ਨਿਊਜ਼ੀਲੈਂਡ: ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਵਿਖੇ SC ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨਤਮਸਤਕ ਹੋਏ
ਧਾਰਮਿਕ ਸਮਾਜਿਕ ਰਾਜਨੀਤਿਕ ਦੇ ਨਾਲ-ਨਾਲ ਸਾਹਿਤਕ ਰੁਚੀਆਂ ਰੱਖਣ ਵਾਲੇ ਗੜੀ ਨੇ ਕਮੇਟੀ ਰੂਮ 'ਚ ਪਤਵੰਤਿਆਂ ਨਾਲ ਕੀਤੀ ਮਿਲਣੀ
ਬਾਬੂਸ਼ਾਹੀ ਨੈਟਵਰਕ
ਔਕਲੈਂਡ, 28 ਜੁਲਾਈ, 2025: ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਪਾਪਾਟੋਏਟੋਏ ਔਕਲੈਂਡ ਵਿਖੇ ਪੰਜਾਬ ਦੇ ਅਨੁਸੂਚਿਤ ਜਾਤੀ (ਐਸ ਸੀ) ਭਲਾਈ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਨਤਮਸਤਕ ਹੋਣ ਉਪਰੰਤ ਕਮੇਟੀ ਰੂਮ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਿਥੀਪਾਲ ਸਿੰਘ ਬਸਰਾ ਸਮੇਤ ਕਮੇਟੀ ਮੈਂਬਰਾਂ, ਪਤਵੰਤਿਆਂ ਨਾਲ ਭਾਵਪੂਰਤ ਮਿਲਣੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਦਸ਼ਮੇਸ਼ ਪਿਤਾ ਦੇ ਨਾਮ ’ਤੇ ਨਾਮ ਰੱਖੇ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਆ ਕੇ ਅਤੇ ਪਤਵੰਤਿਆਂ ਨਾਲ ਮਿਲਣ ਨੂੰ ਆਪਣਾ ਸੁਭਾਗ ਮੰਨਦਿਆਂ ਧਾਰਮਿਕ ਸਮਾਜਿਕ ਰਾਜਨੀਤਿਕ ਵਿਚਾਰਾਂ ਦੀ ਸਾਂਝ ਪਾਈ ।
ਪੰਜਾਬ ਵਿੱਚ ਬਦਲਾਵ ਦੇ ਨਾਮ ’ਤੇ ਆਈ ਆਪ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ 75 ਸਾਲਾਂ ਤੋਂ ਖਰਾਬ ਹੋਏ ਪ੍ਰਬੰਧ ਨੂੰ 75 ਮਹੀਨੇ ਤਾਂ ਲੋੜੀਦੇ ਹੀ ਹਨ, ਨਾ ਕਿ ਸਿਰਫ 75 ਹਫਤਿਆਂ ਜਾਂ 75 ਘੰਟਿਆਂ ਵਿੱਚ ਕੋਈ ਵੀ ਸਰਕਾਰ ਇਸ ਨੂੰ ਠੀਕ ਤੇ ਦਰੁਸਤ ਕਰ ਸਕਦੀ ਹੈ । ਜਦੋਂ ਉਹਨਾਂ ਨੂੰ ਕਰੋਨਾ ਸਮੇਂ ਦੌਰਾਨ ਨਿਊਜ਼ੀਲੈਂਡ ਵਿੱਚ ਹੋਰਨਾਂ ਗੁਰਦੁਆਰਿਆਂ ਦੀ ਤਰ੍ਹਾਂ ਇਸ ਗੁਰਦੁਆਰਾ ਸਾਹਿਬ ਵਿੱਚ ਤੇ ਚੇਅਰਮੈਨ ਪ੍ਰਿਥੀਪਾਲ ਸਿੰਘ ਬਸਰਾ ਵੱਲੋਂ ਆਪਣੇ ਨਿੱਜੀ ਪੱਧਰ ’ਤੇ ਬਾਹਰੋਂ ਆਏ ਪੀੜਤ ਲੋਕਾਂ ਵਾਸਤੇ ਕੁਇਰਨਟਾਈਨ ਲਈ ਜਗ੍ਹਾ ਮੁਹੱਈਆ ਕਰਾਉਣ ਬਾਰੇ ਦੱਸਿਆ ਗਿਆ ਤਾਂ ਗੜੀ ਨੇ ਉਹਨਾਂ ਸਮੇਤ ਇਸ ਕੰਮ ਲਈ ਅਤੇ ਸਮੁੱਚੇ ਐਨਆਰਆਈ ਵੀਰਾਂ ਦਾ ਜਿੱਥੇ ਪੰਜਾਬ ਵਿੱਚ ਬਦਲਾਅ ਦੀ ਸਰਕਾਰ 'ਚ ਅਹਿਮ ਰੋਲ ਅਦਾ ਕਰਨ ਲਈ ਧੰਨਵਾਦ ਕੀਤਾ, ਉੱਥੇ ਨਿਊਜ਼ੀਲੈਂਡ ਵਿੱਚ ਗੁਰਦੁਆਰਾ ਸਾਹਿਬਾਨਾਂ ਦੀਆਂ ਉਸਾਰੀਆਂ ਤੇ ਸਿੱਖ ਧਰਮ ਦੇ ਫੈਲਾਅ ਬਾਰੇ ਵੀ ਸਰਾਹਨਾ ਕੀਤੀ ।
ਦੋ ਪੁਸਤਕਾਂ ਦੇ ਰਚੇਤਾ ਜਸਵੀਰ ਸਿੰਘ ਗੜੀ ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ ਨੇ ਸਾਹਿਤ ਦੀ ਗੱਲ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਸਾਹਿਤਕਾਰਾਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦੇ ਮੈਂਬਰ ਬਣਨ ਲਈ ਆਪਣੀ ਇੱਛਾ ਜਤਾਈ ਜਿਸ ’ਤੇ ਅਕਾਦਮੀ ਸੰਸਥਾਪਕ ਪ੍ਰਧਾਨ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਉਹਨਾਂ ਦੀ ਇਸ ਇੱਛਾ ਜਤਾਈ ਦਾ ਖੈਰ ਮਕਦਮ ਕੀਤਾ ।
ਇਸ ਮਿਲਣੀ ਮੀਟਿੰਗ ਵਿੱਚ ਚੇਅਰਮੈਨ ਪ੍ਰਿਥੀਪਾਲ ਸਿੰਘ ਬਸਰਾ, ਉਪ ਚੇਅਰਮੈਨ ਬੇਅੰਤ ਸਿੰਘ ਜਡੌਰ, ਪ੍ਰਧਾਨ ਮਨਜੀਤ ਸਿੰਘ ਬਾਠ, ਮੀਤ ਪ੍ਰਧਾਨ ਪਰਗਣ ਸਿੰਘ ਫਿਜੀ, ਖਜਾਨਚੀ ਕੁਲਵਿੰਦਰ ਸਿੰਘ ਬਾਠ, ਸਾਬਕਾ ਐਮਪੀ ਮਹੇਸ਼ ਬਿੰਦਰਾ, ਡਾ ਕੁਲਦੀਪ ਕੁਮਾਰ ਖੁੱਲਰ, ਰਵੀ ਇੰਦਰ ਸਿੰਘ ਵਿਰਕ, ਅਜੀਤ ਸਿੰਘ ਪਰਮਾਰ, ਰੇਸ਼ਮ ਸਿੰਘ, ਮੱਖਣ ਸਿੰਘ, ਹਰਿਮੰਦਰ ਸਿੰਘ ਬਰਾੜ, ਤਸਵੀਰ ਅਖਬਾਰ ਦੇ ਮੁੱਖ ਸੰਪਾਦਕ ਨਰਿੰਦਰ ਕੁਮਾਰ ਸਿੰਗਲਾ, ਰਾਜਿੰਦਰ ਪਾਲ ਸਿੰਘ ਬਾਜਵਾ, ਬਿੱਲਾ ਢਿੱਲੋਂ, ਜਗਜੀਤ ਸਿੰਘ ਜੁਨੇਜਾ, ਦਾਰਾ ਸਿੰਘ, ਗੜੀ ਦੇ ਨਾਲ ਆਏ ਉਹਨਾਂ ਦੇ ਭਰਾਤਾ ਆਸ਼ੂ ਗੜੀ ਅਤੇ ਕੁਲਵਿੰਦਰ ਸਿੰਘ ਝਮਟ ਕਿਉ ਐਸ ਐਮ, ਕੀਲਾਰੀ, ਤਿਰਲੋਚਨ ਸਿੰਘ ਅਤੇ ਅਜੀਤ ਰਾਮ, ਪੀਐਨਬੀ ਬੈਂਕ ਪੰਜਾਬ ਤੋਂ ਮੈਨੇਜਰ ਸਮੇਤ ਪਤਵੰਤੇ ਹਾਜਰ ਸਨ।