡਾਂ ਵਿੱਚ ਨਸ਼ਾ ਮੁਕਤੀ ਯਾਤਰਾ 15 ਜੁਲਾਈ ਤੋਂ ਮੁੜ ਸ਼ੁਰੂ ਹੋਵੇਗੀ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਨਸ਼ਾ ਮੁਕਤੀ ਯਾਤਰਾ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ, 14 ਜੁਲਾਈ
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖ਼ਿਲਾਫ਼ ਆਰੰਭੀ ਫ਼ੈਸਲਾਕੁਨ ਲੜਾਈ ਦੇ ਤਹਿਤ ਪਿੰਡ ਅਤੇ ਵਾਰਡ ਪੱਧਰ `ਤੇ ਜਾ ਕੇ ਰੱਖਿਆ ਕਮੇਟੀਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਨਸ਼ਾ ਮੁਕਤੀ ਯਾਤਰਾ ਦਾ ਸਿਲਸਿਲਾ 15 ਜੁਲਾਈ ਤੋਂ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਨਸ਼ਾ ਮੁਕਤੀ ਯਾਤਰਾ ਤਹਿਤ ਇਨ੍ਹਾਂ ਮੀਟਿੰਗਾਂ ਦਾ ਮੰਤਵ ਪਿੰਡ ਰੱਖਿਆ ਕਮੇਟੀਆਂ ਅਤੇ ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਅਤੇ ਆਮ ਲੋਕਾਂ ਨੂੰ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣ, ਨਸ਼ਾ ਪੀੜਤਾਂ ਦੇ ਇਲਾਜ ਲਈ ਉਨ੍ਹਾਂ ਨੂੰ ਪ੍ਰੇਰ ਕੇ ਨਸ਼ਾ ਮੁਕਤੀ ਕੇਂਦਰਾਂ ਤੱਕ ਲਿਆਉਣ ਲਈ ਜਾਗਰੂਕ ਕਰਨਾ ਹੈ।
ਨਸ਼ਾ ਮੁਕਤੀ ਯਾਤਰਾ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਇਹ ਯਾਤਰਾ 15 ਜੁਲਾਈ ਤੋਂ ਦੁਬਾਰਾ ਸ਼ੁਰੂ ਹੋਵੇਗੀ। ਇਸ ਸਬੰਧੀ ਰੋਜ਼ਾਨਾ ਹਰ ਵਿਧਾਨ ਸਭਾ ਹਲਕੇ ਦੇ 5 ਤੋਂ 6 ਪਿੰਡਾਂ ਵਿੱਚ ਤਿੰਨ ਪਿੰਡਾਂ ਵਿੱਚ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਵਿਧਾਇਕ ਸਾਹਿਬਾਨ ਅਤੇ ਚੇਅਰਮੈਨ ਸਾਹਿਬਾਨ ਵੱਲੋਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 15 ਜੁਲਾਈ ਨੂੰ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਬਾਹੀਆਂ, ਨਵਾਂ ਪਿੰਡ ਸਰਦਾਰਾਂ, ਮਹਾਂਦੇਵ ਖ਼ੁਰਦ, ਅਲਾਵਲਪੁਰ, ਮਾੜੇ ਅਤੇ ਬਖਤਪੁਰ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਮੀਟਿੰਗਾਂ ਹੋਣਗੀਆਂ। ਏਸੇ ਤਰ੍ਹਾਂ 15 ਜੁਲਾਈ ਨੂੰ ਵਿਧਾਨ ਸਭਾ ਹਲਕਾ ਬਟਾਲਾ ਦੇ ਪਿੰਡ ਪੁਰਾਣਾ ਪਿੰਡ, ਧੁੱਪਸੜੀ, ਬੋਦੇ ਦੀ ਖੂਹੀ, ਨਵਾਂ ਪਿੰਡ ਪੰਜ ਖਡੱਲ, ਭਾਗਰੂਪੁਰ ਰੱਬਵਾਲਾ ਅਤੇ ਕੋਟਲਾ ਹਵੇਲੀਆਂ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਮੀਟਿੰਗਾਂ ਕੀਤੀਆਂ ਜਾਣਗੀਆਂ।
ਵਿਧਾਨ ਸਭਾ ਹਲਕਾ ਕਾਦੀਆਂ ਵਿੱਚ 15 ਜੁਲਾਈ ਨੂੰ ਨਸ਼ਾ ਮੁਕਤੀ ਯਾਤਰਾ ਪਿੰਡ ਛੀਨਾ ਰੇਤ ਵਾਲਾ, ਦੁਲੂਆਣਾ, ਪਸਨਾਵਾਲ, ਖ਼ਾਨਮਲਕ ਵਿਖੇ ਹੋਵੇਗੀ। ਦੀਨਾਨਗਰ ਵਿਧਾਨ ਸਭਾ ਹਲਕੇ ਦੇ ਪਿੰਡ ਰਾਜਪੁਰ ਚਿਬ, ਭਰਿਆਲ, ਤੂਰ, ਕੂਕਰ, ਮੰਮੀ ਚੱਕ ਰੰਗਾ ਅਤੇ ਮਮਵਾਲ ਵਿਖੇ 15 ਜੁਲਾਈ ਨੂੰ ਨਸ਼ਾ ਮੁਕਤੀ ਯਾਤਰਾ ਸ਼ੁਰੂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ 15 ਜੁਲਾਈ ਨੂੰ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਧਰਮਾਬਾਦ, ਮਹਿਤਾ, ਖੰਨਾ ਚਮਾਰਾ, ਮਨਸੂਰ ਕਲਾਂ, ਸ਼ਹਿਜ਼ਾਦਾ, ਡਾਲਾ, ਗੁਰੂਚੱਕ, ਗੋਲਾ ਢੋਲਾ, ਰੱਤੜ ਛੱਤੜ, ਘਣੀਏ ਕੇ ਬੇਟ ਅਤੇ ਨਿੱਕਾ ਠੇਠਰਕੇ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਜਾਗਰੂਕਤਾ ਮੀਟਿੰਗਾਂ ਹੋਣਗੀਆਂ। ਵਿਧਾਨ ਸਭਾ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਕੋਠੇ, ਤਲਵੰਡੀ, ਭਾਰਥਵਾਲ, ਚੱਠਾ, ਸੀੜਾ ਪੱਤੀ ਵੜੈਚ ਅਤੇ ਫੱਤੇਵਾਲ ਵਿਖੇ 15 ਜੁਲਾਈ ਤੋਂ ਨਸ਼ਾ ਮੁਕਤੀ ਯਾਤਰਾ ਸ਼ੁਰੂ ਹੋਵੇਗੀ।
ਉਨ੍ਹਾਂ ਦੱਸਿਆ ਕਿ ਏਸੇ ਤਰਾਂ 15 ਜੁਲਾਈ ਨੂੰ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਮਚਰਾਏ ਪੱਤੀ ਮਿੱਠਾਪੁਰ, ਕਿਸ਼ਨਕੋਟ, ਚੌਲ ਚੱਕ, ਕੌੜੇ, ਸਿਧਵਾਂ ਅਤੇ ਘੁਮਾਣ ਵਿਖੇ ਨਸ਼ਾ ਮੁਕਤੀ ਤਹਿਤ ਯਾਤਰਾ ਜਾਗਰੂਕਤਾ ਮੀਟਿੰਗਾਂ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਪਿੰਡਾਂ ਅਤੇ ਵਾਰਡਾਂ ਦੇ ਲੋਕਾਂ ਨੂੰ ਆਪੋ-ਆਪਣੇ ਪਿੰਡ ਨੀਯਤ ਮਿਤੀ ਨੂੰ ਹੋਣ ਵਾਲੀ ਯਾਤਰਾ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ ਨਸ਼ਿਆਂ ਖ਼ਿਲਾਫ਼ ਅਸੀਂ ਜ਼ਮੀਨੀ ਪੱਧਰ ਤੇ ਇੱਕਜੁੱਟ ਨਾ ਹੋਏ ਤਾਂ ਇਸ ਦਾ ਨੁਕਸਾਨ ਸਾਡੀ ਨੌਜਵਾਨ ਪੀੜ੍ਹੀ ਨੂੰ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡਾ ਫ਼ਰਜ਼ ਬਣ ਜਾਂਦਾ ਹੈ ਕਿ ਅਸੀਂ ਵੀ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਡਟ ਕੇ ਸਾਥ ਦੇਈਏ।