ਮਾਹਾਂਵਿਦਿਆਲੇ ਦੇ ਸਿਲੇਬਸ 'ਚ ਲੱਗੀ
ਇਤਿਹਾਸ ਦੀ ਕਿਤਾਬ
ਜਿਸਨੂੰ ਆਜ਼ਾਦੀ ਕਹਿੰਦੀ ਹੈ
ਮੇਰੀ ਮਾਂ ਤਾਂ ਉਸਨੂੰ 'ਹੱਲਚਲੇ ' ਦਾ ਨਾਂ ਦਿੰਦੀ ਹੈ
ਜਦ ਬੱਕਰਿਆਂ ਵਾਂਗੂੰ ਕੋਹੇ ਗਏ ਮਾਸੂਮਾਂ ਦੀ ਉਹ ਕਹਾਣੀ ਦੱਸਦੀ ਹੈ
ਤਾਂ ਰੋ ਪੈਂਦੀ ਹੈ
ਉਹ ਨੂਰੇ ਜੁਲਾਹੇ ਦੇ ਪੁੱਤਾਂ ਨੂੰ ਨਹੀਂ ਭੁੱਲ ਸਕੀ
ਜਿੰਨਾਂ ਦੇ ਧੜਾਂ ਤੋਂ ਜੁਦਾ ਹੋਏ ਸਿਰ
ਉਹਨੇਂ ਸਾਈਆਂ ਵਾਲੇ ਬੋਹੜ ਥੱਲੇ ਵੇਖੇ ਸਨ।
ਉਹਨਾਂ ਦੇ ਗੇਲੀਆਂ ਵਰਗੇ ਪੱਟਾਂ ਤੇ
ਛਪਾਰ ਦੇ ਮੇਲੇ ਤੋਂ ਪਵਾਏ ਮੋਰਾਂ ਨੇਂ ਅਜੇ ਪੈਲਾਂ ਪਾ ਕੇ ਵੇਖਣੀਆਂ ਸਨ।
ਉਹ ਬਹੁਤ ਯਾਦ ਕਰਦੀ ਹੈ ਆਪਣੀ ਸਹੇਲੀ ਨੈਣ- ਤਾਰਾ ਨੂੰ
ਜੋ ਹੁੰਦੀ ਸੀ ਉਹਦੇ ਪਿੰਡ ਦਾ ਸ਼ਿੰਗਾਰ
ਤੇ ਹੋ ਗਈ ਮੁਸ਼ਟੰਡਿਆਂ ਦੀ ਹਵਸ ਦਾ ਸ਼ਿਕਾਰ
ਪਿੰਡ ਦੀ ਸੱਥ ਚ ਪਈ ਉਹਦੀ ਅੱਧ-ਨੰਗੀ ਲਾਸ਼
ਰਹੀ ਸੀ ਪਿੰਡ ਦੀ ਪੱਗ ਨੂੰ ਫਿਟਕਾਰ
ਆਜ਼ਾਦੀ ਦੇ ਅਰਥ ਹਰ ਪੰਦਰਾਂ ਅਗਸਤ ਨੂੰ ਝੰਡਾ ਝੁਲਾ ਦੇਣਾ ਹੀ ਨਹੀਂ
ਭੁਖਿਆਂ ਨੂੰ ਰੋਟੀ ਦੇਣਾ ਵੀ ਹੈ
ਆਈ ਹੋਊ ਆਜ਼ਾਦੀ ਕੁਝ ਵੱਡਿਆਂ ਘਰਾਂ ਲਈ
ਸਾਡਿਆਂ ਬੋਲਾਂ ਤੇ ਤਾਂ ਕੱਲ੍ਹ ਵੀ ਪਹਿਰਾ ਸੀ ਤੇ ਅੱਜ ਵੀ ਪਹਿਰਾ ਹੈ
ਸਾਡੇ ਘਰ ਚ ਅੱਗੇ ਨਾਲੋਂ ਵੀ ਵੱਧ ਹਨੇਰਾ ਹੈ
ਮਾਹਾਂਵਿਦਿਆਲੇ ਦੇ ਸਿਲੇਬਸ 'ਚ..........
ਧਰਮ ਕੰਮੇਆਣਾ