← ਪਿਛੇ ਪਰਤੋ
ਵਿਦੇਸ਼ੀ ਫੇਰੀ ਪੂਰੀ: ਚੱਲੇ ਹਾਂ ਵਤਨਾਂ ਨੂੰ ਪਿਆਰ ਨੂੰ ਪੈਕ ਕਰਕੇ ਜਸਵੀਰ ਸਿੰਘ ਗੜ੍ਹੀ ਨੇ ਨਿਊਜ਼ੀਲੈਂਡ ਦੌਰੇ ਦੌਰਾਨ ਸਮਾਜ ਵਿੱਚੋਂ ਜਾਤ-ਪਾਤ ਪ੍ਰਣਾਲੀ ਨੂੰ ਖਤਮ ਕਰਨ ਦਾ ਦਿੱਤਾ ਸੱਦਾ -ਅੱਧੀ ਦਰਜਨ ਗੁਰੂ ਘਰਾਂ ਵਿਚ ਜਾ ਕੇ ਸੰਗਤਾਂ ਨੂੰ ਕੀਤਾ ਸੰਬੋਧਨ -ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 28 ਜੁਲਾਈ 2025-ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਬੀਤੇ ਕੁਝ ਦਿਨਾਂ ਤੋਂ ਨਿਊਜ਼ੀਲੈਂਡ ਦੌਰੇ ਉਤੇ ਹਨ। ਇਸ ਦੌਰਾਨ ਜਿੱਥੇ ਉਨ੍ਹਾਂ ਆਪਣਾ ਕੁਝ ਸਮਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਬਿਤਾਇਆ ਉਥੇ ਬਹੁਤ ਸਾਰਾ ਸਮਾਂ ਉਨ੍ਹਾਂ ਨੇ ਇਸ ਗੱਲ ਦਾ ਹੋਕਾ ਦੇਣ ਉਤੇ ਲਗਾਇਆ ਕਿ ਭਾਰਤੀ ਸਮਾਜ ਦੇ ਵਿਚ ਪੁਰਾਤਨ ਜਾਤ-ਪਾਤ ਪ੍ਰਣਾਲੀ ਨੂੰ ਖਤਮ ਕਰਨ ਲਈ ਲਾਮਵੰਦ ਹੋਣ ਦੀ ਲੋੜ ਹੈ। ਉਨ੍ਹਾਂ ਨੇ ਇਸ ਦੌਰਾਨ ਲਗਪਗ ਅੱਧੀ ਦਰਜਨ ਗੁਰਦੁਆਰਾ ਸਾਹਿਬਾਨਾਂ ਅੰਦਰ ਸੰਗਤ ਅਤੇ ਪ੍ਰਬੰਧਕਾਂ ਨਾਲ ਮੀਟਿੰਗਾਂ ਕੀਤੀਆਂ। ਜ਼ਜਬੇ ਭਰੇ ਬੋਲਾਂ ਦੇ ਨਾਲ ਉਨ੍ਹਾਂ ਸਮੂਹ ਸਮਾਜ ਨੂੰ ਗੁਰਬਾਣੀ ਦੀਆਂ ਸਤਰਾਂ ਦੇ ਅਧਾਰ ਉਤੇ ਜਾਗੂਰਿਕ ਹੋਣ ਦਾ ਸੁਨੇਹਾ ਦਿੱਤਾ। ਪੰਜਾਬ ਦੇ ਹਲਾਤਾਂ ਉਤੇ ਉਨ੍ਹਾਂ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ‘‘ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ, ਬਿਨਾਂ ਸਮਾਂ ਵੇਖਿਆ, ਵੱਧ ਤੋਂ ਵੱਧ ਚੰਡੀਗੜ ਆਪਣੇ ਸਕੱਤਰ ਖਾਨੇ ਦੇ ਵਿਚ ਲੋਕਾਂ ਦੀ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਵਿਚ ਬਤੀਤ ਕਰ ਰਹੇ ਹਨ। ਵਿਗੜੀ ਹੋਈ ਦਫ਼ਤਰੀ ਪ੍ਰਥਾ ਨੂੰ ਸਹੀ ਲਾਈਨ ਉਤੇ ਲਿਆਉਣ ਦੇ ਲਈ ਸਮਾਂ ਤਾਂ ਜਰੂਰ ਲੱਗੇਗਾ ਪਰ ਇਕ ਵਾਰ ਈਮਾਨਦਾਰੀ ਨਾਲ ਗੱਡੀ ਰੋੜ੍ਹਨ ਦੀ ਪਿਰਤ ਜਰੂਰ ਪਾ ਕੇ ਹੱਟਣਗੇ। ਉਨ੍ਹਾਂ ਦੇ ਦਫਤਰ ਜੋ ਵੀ ਆ ਰਿਹਾ ਹੈ, ਉਸ ਦੀਆਂ ਸਮੱਸਿਆਵਾਂ ਨੂੰ ਸੁਨਣਾ ਅਤੇ ਅਨੁਸ਼ਾਸ਼ਨੀ ਵਿਭਾਗੀ ਕਾਰਵਾਈ ਕਰਨੀ ਉਨ੍ਹਾਂ ਦੀ ਪਹਿਲ ਹੈ।’’ ਉਨ੍ਹਾਂ ਵਿਦੇਸ਼ ਵਸਦੇ ਪੰਜਾਬੀਆਂ ਨੂੰ ਵੀ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਬੀਤੇ ਕੱਲ੍ਹ ਉਨ੍ਹਾਂ ਔਕਲੈਂਡ ਦੇ ਗੁਰਦੁਆਰਾ ਬੇਗਮਪੁਰਾ ਸਾਹਿਬ ਪਾਪਾਕੁਰਾ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਅਤੇ ਗੁਰਦੁਆਰਾ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਸੰਗਤਾਂ ਅਤੇ ਪ੍ਰਬੰਧਕਾਂ ਨਾਲ ਮੀਟਿੰਗਾਂ ਕੀਤੀਆਂ। ਅੱਜ ਰਾਤ ਉਹ ਨਿਊਜ਼ੀਲੈਂਡ ਦੀ ਫੇਰੀ ਪੂਰੀ ਕਰਕੇ ਵਾਪਿਸ ਵਤਨ (ਪੰਜਾਬ) ਨੂੰ ਪਿਆਰ ਦੀ ਪੈਕਿੰਗ ਸਮੇਤ ਜਾ ਰਹੇ ਹਨ। ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਦਾ ਵੱਖ-ਵੱਖ ਥਾਵਾਂ ਉਤੇ ਮਾਨ-ਸਨਮਾਨ ਕੀਤਾ ਗਿਆ ਅਤੇ ਸਲਾਹੁਣੇ ਕੰਮਾਂ ਲਈ ਉਤਸ਼ਾਹਿਤ ਕੀਤਾ ਗਿਆ।
Total Responses : 765