ਬੇਸਹਾਰਾ ਬਜ਼ੁਰਗ ਜੋੜੇ ਦੀ ਗੁਹਾਰ: ਘਰੋਂ ਕੱਢੇ, ਤਰਪਾਲ ਹੇਠਾਂ ਗੁਜ਼ਾਰਾ ਕਰਨ ਲਈ ਮਜਬੂਰ
Baljit Singh
ਤਰਨ ਤਾਰਨ: ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੱਖੋਕੇ ਵਿੱਚ ਇੱਕ ਬਜ਼ੁਰਗ ਜੋੜਾ, ਮੰਗਲ ਸਿੰਘ ਅਤੇ ਉਸ ਦੀ ਪਤਨੀ ਜਸਬੀਰ ਕੌਰ, ਬਹੁਤ ਹੀ ਮਾੜੇ ਹਾਲਾਤਾਂ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਹਨ। ਸਾਰੀ ਉਮਰ ਮਿਹਨਤ-ਮਜ਼ਦੂਰੀ ਕਰਨ ਤੋਂ ਬਾਅਦ, ਉਹ ਹੁਣ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ ਹਨ। ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਤੋਂ ਮਦਦ ਦੀ ਅਪੀਲ ਕੀਤੀ ਹੈ।
ਬਜ਼ੁਰਗ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਲੜਕੇ ਸਨ, ਜਿਨ੍ਹਾਂ ਵਿੱਚੋਂ ਛੋਟੇ ਦੀ ਛੇ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ। ਵੱਡੇ ਲੜਕੇ ਦਾ ਵਿਆਹ ਬੜੀ ਰੀਝ ਨਾਲ ਕੀਤਾ ਸੀ, ਪਰ ਵਿਆਹ ਤੋਂ ਬਾਅਦ ਉਹ ਅਤੇ ਉਸ ਦੀ ਪਤਨੀ ਉਨ੍ਹਾਂ ਨਾਲ ਲੜਾਈ-ਝਗੜਾ ਕਰਨ ਲੱਗ ਪਏ। ਆਖ਼ਰਕਾਰ, ਉਨ੍ਹਾਂ ਨੇ ਜੋੜੇ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਉਨ੍ਹਾਂ ਦੇ ਸਾਰੇ ਸਾਮਾਨ 'ਤੇ ਕਬਜ਼ਾ ਕਰ ਲਿਆ।
ਘਰੋਂ ਕੱਢੇ ਜਾਣ ਤੋਂ ਬਾਅਦ, ਮੰਗਲ ਸਿੰਘ ਅਤੇ ਜਸਬੀਰ ਕੌਰ ਨੇ ਆਪਣੇ ਹੀ ਪਲਾਟ ਵਿੱਚ ਪਏ ਇੱਕ ਪੁਰਾਣੇ ਕਮਰੇ ਵਿੱਚ ਰਹਿਣਾ ਸ਼ੁਰੂ ਕੀਤਾ, ਪਰ ਬਾਰਿਸ਼ ਕਾਰਨ ਉਸ ਦੀਆਂ ਕੰਧਾਂ ਅਤੇ ਛੱਤ ਵੀ ਡਿੱਗ ਗਈਆਂ। ਹੁਣ ਉਹ ਸਿਰਫ਼ ਤਰਪਾਲ ਲਗਾ ਕੇ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਨਾ ਕੋਈ ਬਾਥਰੂਮ ਹੈ, ਨਾ ਪਾਣੀ ਲਈ ਮੋਟਰ, ਅਤੇ ਨਾ ਹੀ ਰੋਟੀ ਬਣਾਉਣ ਲਈ ਰਸੋਈ ਜਾਂ ਚੁੱਲ੍ਹਾ।
ਮੰਗਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਉਹ ਸਿਰਫ਼ ਦੋ ਵਕਤ ਦੀ ਰੋਟੀ ਹੀ ਨਹੀਂ, ਸਗੋਂ ਆਪਣੀਆਂ ਸੱਟਾਂ ਲਈ ਦਵਾਈਆਂ ਵੀ ਨਹੀਂ ਖਰੀਦ ਸਕਦੇ। ਇਸ ਵੇਲੇ ਉਹ ਖੇਤਾਂ ਵਿੱਚੋਂ ਡਿੱਗਿਆ ਹੋਇਆ ਝੋਨਾ ਇਕੱਠਾ ਕਰਕੇ 10-15 ਰੁਪਏ ਕਮਾਉਂਦੇ ਹਨ, ਜਿਸ ਨਾਲ ਉਹ ਆਟਾ ਖਰੀਦ ਕੇ ਰੋਟੀ ਖਾਂਦੇ ਹਨ।
ਬਜ਼ੁਰਗ ਜੋੜੇ ਨੇ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਕੋਈ ਦਾਨੀ ਸੱਜਣ ਅੱਗੇ ਆ ਕੇ ਉਨ੍ਹਾਂ ਦੀ ਮਦਦ ਕਰੇ, ਤਾਂ ਜੋ ਉਹ ਆਪਣਾ ਬੁਢਾਪਾ ਸਨਮਾਨ ਨਾਲ ਬਿਤਾ ਸਕਣ।
ਮਦਦ ਲਈ ਸੰਪਰਕ ਜਾਣਕਾਰੀ:
ਮੋਬਾਈਲ ਨੰਬਰ: 7696878313
ਕੈਨਰਾ ਬੈਂਕ ਖਾਤਾ ਨੰਬਰ: 2091108035696
ਆਈਐਫਐਸਸੀ ਕੋਡ: CNRB0002091