ਪੰਜਾਬ ਸਿੱਖਿਆ ਕ੍ਰਾਂਤੀ ਦੌਰਾਨ ਪਰਾਗਪੁਰ ਸਕੂਲ ਪਹੁੰਚ ਕੇ ਭਾਵਕ ਹੋਏ ਐਮ ਐਲ ਏ ਕੁਲਜੀਤ ਰੰਧਾਵਾ
ਹਰਜਿੰਦਰ ਸਿੰਘ ਭੱਟੀ
- ਕਿਹਾ, ਅੱਜ ਮੇਰੀ ਜੇਕਰ ਕੋਈ ਪਛਾਣ ਹੈ ਤਾਂ ਇਹ ਸਕੂਲ ਵਿੱਚੋਂ ਹਾਸਲ ਹੋਈ ਸਿੱਖਿਆ ਕਰਕੇ
- 20.91 ਲੱਖ ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਕਲਾਸ ਰੂਮ, ਚਾਰਦੀਵਾਰੀ ਤੇ ਹੋਰ ਵਿਕਾਸ ਕਾਰਜ ਕੀਤੇ ਪਰਾਗਪੁਰ ਚ ਸਮਰਪਿਤ
- ਹਲਕੇ ਦੇ ਪੰਜ ਸਕੂਲਾਂ ’ਚ 77.36 ਲੱਖ ਰੁਪਏ ਦੇ ਬੁਨਿਆਦੀ ਢਾਂਚਾ ਪ੍ਰਾਜੈਕਟ ਵਿਦਿਆਰਥੀਆਂ ਨੂੰ ਸਮਰਪਿਤ
- ਕਿਹਾ, ਭਗਵੰਤ ਮਾਨ ਸਰਕਾਰ ਸਕੂਲਾਂ ’ਚ ਮਿਆਰੀ ਸਹੂਲਤਾਂ ਤੇ ਸਿਖਿਆ ਦੇਣ ਲਈ ਵਚਨਬੱਧ
ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 20 ਮਈ 2025 - ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਡੇਰਾ ਬੱਸੀ ਹਲਕੇ ਵਿੱਚ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਨਵੇਂ ਬਣੇ ਕਮਰਿਆਂ ਅਤੇ ਹੋਰ ਵਿਕਾਸ ਕਾਰਜਾਂ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕਰਨ ਦੌਰਾਨ ਅੱਜ ਜਦੋਂ ਐਮ ਐਲ ਏ ਕੁਲਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਪਰਾਗਪੁਰ ਪਹੁੰਚੇ ਤਾਂ ਇੱਕ ਦਮ ਭਾਵੁਕ ਹੋ ਗਏ।
ਪੁਰਾਣੀਆਂ ਯਾਦਾਂ ਨੂੰ ਤਰੋ-ਤਾਜ਼ਾ ਕਰਦੇ ਹੋਏ, ਉਹਨਾਂ ਕਿਹਾ ਕਿ ਜੇਕਰ ਸਰਕਾਰੀ ਪ੍ਰਾਇਮਰੀ ਸਕੂਲ ਪਰਾਗਪੁਰ ਦੇ ਅਧਿਆਪਕਾਂ ਪਾਸੋਂ 1973 ਵਿੱਚ ਮਿਹਨਤ ਨਾਲ ਪੜ੍ਹਾਈ ਹਾਸਲ ਨਾ ਹੋਈ ਹੁੰਦੀ ਤਾਂ ਅੱਜ ਇਸ ਸਕੂਲ ਦਾ ਪੁਰਾਣਾ ਵਿਦਿਆਰਥੀ ਐਮ ਐਲ ਏ ਬਣ ਕੇ ਇਸ ਸਕੂਲ ਵਿੱਚ ਨਾ ਆਉਂਦਾ।
ਆਪਣੇ ਬਚਪਨ ਦੇ ਸਰਕਾਰੀ ਪ੍ਰਇਮਰੀ ਸਕੂਲ ਪਿੰਡ ਪਰਾਗਪੁਰ ਵਿੱਚ 20.91 ਲੱਖ ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਰੂਮ, ਚਾਰਦੀਵਾਰੀ ਤੇ ਹੋਰ ਕੰਮ ਵਿਦਿਆਰਥੀਆਂ ਨੂੰ ਸਮਰਪਿਤ ਕਰਦੇ ਹੋਏ ਉਹਨਾਂ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਪੜ੍ਹਾਈ ਕਿਸੇ ਵੀ ਇਨਸਾਨ ਦਾ ਸਭ ਤੋਂ ਵੱਡਾ ਗਹਿਣਾ ਹੁੰਦੀ ਹੈ। ਇਸ ਲਈ ਪੜ੍ਹੋ, ਭਵਿੱਖ ਦੀਆਂ ਮੰਜ਼ਿਲਾਂ ਸਰ ਕਰੋ, ਤੁਸੀਂ ਵੀ ਬਹੁਤ ਅੱਗੇ ਤੱਕ ਜਾ ਸਕਦੇ ਹੋ।
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਸੂਬੇ ਦੇ ਸਕੂਲਾਂ ’ਚ ਮਿਆਰੀ ਸਹੂਲਤਾਂ ਅਤੇ ਸਿਖਿਆ ਦੇਣ ਦੀ ਵਚਨਬੱਧਤਾ ਤਹਿਤ ਅੱਜ ਹਲਕੇ ਦੇ ਪੰਜ ਸਕੂਲਾਂ ਵਿੱਚ 77.36 ਲੱਖ ਰੁਪਏ ਦੇ ਬੁਨਿਆਦੀ ਢਾਂਚਾ ਪ੍ਰਾਜੈਕਟ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ।
ਸਿਖਿਆ ਕੋਆਰਡੀਨੇਟਰ ਸ੍ਰੀ ਗੁਰਪ੍ਰੀਤ ਸਿੰਘ ਵਿਰਕ ਨੇ ਦਸਿਆ ਕਿ ਅੱਜ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਸਰਕਾਰੀ ਹਾਈ ਸਕੂਲ ਪਿੰਡ ਰਾਜੋਮਾਜਰਾ ਵਿਚ 1 ਲੱਖ 34 ਹਜ਼ਾਰ ਰੁਪਏ ਨਾਲ਼ ਹੋਏ ਕੰਮ ਦਾ ਉਦਘਟਾਨ ਕੀਤਾ ਤੇ ਜਲਦੀ ਹੀ 11 ਲੱਖ ਦੀ ਲਾਗਤ ਨਾਲ਼ ਬਣ ਰਹੀ ਸਾਇੰਸ ਲੈਬ ਵੀ ਬਚਿਆ ਨੂੰ ਸਪੁਰਦ ਕੀਤੀ ਜਾਵੇਗੀ, ਸਰਕਾਰੀ ਪ੍ਰਇਮਰੀ ਸਕੂਲ ਪਿੰਡ ਸੇਖਪੁਰਾ ਵਿੱਚ 7 ਲੱਖ 36 ਹਜ਼ਾਰ 100 ਰੁਪਏ ਨਾਲ਼ 4 ਕਮਰਿਆਂ ਦੀ ਛੱਤ ਤੇ ਹੋਰ ਕੰਮ, ਪਿੰਡ ਭਾਂਖਰਪੁਰ ਦੇ ਸਰਕਾਰੀ ਪ੍ਰਇਮਰੀ ਸਕੂਲ ਵਿਚ 19 ਲੱਖ ਨਾਲ਼ ਬਣੇ ਦੋ ਸਮਾਰਟ ਕਲਾਸ ਰੂਮ ਤੇ ਹੋਰ ਕੰਮ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਤ੍ਰਿਵੇਦੀ ਕੈਂਪ ਵਿੱਚ 28.70 ਲੱਖ ਰੁਪਏ ਨਾਲ਼ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਵਿਧਾਇਕ ਨੇ ਪਿੰਡ ਰਾਜੋਮਾਜਰਾ ਦੇ ਸਕੂਲ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੂੰ ਦਸਵੀਂ ਜਮਾਤ ਵਿੱਚ ਜਿਲੇ ਮੋਹਾਲੀ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਲਈ ਵਧਾਈ ਦਿੱਤੀ ਤੇ ਵਿਧਾਇਕ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ, ਉਨ੍ਹਾਂ ਦੀਆਂ ਭਵਿੱਖੀ ਇਛਾਵਾਂ, ਸਕੂਲ ’ਚ ਲੋੜਾਂ ਆਦਿ ਬਾਰੇ ਵੀ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਭਾਵੇਂ ਛੋਟੀ ਉਮਰ ਦੇ ਹਨ ਪਰ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਸੁਣਨਾ ਤੇ ਉਨ੍ਹਾਂ ’ਤੇ ਅਮਲ ਕਰਨਾ ਸਾਡਾ ਪਹਿਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਕਿਸਮਤ ਵਾਲੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸਕੂਲਾਂ ’ਚ ਬੇਹਤਰੀਨ ਬੁਨਿਆਦੀ ਢਾਂਚਾ ਤੇ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਿਖਿਆ ਕ੍ਰਾਂਤੀ ਦਾ ਉਦੇਸ਼ ਪੰਜਾਬ ਦੇ 12000 ਦੇ ਕਰੀਬ ਸਕੂਲਾਂ ’ਚ 2000 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਸਹੂਲਤਾਂ ਨੂੰ ਉੱਪਰ ਚੁੱਕਣਾ ਹੈ, ਜਿਸ ਨਾਲ ਇਨ੍ਹਾਂ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਕੰਮ ਕਰਨ ਆਈ ਹੈ, ਇਸੇ ਲਈ ਅੱਜ ਸਮੁੱਚੇ ਪੰਜਾਬ ’ਚ ਸਕੂਲਾਂ ਦੀ ਦਿੱਖ ਨੂੰ ਨਵਾਂ ਰੂਪ ਮਿਲ ਰਿਹਾ ਹੈ।
ਇਸ ਮੌਕੇ ਇਨ੍ਹਾਂ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਤੋਂ ਇਲਾਵਾ ਇਨ੍ਹਾਂ ਪਿੰਡਾਂ ਦੇ ਪੰਚ-ਸਰਪੰਚ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਮੌਜੂਦ ਸਨ।