← Go Back
ਕੇਂਦਰ ਨੇ ਪੰਜਾਬ ਦੀ ਕਰਜ਼ਾ ਹੱਦ 16676 ਕਰੋੜ ਰੁਪਏ ਘਟਾਈ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 21 ਮਈ, 2025: ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਕੇਂਦਰ ਸਰਕਾਰ ਨੇ ਪੰਜਾਬ ਦੀ ਕਰਜ਼ਾ ਹੱਦ 16676 ਕਰੋੜ ਰੁਪਏ ਘਟਾ ਦਿੱਤੀ ਹੈ। ’ਦਾ ਟ੍ਰਿਬਿਊਨ’ ਦੀ ਇਕ ਰਿਪੋਰਟ ਮੁਤਾਬਕ ਪੰਜਾਬ 47076.40 ਕਰੋੜ ਰੁਪਏ ਦੀ ਕਰਜ਼ਾ ਹੱਦ ਮੰਗੀ ਸੀ ਜਿਸ ਵਿਚ 16676 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ। ਪੰਜਾਬ ਨੇ ਸਾਲ 2025-26 ਦੌਰਾਨ ਅਪ੍ਰੈਲ ਮਹੀਨੇ ਤੋਂ ਦਸੰਬਰ ਤੱਕ ਪਹਿਲੇ 9 ਮਹੀਨਿਆਂ ਵਾਸਤੇ 35307 ਕਰੋੜ ਰੁਪਏ ਦੀ ਕਰਜ਼ਾ ਹੱਦ ਮੰਗੀ ਸੀ ਪਰ ਕੇਂਦਰ ਸਰਕਾਰ ਨੇ ਸਿਰਫ 21905 ਕਰੋੜ ਰੁਪਏ ਕਰਜ਼ੇ ਦੀ ਪ੍ਰਵਾਨਗੀ ਦਿੱਤੀ ਹੈ। ਚਲ ਰਹੇ ਵਿੱਤ ਵਰ੍ਹੇ ਲਈ ਪੰਜਾਬ 51117 ਕਰੋੜ ਰੁਪਏ ਦੀ ਹੱਦ ਮੰਗੀ ਸੀ। ਪੰਜਾਬ ਦੀ ਕਰਜ਼ਾ ਹੱਦ ਵਿਚ ਕਟੌਤੀ ਇਸ ਕਰ ਕੇ ਕੀਤੀ ਗਈ ਹੈ ਕਿਉਂਕਿ ਪੰਜਾਬ ਸਰਕਾਰ ਨੇ 5444 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਅਦਾ ਨਹੀਂ ਕੀਤੀ ਜਦੋਂ ਕਿ 4107 ਕਰੋੜ ਰੁਪਏ ਬਿਜਲੀ ਸਬਸਿਡੀ ਦੇ ਪਹਿਲਾਂ ਤੋਂ ਬਕਾਇਆ ਚਲ ਰਹੇ ਹਨ। ਇਸ ਤੋਂ ਇਲਾਵਾ ਬਿਜਲੀ ਖੇਤਰ ਨਾਲ ਸਬੰਧਤ 4151.07 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ ਤੇ ਪਿਛਲੇ ਸਾਲ ਵੀ ਬਿਜਲੀ ਸਬੰਧੀ 1976 ਕਰੋੜ ਰੁਪਏ ਕਰਜ਼ਾ ਚੁੱਕਿਆ ਸੀ। ਚਲ ਰਹੇ ਵਿੱਤੀ ਵਰ੍ਹੇ ਦੀ ਸਮਾਪਤੀ ਵੇਲੇ ਪੰਜਾਬ ਸਿਰ ਕਰਜ਼ਾ 4.17 ਲੱਖ ਕਰੋੜ ਰੁਪਏ ਹੋ ਜਾਵੇਗਾ। ਜਿਹੜਾ ਕਰਜ਼ਾ ਪੰਜਾਬ ਸਰਕਾਰ ਚੁੱਕਦੀ ਹੈ, ਉਸ ਵਿਚੋਂ ਜ਼ਿਆਦਾਤਰ ਪੈਸਾ ਪਿਛਲੇ ਕਰਜ਼ੇ ਤੇ ਵਿਆਜ਼ ਮੋੜਨ ਵਿਚ ਖਰਚ ਹੋ ਜਾਂਦਾ ਹੈ। ਇਸ ਸਾਲ ਪੰਜਾਬ ਨੇ ਪਿਛਲੇ 18189.89 ਕਰੋੜ ਰੁਪਏ ਦਾ ਕਰਜ਼ਾ ਮੋੜਨਾ ਹੈ ਜਦੋਂ ਕਿ ਪਿਛਲੇ ਕਰਜ਼ਿਆਂ ਦਾ 24995.49 ਕਰੋੜ ਰੁਪਏ ਵਿਆਜ਼ ਮੋੜਨਾ ਹੈ। ਪੰਜਾਬ ਨੂੰ ਇਸ ਸਾਲ ਮਾਲੀਆ ਪ੍ਰਾਪਤੀਆਂ 1.11 ਲੱਖ ਕਰੋੜ ਰੁਪਏ ਦੀਆਂ ਹੋਣੀਆਂ ਹਨ ਜਦੋਂ ਕਿ ਖਰਚਾ 1.35 ਲੱਖ ਕਰੋੜ ਰੁਪਏ ਹੈ। ਇਸ ਤਰੀਕੇ 23957.28 ਕਰੋੜ ਰੁਪਏ ਦਾ ਘਾਟਾ ਪਵੇਗਾ।
Total Responses : 1656