*51000 ਹਜ਼ਾਰ ਕੈਨੇਡੀਅਨ ਡਾਲਰ ਵਾਲੇ ਢਾਹਾਂ ਸਾਹਿਤ ਇਨਾਮ ਦੇ ਸਾਲ 2025 ਲਈ ਜੇਤੂ ਅਤੇ ਫਾਈਨਲਿਸਟ ਪੁਸਤਕਾਂ ਦਾ ਐਲਾਨ*
*ਢਾਹਾਂ ਸਾਹਿਤ ਇਨਾਮ 2025 ਦੇ ਜੇਤੂ ਰਹੇ ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ ਨੇ ਜਿੱਤਿਆ 25000 ਕੈਨੇਡੀਅਨ ਡਾਲਰ ਦਾ ਇਨਾਮ*
*ਦੋ ਫਾਈਨਲਿਸਟ ਮੁਦੱਸਰ ਬਸ਼ੀਰ (ਲਾਹੌਰ) ਅਤੇ ਭਗਵੰਤ ਰਸੂਲਪੁਰੀ (ਜਲੰਧਰ) ਦਾ 10-10 ਹਜ਼ਾਰ ਡਾਲਰ ਦੇ ਇਨਾਮ ਨਾਲ ਸਨਮਾਨ*
ਬੰਗਾ / ਵੈਨਕੂਵਰ (ਬੀ.ਸੀ) 15 ਨਵੰਬਰ () ਪੰਜਾਬੀ ਗਲਪ ਲਈ ਵਿਸ਼ਵ ਦੇ ਪ੍ਰਸਿੱਧ ਸਾਹਿਤਕ ਢਾਹਾਂ ਸਾਹਿਤ ਇਨਾਮ ਨੇ ਆਪਣੇ 12ਵੇਂ ਜੇਤੂ ਨਾਵਲਕਾਰ ਸ੍ਰੀ ਬਲਬੀਰ ਪਰਵਾਨਾ (ਜਲੰਧਰ ) ਨੂੰ ਉਹਨਾਂ ਦੇ ਗੁਰਮੁਖੀ ਲਿਪੀ ਵਿਚ ਲਿਖੇ ਨਾਵਲ ‘ਰੌਲਿਆਂ ਵੇਲੇ’ ਲਈ 25,000 ਕੈਨੇਡੀਅਨ ਡਾਲਰ ਦੇ ਪੁਰਸਕਾਰ ਨਾਲ ਸਰੀ, ਬੀ.ਸੀ. ਵਿੱਚ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਵਿਖੇ ਹੋਏ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ । ਜਦ ਕਿ ਦੋ ਫਾਈਨਲਿਸਟਾਂ ਸ੍ਰੀ ਮੁਦੱਸਰ ਬਸ਼ੀਰ (ਲਾਹੌਰ) ਨੂੰ ਸ਼ਾਹਮੁਖੀ ਲਿਪੀ ਵਿਚ ਲਿਖੇ ਨਾਵਲ ‘ਗੋਇਲ’ ਅਤੇ ਸ੍ਰੀ ਭਗਵੰਤ ਰਸੂਲਪੁਰੀ (ਜਲੰਧਰ) ਨੂੰ ਉਸ ਦੇ ਗੁਰਮੁਖੀ ਵਿਚ ਲਿਖੇ ਲਘੂ ਕਹਾਣੀ ਸੰਗ੍ਰਹਿ ‘ਡਲਿਵਰੀ ਮੈਨ’ ਲਈ 10-10 ਹਜ਼ਾਰ ਕੈਨੇਡੀਅਨ ਡਾਲਰ ਦੇ ਇਨਾਮ ਨਾਲ ਸਨਮਾਨ ਕੀਤਾ ਗਿਆ । ਤਿੰਨਾਂ ਇਨਾਮ ਜੇਤੂਆਂ ਨੂੰ ਹੱਥਾਂ ਨਾਲ ਤਿਆਰ ਕੀਤੇ ਵਿਸ਼ੇਸ਼ ਸਨਮਾਨ ਚਿੰਨ੍ਹਾਂ ਨਾਲ ਇਹ ਇਨਾਮ ਭੇਟ ਕੀਤੇ ਗਏ । ਇਸ ਮੌਕੇ ਇਹਨਾਂ ਤਿੰਨਾਂ ਪੁਸਤਕਾਂ ਦੇ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਲਿਪੀਅੰਤਰਨ ਲਈ 6,000 ਕੈਨੇਡੀਅਨ ਡਾਲਰ ਦਾ ਇਨਾਮ ਪ੍ਰਦਾਨ ਕੀਤਾ ਗਿਆ।
ਸਨਮਾਨ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਨਾਵਲਕਾਰ ਸ੍ਰੀ ਬਲਬੀਰ ਪਰਵਾਨਾ ਨੇ ਕਿਹਾ ਕਿ, “ਇਸ ਪੁਰਸਕਾਰ ਨੇ ਮੇਰੇ ਨਾਵਲ ਨੂੰ ਪਾਠਕਾਂ ਦੀ ਇੱਕ ਨਵੀਂ ਦੁਨੀਆਂ ਦਿੱਤੀ ਹੈ,” । ਜਦੋਂ ਮੈਂ ਆਪਣੇ ਨਾਮ ਦਾ ਐਲਾਨ ਸੁਣਿਆ ਤਾਂ ਮੈਂ ਖੁਸ਼ੀ ਅਤੇ ਉਤਸ਼ਾਹ ਨਾਲ ਭਰ ਗਿਆ । ਇਸ ਇਨਾਮ ਨੇ ਮੈਨੂੰ ਰਚਨਾਵਾਂ ਰਚਦੇ ਰਹਿਣ ਲਈ ਉਤਸ਼ਾਹਿਤ ਕੀਤਾ ਹੈ । ਲਹਿੰਦੇ ਪੰਜਾਬ ਤੋਂ ਕੈਨੇਡਾ ਪੁੱਜੇ ਨਾਵਲਕਾਰ ਸ੍ਰੀ ਮੁਦੱਸਰ ਬਸ਼ੀਰ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਕਿਹਾ ਕਿ, " ਇਹ ਸਨਮਾਨ ਪ੍ਰਾਪਤ ਕਰਨ ਬਾਅਦ ਮੇਰੇ ਕੋਲ ਕਹਿਣ ਨੂੰ ਸ਼ਬਦ ਨਹੀਂ ਹਨ । ਮੈਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਹੁਤ ਪਿਆਰ ਕਰਦਾ ਹਾਂ । ਇਸ ਇਨਾਮ ਦੇ ਮਿਲਣ ਉਪਰੰਤ, ਮੈਂ ਮਾਂ ਬੋਲੀ ਪੰਜਾਬੀ ਦੀ ਸੇਵਾ ਹੋਰ ਵੀ ਜ਼ਿੰਮੇਵਾਰੀ ਨਾਲ ਜਾਰੀ ਰੱਖਣ ਦੀ ਪੂਰਨ ਆਸ ਰੱਖਦਾ ਹਾਂ ।" ਕਹਾਣੀਕਾਰ ਸ੍ਰੀ ਭਗਵੰਤ ਰਸੂਲਪੁਰੀ ਨੇ ਕਿਹਾ, " ਢਾਹਾਂ ਸਾਹਿਤ ਇਨਾਮ ਦੇ ਫਾਈਨਲਿਸਟ ਵਜੋਂ ਨਾਮਜ਼ਦ ਹੋਣਾ ਇੱਕ ਵੱਡੀ ਪ੍ਰਾਪਤੀ ਹੈ । ਜਿਸ ਨਾਲ ਹੁਣ ਮੇਰੀਆਂ ਕਹਾਣੀਆਂ ਪੰਜਾਬੀ ਭਾਸ਼ਾ ਦੀਆਂ ਸੀਮਾਵਾਂ ਤੋਂ ਪਾਰ ਹੋਰ ਭਾਸ਼ਾਵਾਂ ਦੇ ਪਾਠਕਾਂ ਤੱਕ ਵੀ ਪਹੁੰਚ ਕਰ ਸਕਦੀਆਂ ਹਨ ।"
ਇਸ ਮੌਕੇ ਬੀ.ਸੀ. ਪੁਰਸਕਾਰ ਜੇਤੂ ਲੇਖਕ ਗੁਰਜਿੰਦਰ ਬਸਰਾਨ ਨੇ ਮੁੱਖ ਭਾਸ਼ਣ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ, ਢਾਹਾਂ ਸਾਹਿਤ ਇਨਾਮ ਦੇ ਤਿੰਨਾਂ ਜੇਤੂਆਂ ਨੂੰ ਹਾਰਦਿਕ ਵਧਾਈ ਦਿੱਤੀ । ਉਹਨਾਂ ਨੇ ਢਾਹਾਂ ਸਾਹਿਤ ਇਨਾਮ ਵੱਲੋ ਮਾਂ ਬੋਲੀ ਪੰਜਾਬੀ ਦੇ ਸਮੁੱਚੀ ਦੁਨੀਆਂ ਵਿਚ ਪ੍ਰਚਾਰ ਅਤੇ ਪਸਾਰ ਲਈ ਕੀਤੇ ਜਾ ਰਹੇ ਉੱਦਮਾਂ ਦੀ ਭਾਰੀ ਸ਼ਲਾਘਾ ਕੀਤੀ।
ਸਮਾਰੋਹ ਵਿਚ ਇਨਾਮ ਦੇ ਸੰਸਥਾਪਕ ਸ. ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ “ਸਾਡਾ ਮਿਸ਼ਨ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ 'ਤੇ ਉੱਚਾ ਚੁੱਕਣਾ ਹੈ । ਇਸ ਲਈ ਪੰਜਾਬੀ ਗਲਪ ਵਿੱਚ ਸ਼ਕਤੀਸ਼ਾਲੀ ਨਵੀਆਂ ਕਹਾਣੀਆਂ ਨੂੰ ਪਛਾਣ ਕੇ ਉਹਨਾਂ ਲਈ ਪਾਠਕਾਂ ਨੂੰ ਪ੍ਰੇਰਿਤ ਕਰਨਾ, ਲੇਖਕਾਂ ਦੀ ਹੌਂਸਲਾ ਅਫਜ਼ਾਈ ਕਰਨੀ ਅਤੇ ਸਰਹੱਦਾਂ ਦੇ ਆਰ-ਪਾਰ ਸੱਭਿਆਚਾਰਕ ਭਾਈਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ” ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਦੁਨੀਆਂ ਭਰ ਵਿਚ ਹਰ ਸਾਲ ਪ੍ਰਕਾਸ਼ਿਤ ਹੋਣ ਵਾਲੀਆਂ ਪੰਜਾਬੀ ਗਲਪ ਦੀਆਂ ਉੱਤਮ ਰਚਨਾਵਾਂ ਨੂੰ ਆਮ ਲੋਕਾਈ ਤੱਕ ਪਹੁੰਚਾਉਣਾ ਹੈ । ਅਸੀਂ ਸਾਹਿਤ ਰਾਹੀਂ ਦੋਵਾਂ ਪੰਜਾਬਾਂ ਵਿਚ ਵੀ ਸਾਂਝਾਂ ਦਾ ਪੁਲ ਬਣਾਉਣ ਲਈ ਯਤਨਸ਼ੀਲ ਹਾਂ । ਇਸ ਲਈ ਇਹਨਾਂ ਜੇਤੂ ਪੁਸਤਕਾਂ ਦਾ ਲਿਪੀਅੰਤਰਨ ਕਰਕੇ ਆਮ ਲੋਕਾਈ ਤੱਕ ਪੁੰਹਚਣਾ ਇਸ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਪ੍ਰਮੁੱਖ ਹੈ । ਉਹਨਾਂ ਕਿਹਾ ਕਿ ਸਾਲ 2025 ਇਨਾਮ ਦੇ ਜੇਤੂ ਜਿੱਥੇ ਸਾਡੇ ਪੰਜਾਬੀ ਸਾਹਿਤ ਦੇ ਉੱਚ ਕੋਟੀ ਦੇ ਨਾਵਲਕਾਰ ਅਤੇ ਕਹਾਣੀਕਾਰ ਹਨ, ਉੱਥੇ ਉਹਨਾਂ ਦੀਆਂ ਪੁਸਤਕਾਂ ਦੇ ਵਿਸ਼ੇ ਸਾਨੂੰ ਇੱਕ ਵਿੱਲਖਣ ਸੁਨੇਹਾ ਪ੍ਰਦਾਨ ਕਰਦੇ ਹਨ । ਉਹਨਾਂ ਕਿਹਾ ਕਿ ਢਾਹਾਂ ਸਾਹਿਤ ਪੁਰਸਕਾਰ ਵੱਲੋਂ ਪੰਜਾਬੀ ਸਾਹਿਤ ਰਚਨਾ ਨੂੰ ਉਤਸ਼ਾਹਿਤ ਕਰਨ, ਵਿਸ਼ਵ ਭਰ ਦੇ ਪੰਜਾਬੀ ਭਾਈਚਾਰਿਆਂ ਨੂੰ ਜੋੜਨ, ਮਾਂ-ਬੋਲੀ ਅਤੇ ਪੰਜਾਬੀ ਭਾਸ਼ਾ-ਸਾਹਿਤ ਦੇ ਪ੍ਰਚਾਰ ਅਤੇ ਪਸਾਰ ਕਰਨ ਲਈ ਵੱਖ ਵੱਖ ਉਪਰਾਲੇ ਕਰ ਰਿਹਾ ਹੈ ।
ਇਸ ਮੌਕੇ ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਦੇ ਪ੍ਰਧਾਨ, ਸੈਨੇਟਰ ਸ. ਬਲਤੇਜ ਸਿੰਘ ਢਿੱਲੋਂ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਯਮਲਾ ਜੱਟ ਦੇ ਪੋਤੇ ਵਿਜੇ ਯਮਲਾ ਵੱਲੋਂ ਮਨਮੋਹਕ ਸੰਗੀਤਕ ਪੇਸ਼ਕਾਰੀ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ । ਸਨਮਾਨ ਸਮਾਰੋਹ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਸ਼ਹਿਰ ਅਤੇ ਸਰੀ ਸ਼ਹਿਰ ਵਿਚ ਢਾਹਾਂ ਸਾਹਿਤ ਇਨਾਮ ਨੂੰ ਸਮਰਪਿਤ “ਪੰਜਾਬੀ ਸਾਹਿਤ ਹਫਤੇ” ਦੀ ਹੋਈ ਘੋਸ਼ਣਾ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ । ਇਸ ਮੌਕੇ ਵੱਖ ਵੱਖ ਪ੍ਰਸਿੱਧ ਲੇਖਕਾਂ ਤੋਂ ਇਲਾਵਾ ਸਿਆਸੀ ਆਗੂ, ਸਮਾਜਿਕ ਕਾਰਕੁੰਨ ਤੇ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੀਆਂ ਸ਼ਖਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ ।
ਢਾਹਾਂ ਸਾਹਿਤ ਇਨਾਮ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ਢਾਹਾਂ ਪਰਿਵਾਰ ਵੱਲੋਂ ਸਾਲ 2013 ’ਚ ਸਥਾਪਿਤ ਕੀਤਾ ਗਿਆ ਸੀ। ਇਸ ਖਿੱਤੇ ਵਿੱਚ ਪੰਜਾਬੀ ਲੋਕਾਂ, ਭਾਸ਼ਾ ਅਤੇ ਸੱਭਿਆਚਾਰ ਦਾ ਇੱਕ ਅਮੀਰ ਇਤਿਹਾਸ ਹੈ। ਪੰਜਾਬੀ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਦੇਸ਼ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਵਿੱਚ ਇੱਕ ਮਜ਼ਬੂਤ ਧਾਗਾ ਹੈ। ਇਸ ਇਨਾਮ ਦੇ ਪ੍ਰਮੁੱਖ ਸੰਸਥਾਪਕ ਸ. ਬਰਜਿੰਦਰ ਸਿੰਘ ਢਾਹਾਂ ਤੇ ਉਹਨਾਂ ਦੀ ਪਤਨੀ ਰੀਟਾ ਢਾਹਾਂ ਵੱਲੋਂ ਸਮੂਹ ਢਾਹਾਂ ਪਰਿਵਾਰ, ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ (CIES) ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC) ਦੇ ਸਹਿਯੋਗ ਨਾਲ ਸਾਲ 2013 ਵਿੱਚ ਢਾਹਾਂ ਪੁਰਸਕਾਰ ਦੀ ਸ਼ੁਰੂਆਤ ਕੀਤੀ ਸੀ । ਢਾਹਾਂ ਸਾਹਿਤ ਇਨਾਮ ਨੇ ਪਿਛਲੇ ਬਾਰਾਂ ਸਾਲਾਂ ਦੇ ਸ਼ਾਨਦਾਰ ਸਫਰ ਦੌਰਾਨ ਆਲੋਚਨਾਤਮਕ ਪ੍ਰਸ਼ੰਸਾ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਜਿਸ ਨਾਲ ਜੇਤੂ ਲੇਖਕਾਂ ਅਤੇ ਉਨ੍ਹਾਂ ਦੀਆਂ ਕਿਤਾਬਾਂ ਲਈ ਵਿਆਪਕ, ਬਹੁ-ਭਾਸ਼ਾਈ ਸਰੋਤਿਆਂ ਤੱਕ ਪਹੁੰਚਣ ਲਈ ਢਾਹਾਂ ਸਾਹਿਤ ਇਨਾਮ ਨੇ ਨਵੇਂ ਰਾਹ ਬਣਾਏ ਹਨ ।
ਵਰਨਣਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਢਾਹਾਂ ਦੇ ਜੰਮਪਲ ਅਤੇ ਬੀ.ਸੀ. ਕੈਨੇਡਾ ਦੇ ਨਿਵਾਸੀ ਬਰਜਿੰਦਰ ਸਿੰਘ ਢਾਹਾਂ, ਬੀਬੀ ਕਸ਼ਮੀਰ ਕੌਰ ਢਾਹਾਂ ਅਤੇ ਪ੍ਰਸਿੱਧ ਸਮਾਜ ਸੇਵਕ ਸਵ: ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਹੋਣਹਾਰ ਸਪੁੱਤਰ ਅਤੇ ਇਸ ਟਰੱਸਟ ਦੇ ਮੌਜੂਦਾ ਮੀਤ ਪ੍ਰਧਾਨ ਵੀ ਹਨ । ਉਹਨਾਂ ਦੇ ਸਮੂਹ ਢਾਹਾਂ ਪਰਿਵਾਰ ਵੱਲੋਂ ਕਾਇਮ ਕੀਤਾ ਢਾਹਾਂ ਸਾਹਿਤ ਇਨਾਮ ਪੰਜਾਬੀ ਭਾਸ਼ਾ ਵਿੱਚ ਗਲਪ ਪੁਸਤਕਾਂ ਲਈ ਸਭ ਤੋਂ ਵੱਡਾ ਅੰਤਰਰਾਸ਼ਟਰੀ ਸਾਹਿਤਕ ਪੁਰਸਕਾਰ ਬਣ ਚੁੱਕਾ ਹੈ ।