ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਆਲੇ-ਦੁਆਲੇ ਮਜ਼ਬੂਤੀ ਦਾ ਕੰਮ ਜਾਰੀ – ਹਰਜੋਤ ਬੈਂਸ
ਹਰਜੋਤ ਬੈਂਸ ਵੱਲੋਂ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਲੱਗੇ ਵਾਹਨਾਂ ਦੇ ਡੀਜ਼ਲ ਲਈ 50,000 ਰੁਪਏ ਦਾ ਯੋਗਦਾਨ
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ 16 ਸਤੰਬਰ,2025
ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਕਿ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਆਲੇ-ਦੁਆਲੇ ਦਾ ਭਾਰੀ ਬਰਸਾਤ ਕਾਰਨ ਕਾਫ਼ੀ ਨੁਕਸਾਨ ਹੋਇਆ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨਾਂ, ਸਥਾਨਕ ਨਿਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋਸ਼ਿਸ਼ਾਂ ਨਾਲ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਪ੍ਰਭਾਵਿਤ ਖੇਤਰ ਦੀ ਮੁੜ ਮੁਰੰਮਤ ਹੋ ਸਕੇ। ਉਨ੍ਹਾਂ ਕਿਹਾ ਕਿ ਲਗਾਤਾਰ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਕਾਫ਼ੀ ਰਾਹਤ ਪਹੁੰਚਾਈ ਹੈ ਅਤੇ ਹੁਣ ਇਸ ਪਵਿੱਤਰ ਸਥਾਨ ਦੀ ਸੁਰੱਖਿਆ ਲਈ ਕੰਕਰੀਟ ਮਾਲ ਦੇ ਨਾਲ ਮਜ਼ਬੂਤੀ ਦਾ ਕੰਮ ਜਾਰੀ ਹੈ।
ਸ.ਬੈਂਸ ਨੇ ਕੰਮ ਪ੍ਰਤੀ ਆਪਣੀ ਵਚਨਬੱਧਤਾ ਦਰਸਾਉਂਦੇ ਹੋਏ ਕਿਹਾ ਕਿ ਸਥਾਨਕ ਸੇਵਾਦਾਰਾਂ ਵੱਲੋਂ ਚਲਾਈ ਜਾ ਰਹੀ ਕਾਰ ਸੇਵਾ ਵਿੱਚ ਸ਼ਾਮਲ ਟਰੈਕਟਰਾਂ ਅਤੇ ਹੋਰ ਵਾਹਨਾਂ ਦੇ ਡੀਜ਼ਲ ਲਈ 50,000 ਰੁਪਏ ਦਾ ਯੋਗਦਾਨ ਦਿੱਤਾ ਹੈ।। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਜੋ ਵਾਹਿਗੁਰੂ ਦੀ ਕਿਰਪਾ ਨਾਲ ਸਮਰੱਥ ਹਨ, ਉਹ ਅੱਗੇ ਆ ਕੇ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੀਆਂ ਸਾਰੀਆਂ ਦੀਆਂ ਸਾਝੀਆਂ ਕੋਸ਼ਿਸ਼ਾਂ ਅਤੇ ਉਨ੍ਹਾਂ ਦਾ ਖੁਦ ਦਾ ਪਰਿਵਾਰ, ਦੋਸਤ, ਆਮ ਆਦਮੀ ਪਾਰਟੀ ਦੇ ਵਲੰਟੀਅਰ, ਪੰਚ-ਸਰਪੰਚ ਅਤੇ ਸਥਾਨਕ ਨਾਗਰਿਕ ਇਸ ਰਾਹਤ ਕੰਮ ਵਿੱਚ ਸਰਗਰਮ ਹਿੱਸਾ ਪਾ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ ‘ਆਪਰੇਸ਼ਨ ਰਾਹਤ’ ਵਿਸ਼ੇਸ਼ ਮੁਹਿੰਮ ਤਹਿਤ ਉਨ੍ਹਾਂ ਦੀ ਟੀਮ ਹੜ੍ਹ ਪ੍ਰਭਾਵਿਤ ਹਰ ਕੋਨੇ ਤੱਕ ਪਹੁੰਚ ਕੇ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਸਹਾਇਤਾ ਪਹੁੰਚਾ ਰਹੀ ਹੈ। ਇਸਦੇ ਨਾਲ ਹੀ ਵੱਡੇ ਪੱਧਰ ‘ਤੇ ਪ੍ਰਭਾਵਿਤ ਪਿੰਡਾਂ ਅਤੇ ਕਸਬਿਆਂ ਵਿੱਚ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਫਾਗਿੰਗ ਅਤੇ ਸੈਨੀਟਾਈਜ਼ੇਸ਼ਨ ਡਰਾਈਵ ਚਲਾਈ ਜਾ ਰਹੀ ਹੈ।
ਸ. ਬੈਂਸ ਨੇ ਦੱਸਿਆ ਕਿ ਇੱਕ ਵੱਡੀ ਮਸ਼ੀਨ, ਜਿਸ ਵਿੱਚ ਕੀਟਨਾਸ਼ਕ ਭਰੇ ਹੋਏ ਹਨ, ਪੰਜ ਦਰਮਿਆਨੇ ਆਕਾਰ ਦੀਆਂ ਮਸ਼ੀਨਾਂ ਅਤੇ ਦਸ ਛੋਟੀਆਂ ਮਸ਼ੀਨਾਂ ਖੇਤਰ ਵਿੱਚ ਸਫ਼ਾਈ ਯਕੀਨੀ ਬਣਾਉਣ ਲਈ ਲਗਾਈਆਂ ਗਈਆਂ ਹਨ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਸਾਵਧਾਨ ਰਹਿਣ, ਜੋ ਇਸ ਮੌਸਮ ਵਿੱਚ ਖੜ੍ਹੇ ਪਾਣੀ ਕਾਰਨ ਵਧਦੀਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ “ਅਸੀਂ ਹਰ ਵਿਅਕਤੀ ਦੀ ਸੁਰੱਖਿਆ ਅਤੇ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਜਿਹੜੇ ਵੀ ਮੁਸੀਬਤ ਵਿੱਚ ਹਨ ਉਹ ਸਾਡੇ ਹੈਲਪਲਾਈਨ ਨੰਬਰਾਂ ਜਾਂ ਸਹਾਇਤਾ ਕੇਂਦਰਾਂ ਰਾਹੀਂ ਸੰਪਰਕ ਕਰ ਸਕਦੇ ਹਨ। ਸ.ਬੈਂਸ ਨੇ ਸਥਾਨਕ ਨਾਗਰਿਕਾਂ, ਨੌਜਵਾਨਾਂ, ਪੰਚ-ਸਰਪੰਚਾਂ, ਟੀਮ ਮੈਂਬਰਾਂ ਅਤੇ ਸਾਰੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਨਿਸ਼ਕਾਮ ਭਾਵਨਾ ਨਾਲ ਅੱਗੇ ਆ ਕੇ ਇਸ ਕੰਮ ਵਿੱਚ ਯੋਗਦਾਨ ਪਾਇਆ।