ਪਤਨ ਤੋਂ ਤਰੱਕੀ ਤੱਕ: ਪੀਐੱਮ ਮੋਦੀ ਕਿਵੇਂ ਮੁੜ ਉਸਾਰ ਰਹੇ ਹਨ ਨਵਾਂ ਸ਼ਹਿਰੀ ਭਾਰਤ- ਹਰਦੀਪ ਐੱਸ ਪੁਰੀ
ਰੋਮ ਇੱਕ ਦਿਨ ਵਿੱਚ ਨਹੀਂ ਬਣਿਆ ਸੀ, ਉਸੇ ਤਰ੍ਹਾਂ ਨਵਾਂ ਸ਼ਹਿਰੀ ਭਾਰਤ ਵੀ ਇੱਕ ਦਿਨ ਵਿੱਚ ਨਹੀਂ ਬਣੇਗਾ। ਪਰ ਜਦੋਂ ਅਸੀਂ ਆਪਣੇ ਸ਼ਹਿਰਾਂ ਤੋਂ ਹੋਰ ਜ਼ਿਆਦਾ ਦੀ ਉਮੀਦ ਕਰਦੇ ਹਾਂ, ਤਾਂ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਅਸੀਂ ਪਹਿਲਾਂ ਹੀ ਕਿੰਨੀ ਦੂਰੀ ਤੈਅ ਕਰ ਚੁੱਕੇ ਹਾਂ? ਆਜ਼ਾਦੀ ਤੋਂ ਦਹਾਕਿਆਂ ਬਾਅਦ ਤੱਕ, ਭਾਰਤ ਦੇ ਸ਼ਹਿਰ ਇੱਕ ਅਣਗੌਲਿਆ ਵਿਚਾਰ ਸਨ। ਨਹਿਰੂ ਦੀ ਸੋਵੀਅਤ ਸ਼ੈਲੀ ਦੀ ਕੇਂਦ੍ਰਿਤ ਸੋਚ ਨੇ ਸਾਨੂੰ ਸ਼ਾਸਤਰੀ ਭਵਨ ਅਤੇ ਉਦਯੋਗ ਭਵਨ ਵਰਗੇ ਕੰਕਰੀਟ ਦੇ ਵੱਡੇ ਭਵਨ ਦਿੱਤੇ, ਜੋ 1990 ਦੇ ਦਹਾਕੇ ਤੱਕ ਢਹਿਣ ਲੱਗੇ ਸਨ ਅਤੇ ਸੇਵਾ ਦੀ ਬਜਾਏ ਨੌਕਰਸ਼ਾਹੀ ਦੇ ਸਮਾਰਕ ਬਣ ਕੇ ਰਹਿ ਗਏ।
2010 ਦੇ ਦਹਾਕੇ ਤੱਕ ਦਿੱਲੀ ਦੀ ਹਾਲਤ ਬਹੁਤ ਖ਼ਰਾਬ ਸੀ। ਸੜਕਾਂ ’ਤੇ ਟੋਏ ਸਨ, ਸਰਕਾਰੀ ਇਮਾਰਤਾਂ ਪੁਰਾਣੀਆਂ, ਬਦਰੰਗ ਤੇ ਚੋਂਦੀਆਂ ਛੱਤਾਂ ਵਾਲੀਆਂ ਸਨ ਅਤੇ ਐੱਨਸੀਆਰ ਦੀਆਂ ਬਾਹਰੀ ਸੜਕਾਂ ’ਤੇ ਹਮੇਸ਼ਾ ਜਾਮ ਲੱਗਾ ਰਹਿੰਦਾ ਸੀ। ਐਕਸਪ੍ਰੈਸਵੇਅ ਬਹੁਤ ਘੱਟ ਸਨ, ਮੈਟਰੋ ਕੁਝ ਹੀ ਸ਼ਹਿਰਾਂ ਤੱਕ ਸੀਮਤ ਸੀ ਅਤੇ ਬੁਨਿਆਦੀ ਢਾਂਚਾ ਤੇਜ਼ੀ ਨਾਲ ਟੁੱਟ-ਫੁੱਟ ਦਾ ਸ਼ਿਕਾਰ ਹੋ ਰਿਹਾ ਸੀ। ਦੁਨੀਆ ਦੀ ਅਗਵਾਈ ਕਰਨ ਦਾ ਸੁਫ਼ਨਾ ਦੇਖਣ ਵਾਲੇ ਦੇਸ਼ ਦੀ ਰਾਜਧਾਨੀ ਅਣਗਹਿਲੀ ਅਤੇ ਬਦਹਾਲ ਹਾਲਤ ਦਾ ਪ੍ਰਤੀਕ ਬਣ ਚੁੱਕੀ ਸੀ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਾਲਾਤ ਨੂੰ ਬਦਲ ਦਿੱਤਾ। ਉਨ੍ਹਾਂ ਨੇ ਸ਼ਹਿਰਾਂ ਨੂੰ ਭਾਰ ਨਹੀਂ ਮੰਨਿਆ, ਸਗੋਂ ਉਨ੍ਹਾਂ ਨੂੰ ਵਿਕਾਸ ਦੇ ਇੰਜਣ ਅਤੇ ਰਾਸ਼ਟਰੀ ਮਾਣ ਦਾ ਪ੍ਰਤੀਕ ਬਣਾਇਆ। ਇਹ ਬਦਲਾਅ ਅੱਜ ਹਰ ਜਗ੍ਹਾ ਦਿਖਾਈ ਦਿੰਦਾ ਹੈ। ਸੈਂਟਰਲ ਵਿਸਟਾ ਦੇ ਪੁਨਰ-ਨਿਰਮਾਣ ਨੇ ਕਰਤਵਯ ਪੱਥ ਨੂੰ ਜਨਤਾ ਦੀ ਜਗ੍ਹਾ ਬਣਾ ਦਿੱਤਾ, ਨਵੀਂ ਸੰਸਦ ਨੂੰ ਭਵਿੱਖ ਦੇ ਅਨੁਸਾਰ ਸੰਸਥਾਨ ਵਿੱਚ ਬਦਲ ਦਿੱਤਾ ਅਤੇ ਕਰਤਵਯ ਭਵਨ ਨੂੰ ਸੁਚਾਰੂ ਪ੍ਰਸ਼ਾਸਨਿਕ ਕੇਂਦਰ ਬਣਾ ਦਿੱਤਾ। ਜਿੱਥੇ ਪਹਿਲਾਂ ਖਸਤਾ ਹਾਲਤ ਸੀ, ਉੱਥੇ ਹੁਣ ਤਾਂਘ ਅਤੇ ਆਤਮ-ਵਿਸ਼ਵਾਸ ਝਲਕਦਾ ਹੈ।
ਇਸ ਬਦਲਾਅ ਦਾ ਪੈਮਾਨਾ ਅੰਕੜਿਆਂ ਤੋਂ ਸਮਝਿਆ ਜਾ ਸਕਦਾ ਹੈ। 2004 ਅਤੇ 2014 ਦੇ ਵਿਚਕਾਰ ਸ਼ਹਿਰੀ ਖੇਤਰ ਵਿੱਚ ਕੇਂਦਰ ਸਰਕਾਰ ਦਾ ਕੁੱਲ ਨਿਵੇਸ਼ ਲਗਭਗ ₹1.57 ਲੱਖ ਕਰੋੜ ਸੀ। 2014 ਤੋਂ ਬਾਅਦ ਇਹ 16 ਗੁਣਾ ਵਧ ਕੇ ਲਗਭਗ ₹28.5 ਲੱਖ ਕਰੋੜ ਹੋ ਗਿਆ ਹੈ। 2025-26 ਦੇ ਬਜਟ ਵਿੱਚ ਹੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੂੰ ₹96,777 ਕਰੋੜ ਦਿੱਤੇ ਗਏ, ਜਿਸ ਵਿੱਚੋਂ ਇੱਕ-ਤਿਹਾਈ ਹਿੱਸਾ ਮੈਟਰੋ ਲਈ ਅਤੇ ਇੱਕ-ਚੌਥਾਈ ਰਿਹਾਇਸ਼ ਲਈ ਰੱਖਿਆ ਗਿਆ। ਇੰਨਾ ਵੱਡਾ ਵਿੱਤੀ ਨਿਵੇਸ਼ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਹੈ ਅਤੇ ਇਸ ਨਾਲ ਬੇਮਿਸਾਲ ਢੰਗ ਨਾਲ ਸ਼ਹਿਰੀ ਢਾਂਚੇ ਦੀ ਤਸਵੀਰ ਬਦਲ ਰਹੀ ਹੈ।
ਭਾਰਤ ਦੀ ਵਿਆਪਕ ਆਰਥਿਕ ਅਤੇ ਡਿਜੀਟਲ ਤਰੱਕੀ ਨੇ ਇਸ ਰਫ਼ਤਾਰ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਅੱਜ ਅਸੀਂ ਲਗਭਗ 4.2 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਨਾਲ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹਾਂ, ਜਿੱਥੇ ਡਿਜੀਟਲ ਵਿਵਸਥਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਚਲਾ ਰਹੀ ਹੈ। ਯੂਪੀਆਈ ਨੇ ਹਾਲ ਹੀ ਵਿੱਚ ਇੱਕ ਮਹੀਨੇ ਵਿੱਚ 20 ਅਰਬ ਲੈਣ-ਦੇਣ ਦਾ ਅੰਕੜਾ ਪਾਰ ਕੀਤਾ ਅਤੇ ਹਰ ਮਹੀਨੇ ₹24 ਲੱਖ ਕਰੋੜ ਤੋਂ ਜ਼ਿਆਦਾ ਦੇ ਲੈਣ-ਦੇਣ ਸੰਭਾਲ ਰਿਹਾ ਹੈ। ਹੁਣ 90 ਕਰੋੜ ਤੋਂ ਵੱਧ ਭਾਰਤੀ ਇੰਟਰਨੈੱਟ ਨਾਲ ਜੁੜੇ ਹੋਏ ਹਨ ਅਤੇ 56 ਕਰੋੜ ਜਨਧਨ ਖ਼ਾਤੇ ਜੈਮ ਤ੍ਰਿਮੂਰਤੀ (ਜਨਧਨ, ਆਧਾਰ, ਮੋਬਾਈਲ) ਦਾ ਅਧਾਰ ਹਨ, ਜਿਸ ਦੇ ਜ਼ਰੀਏ ਸਬਸਿਡੀ ਸਿੱਧੇ ਅਤੇ ਪਾਰਦਰਸ਼ੀ ਢੰਗ ਨਾਲ ਦਿੱਤੀ ਜਾਂਦੀ ਹੈ। ਇਹ ਪੈਮਾਨਾ, ਰਸਮੀਕਰਨ ਅਤੇ ਫਿਨਟੈੱਕ ਅਪਣਾਉਣ ਦਾ ਮਾਡਲ ਪੂਰੀ ਤਰ੍ਹਾਂ ਭਾਰਤੀ ਹੈ ਅਤੇ ਇਸ ਦਾ ਸਭ ਤੋਂ ਡੂੰਘਾ ਅਸਰ ਸ਼ਹਿਰੀ ਖੇਤਰਾਂ ’ਤੇ ਦਿਖਾਈ ਦਿੰਦਾ ਹੈ।
ਮੈਟਰੋ ਕ੍ਰਾਂਤੀ ਜ਼ਮੀਨ ’ਤੇ ਹੋਏ ਬਦਲਾਅ ਨੂੰ ਸਭ ਤੋਂ ਚੰਗੀ ਤਰ੍ਹਾਂ ਦਿਖਾਉਂਦੀ ਹੈ। 2014 ਵਿੱਚ, ਭਾਰਤ ਵਿੱਚ ਸਿਰਫ 5 ਸ਼ਹਿਰਾਂ ਵਿੱਚ ਲਗਭਗ 248 ਕਿੱਲੋਮੀਟਰ ਮੈਟਰੋ ਲਾਈਨਾਂ ਚੱਲ ਰਹੀਆਂ ਸਨ। ਅੱਜ ਇਹ ਵਧ ਕੇ 23 ਤੋਂ ਵੱਧ ਸ਼ਹਿਰਾਂ ਵਿੱਚ 1,000 ਕਿੱਲੋਮੀਟਰ ਤੋਂ ਜ਼ਿਆਦਾ ਹੋ ਗਈਆਂ ਹਨ, ਜੋ ਹਰ ਦਿਨ ਇੱਕ ਕਰੋੜ ਤੋਂ ਜ਼ਿਆਦਾ ਮੁਸਾਫ਼ਰਾਂ ਨੂੰ ਸਹੂਲਤ ਦਿੰਦੀਆਂ ਹਨ। ਪੁਣੇ, ਨਾਗਪੁਰ, ਸੂਰਤ ਅਤੇ ਆਗਰਾ ਵਰਗੇ ਸ਼ਹਿਰਾਂ ਵਿੱਚ ਨਵੇਂ ਕੌਰੀਡੋਰ ਬਣ ਰਹੇ ਹਨ, ਜਿਸ ਨਾਲ ਸਫ਼ਰ ਤੇਜ਼, ਸੁਰੱਖਿਅਤ ਅਤੇ ਪ੍ਰਦੂਸ਼ਣ-ਮੁਕਤ ਹੋ ਰਿਹਾ ਹੈ। ਇਹ ਸਿਰਫ਼ ਲੋਹੇ ਅਤੇ ਕੰਕਰੀਟ ਦਾ ਢਾਂਚਾ ਨਹੀਂ ਹੈ, ਸਗੋਂ ਇਸ ਵਿੱਚ ਲੋਕਾਂ ਦਾ ਸਮਾਂ ਬਚਣਾ, ਹਵਾ ਦਾ ਸਾਫ਼ ਹੋਣਾ ਅਤੇ ਨਾਗਰਿਕਾਂ ਨੂੰ ਕਰੋੜਾਂ ਘੰਟਿਆਂ ਦੀ ਵਾਧੂ ਉਤਪਾਦਕਤਾ ਮਿਲਣਾ ਸ਼ਾਮਲ ਹੈ।
ਸ਼ਹਿਰੀ ਕਨੈਕਟੀਵਿਟੀ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਗਈ ਹੈ। ਐੱਨਸੀਆਰ ਦੇ ਜਾਮ ਨਾਲ ਭਰੇ ਇਲਾਕਿਆਂ ਨੂੰ ਨਵੀਂ ਬਣੀ ਯੂਈਆਰ-II (ਦਿੱਲੀ ਦੀ ਤੀਜੀ ਰਿੰਗ ਰੋਡ) ਰਾਹੀਂ ਰਾਹਤ ਮਿਲ ਰਹੀ ਹੈ, ਜੋ ਐੱਨਐੱਚ-44, ਐੱਨਐੱਚ-9 ਅਤੇ ਦਵਾਰਕਾ ਐਕਸਪ੍ਰੈਸਵੇਅ ਨੂੰ ਜੋੜ ਕੇ ਪੁਰਾਣੇ ਜਾਮ ਦੇ ਬਿੰਦੂਆਂ ਨੂੰ ਸੌਖਾ ਬਣਾ ਰਹੀ ਹੈ। ਭਾਰਤ ਦੀ ਪਹਿਲੀ ਖੇਤਰੀ ਤੇਜ਼ ਆਵਾਜਾਈ ਪ੍ਰਣਾਲੀ - ਦਿੱਲੀ-ਮੇਰਠ ਆਰਆਰਟੀਐੱਸ (ਨਮੋ ਭਾਰਤ) - ਪਹਿਲਾਂ ਹੀ ਵੱਡੇ ਹਿੱਸੇ 'ਤੇ ਚੱਲ ਰਹੀ ਹੈ ਅਤੇ ਪੂਰਾ ਸੰਚਾਲਨ ਛੇਤੀ ਹੀ ਸ਼ੁਰੂ ਹੋਣ ਵਾਲਾ ਹੈ, ਜਿਸ ਨਾਲ ਪੂਰਾ ਸਫ਼ਰ ਇੱਕ ਘੰਟੇ ਤੋਂ ਘੱਟ ਸਮੇਂ ਵਿੱਚ ਤੈਅ ਹੋਵੇਗਾ। ਇਹ ਤੇਜ਼ ਅਤੇ ਏਕੀਕ੍ਰਿਤ ਆਵਾਜਾਈ ਪ੍ਰਣਾਲੀਆਂ ਨਵੇਂ ਭਾਰਤ ਲਈ ਇੱਕ ਨਵੇਂ ਮਹਾਨਗਰਾਂ ਦੀ ਸੋਚ ਨੂੰ ਆਕਾਰ ਦੇ ਰਹੀਆਂ ਹਨ।
ਐਕਸਪ੍ਰੈਸਵੇਅ ਹੁਣ ਸ਼ਹਿਰਾਂ ਦੇ ਵਿੱਚ ਆਵਾਜਾਈ ਦਾ ਨਵਾਂ ਚਿਹਰਾ ਬਣ ਰਹੇ ਹਨ। ਦਿੱਲੀ-ਮੁੰਬਈ ਐਕਸਪ੍ਰੈਸਵੇਅ, ਬੰਗਲੁਰੂ-ਮੈਸੂਰ ਐਕਸਪ੍ਰੈਸਵੇਅ, ਦਿੱਲੀ-ਮੇਰਠ ਐਕਸੈਸ-ਕੰਟਰੋਲਡ ਕੌਰੀਡੋਰ ਅਤੇ ਮੁੰਬਈ ਕੋਸਟਲ ਰੋਡ ਨੇ ਦੂਰੀ ਘਟਾ ਦਿੱਤੀ ਹੈ ਅਤੇ ਵੱਡੇ ਵਾਹਨਾਂ ਨੂੰ ਸ਼ਹਿਰ ਦੀਆਂ ਗਲੀਆਂ ਤੋਂ ਬਾਹਰ ਕੱਢ ਕੇ ਹਵਾ ਨੂੰ ਸਾਫ਼ ਕੀਤਾ ਹੈ। ਮੁੰਬਈ ਵਿੱਚ ਦੇਸ਼ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਅਟਲ ਸੇਤੂ ਹੁਣ ਟਾਪੂ ਵਰਗੇ ਸ਼ਹਿਰ ਨੂੰ ਮੁੱਖ ਭੂਮੀ ਨਾਲ ਸਿੱਧਾ ਜੋੜਦਾ ਹੈ। ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ, ਭਾਰਤ ਦਾ ਪਹਿਲਾ ਬੁਲੇਟ ਟ੍ਰੇਨ ਪ੍ਰੋਜੈਕਟ, ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਪੱਛਮੀ ਭਾਰਤ ਵਿੱਚ ਵਿਕਾਸ ਦਾ ਨਵਾਂ ਕੇਂਦਰ ਬਣਨ ਜਾ ਰਿਹਾ ਹੈ।
ਸਮਾਵੇਸ਼ਨ ਵੀ ਹਮੇਸ਼ਾ ਤਰਜੀਹ ਵਿੱਚ ਰਿਹਾ ਹੈ। ਪੀਐੱਮ ਸਵਨਿਧੀ ਯੋਜਨਾ ਨੇ 68 ਲੱਖ ਤੋਂ ਜ਼ਿਆਦਾ ਰੇਹੜੀ-ਫੜੀ ਵਾਲਿਆਂ ਨੂੰ ਬਿਨਾਂ ਗਰੰਟੀ ਵਾਲੇ ਕਰਜ਼ੇ ਅਤੇ ਡਿਜੀਟਲ ਸਹੂਲਤ ਦਿੱਤੀ ਹੈ, ਜਿਸ ਰਾਹੀਂ ਛੋਟੇ ਉੱਦਮੀਆਂ ਨੂੰ ਰੁਜ਼ਗਾਰ ਫਿਰ ਤੋਂ ਖੜ੍ਹਾ ਕਰਨ ਅਤੇ ਰਸਮੀ ਅਰਥਵਿਵਸਥਾ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਪੀਐੱਮ ਆਵਾਸ ਯੋਜਨਾ (ਸ਼ਹਿਰੀ) ਦੇ ਤਹਿਤ 120 ਲੱਖ ਤੋਂ ਵੱਧ ਮਕਾਨਾਂ ਦੀ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ਵਿੱਚੋਂ ਲਗਭਗ 94 ਲੱਖ ਪੂਰੇ ਹੋ ਚੁੱਕੇ ਹਨ। ਲੱਖਾਂ ਪਰਿਵਾਰ, ਜੋ ਪਹਿਲਾਂ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਸੀ, ਹੁਣ ਸੁਰੱਖਿਅਤ ਪੱਕੇ ਘਰਾਂ ਵਿੱਚ ਰਹਿ ਰਹੇ ਹਨ। ਇਹ ਸਿਰਫ਼ ਅੰਕੜੇ ਨਹੀਂ ਹਨ, ਸਗੋਂ ਬਦਲਦੀਆਂ ਹੋਈਆਂ ਜ਼ਿੰਦਗੀਆਂ ਅਤੇ ਨਵੀਆਂ ਆਸਾਂ ਹਨ।
ਊਰਜਾ ਸੁਧਾਰਾਂ ਨੇ ਸ਼ਹਿਰੀ ਜੀਵਨ ਨੂੰ ਵਧੇਰੇ ਸੁਖਾਲਾ ਬਣਾਇਆ ਹੈ। ਜਿੱਥੇ ਪਹਿਲਾਂ ਰਸੋਈ ਮਹਿੰਗੇ ਅਤੇ ਅਨਿਸ਼ਚਿਤ ਗੈਸ ਸਿਲੰਡਰਾਂ ਦੀ ਬੁਕਿੰਗ 'ਤੇ ਨਿਰਭਰ ਸੀ, ਹੁਣ ਪਾਈਪਡ ਨੈਚਰਲ ਗੈਸ (ਪੀਐੱਨਜੀ) ਆਮ ਹੁੰਦੀ ਜਾ ਰਹੀ ਹੈ, ਜੋ ਵਧੇਰੇ ਸੁਰੱਖਿਅਤ, ਸਾਫ਼ ਅਤੇ ਆਰਾਮਦੇਹ ਹੈ। ਸਿਟੀ ਗੈਸ ਡਿਸਟ੍ਰੀਬਿਊਸ਼ਨ 2014 ਵਿੱਚ ਸਿਰਫ਼ 57 ਖੇਤਰਾਂ ਤੱਕ ਸੀਮਤ ਸੀ, ਜੋ ਹੁਣ ਵਧ ਕੇ 300 ਤੋਂ ਜ਼ਿਆਦਾ ਹੋ ਗਈ ਹੈ। ਘਰੇਲੂ ਪੀਐੱਨਜੀ ਕਨੈਕਸ਼ਨ 25 ਲੱਖ ਤੋਂ ਵਧ ਕੇ 1.5 ਕਰੋੜ ਤੋਂ ਉੱਪਰ ਪਹੁੰਚ ਗਏ ਹਨ, ਜਦੋਂ ਕਿ ਹਜ਼ਾਰਾਂ ਸੀਐੱਨਜੀ ਸਟੇਸ਼ਨ ਜਨਤਕ ਆਵਾਜਾਈ ਨੂੰ ਹੋਰ ਸਾਫ਼-ਸੁਥਰਾ ਬਣਾ ਰਹੇ ਹਨ। ਹੁਣ ਲੱਖਾਂ ਸ਼ਹਿਰੀ ਘਰਾਂ ਵਿੱਚ ਟੂਟੀ ਘੁਮਾ ਕੇ ਈਂਧਨ ਮਿਲਣਾ ਹਕੀਕਤ ਬਣ ਚੁੱਕਿਆ ਹੈ।
ਭਾਰਤ ਨੇ ਹੁਣ ਦੁਨੀਆ ਦੀ ਮੇਜ਼ਬਾਨੀ ਕਰਨ ਦਾ ਆਤਮ-ਵਿਸ਼ਵਾਸ ਹਾਸਲ ਕਰ ਲਿਆ ਹੈ। ਭਾਰਤ ਮੰਡਪਮ ਨੇ ਸਫ਼ਲਤਾਪੂਰਵਕ ਜੀ20 ਆਗੂਆਂ ਦਾ ਸਿਖ਼ਰ ਸੰਮੇਲਨ ਆਯੋਜਿਤ ਕੀਤਾ। ਯਸ਼ੋਭੂਮੀ ਹੁਣ ਦੁਨੀਆ ਦੇ ਸਭ ਤੋਂ ਵੱਡੇ ਸੰਮੇਲਨ ਕੰਪਲੈਕਸਾਂ ਵਿੱਚ ਸ਼ਾਮਲ ਹੈ, ਜਿੱਥੇ ਇੱਕੋ ਸਮੇਂ ਹਜ਼ਾਰਾਂ ਪ੍ਰਤੀਨਿਧੀਆਂ ਦਾ ਸਵਾਗਤ ਕੀਤਾ ਜਾ ਸਕਦਾ ਹੈ। ਇੰਡੀਆ ਐਨਰਜੀ ਵੀਕ ਨੇ ਬੇਂਗਲੁਰੂ, ਗੋਆ ਅਤੇ ਨਵੀਂ ਦਿੱਲੀ ਵਿੱਚ ਦੁਨੀਆ ਦੀਆਂ ਊਰਜਾ ਕੰਪਨੀਆਂ ਅਤੇ ਮਾਹਿਰਾਂ ਨੂੰ ਆਪਣੇ ਵੱਲ ਖਿੱਚਿਆ, ਜਿਸ ਤੋਂ ਇਹ ਸਾਬਤ ਹੋਇਆ ਕਿ ਸਾਡੇ ਸ਼ਹਿਰ ਵੱਡੇ ਪੈਮਾਨੇ ’ਤੇ ਹੋਰ ਬਿਹਤਰ ਢੰਗ ਨਾਲ ਦੁਨੀਆ ਦੀ ਮੇਜ਼ਬਾਨੀ ਕਰ ਸਕਦੇ ਹਨ। ਇਹ ਸਭ ਓਦੋਂ ਕਲਪਨਾ ਤੋਂ ਪਰ੍ਹੇ ਸੀ, ਜਦੋਂ ਸਾਡੇ ਨਾਗਰਿਕ ਢਾਂਚੇ ਦੀ ਪਹਿਚਾਣ ਟੁੱਟੇ-ਫੁੱਟੇ ਹਾਲ ਅਤੇ ਖਸਤਾ ਹੋਏ ਸਟੇਡੀਅਮ ਹੋਇਆ ਕਰਦੇ ਸੀ।
ਆਵਾਜਾਈ ਦਾ ਆਧੁਨਿਕੀਕਰਨ ਵੱਡੇ ਪੈਮਾਨੇ ਅਤੇ ਤੇਜ਼ੀ ਨਾਲ ਹੋ ਰਿਹਾ ਹੈ। 2014 ਵਿੱਚ ਜਿੱਥੇ ਸਿਰਫ਼ 74 ਹਵਾਈ ਅੱਡੇ ਚਾਲੂ ਸੀ, ਅੱਜ ਉੱਥੇ ਇਹ ਗਿਣਤੀ ਵਧ ਕੇ 160 ਹੋ ਗਈ ਹੈ। ਇਹ ਸੰਭਵ ਹੋਇਆ ਹੈ, ਉਡਾਨ ਯੋਜਨਾ ਅਤੇ ਲਗਾਤਾਰ ਨਿਵੇਸ਼ ਸਦਕਾ। ਵੰਦੇ ਭਾਰਤ ਟ੍ਰੇਨਾਂ ਹੁਣ 140 ਤੋਂ ਵੱਧ ਰੂਟਾਂ 'ਤੇ ਚੱਲ ਰਹੀਆਂ ਹਨ, ਜਿਸ ਨਾਲ ਵੱਖ-ਵੱਖ ਖੇਤਰਾਂ ਵਿੱਚ ਯਾਤਰਾ ਦਾ ਸਮਾਂ ਕਾਫ਼ੀ ਘਟਿਆ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ 1,300 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਸੌ ਤੋਂ ਵੱਧ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ। ਦਿੱਲੀ ਵਿੱਚ ਫੈਲੇ ਹੋਏ ਟਰਮੀਨਲ-1 ਨੇ ਆਈਜੀਆਈ ਹਵਾਈ ਅੱਡੇ ਦੀ ਸਮਰੱਥਾ 10 ਕਰੋੜ ਯਾਤਰੀਆਂ ਤੋਂ ਜ਼ਿਆਦਾ ਕਰ ਦਿੱਤੀ ਹੈ, ਜਿਸ ਨਾਲ ਸਾਡੀ ਰਾਜਧਾਨੀ ਦੁਨੀਆ ਦੇ ਵੱਡੇ ਹਵਾਈ ਕੇਂਦਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ।
ਸਮਝਦਾਰੀ ਭਰੀ ਟੈਕਸ ਨੀਤੀ ਨੇ ਖਪਤਕਾਰਾਂ ਅਤੇ ਵਿਕਾਸ ਦੋਵਾਂ ਨੂੰ ਸਹਾਰਾ ਦਿੱਤਾ ਹੈ। ਹਾਲ ਹੀ ਵਿੱਚ ਹੋਏ ਜੀਐੱਸਟੀ ਸੁਧਾਰ ਦੇ ਤਹਿਤ ਜ਼ਿਆਦਾਤਰ ਵਸਤੂਆਂ ਅਤੇ ਸੇਵਾਵਾਂ ਨੂੰ 5% ਤੋਂ 18% ਦੀਆਂ ਦਰਾਂ ਵਿੱਚ ਰੱਖਿਆ ਗਿਆ ਹੈ। ਉੱਚੇ ਟੈਕਸ ਸਿਰਫ਼ ਕੁਝ ਨਸ਼ੀਲੇ ਪਦਾਰਥਾਂ ਅਤੇ ਲਗਜ਼ਰੀ ਵਸਤੂਆਂ 'ਤੇ ਹੀ ਲਗਾਏ ਗਏ ਹਨ। ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਤੋਂ ਲੈ ਕੇ ਕਈ ਘਰੇਲੂ ਸਮਾਨਾਂ 'ਤੇ ਟੈਕਸ ਘਟਿਆ ਹੈ, ਛੋਟੀਆਂ ਕਾਰਾਂ ਅਤੇ ਦੋਪਹੀਆ ਵਾਹਨ ਹੁਣ ਘੱਟ ਜੀਐੱਸਟੀ 'ਤੇ ਮਿਲਦੇ ਹਨ। ਕਈ ਦਵਾਈਆਂ ਅਤੇ ਮੈਡੀਕਲ ਉਪਕਰਣ ਵੀ ਸਸਤੇ ਹੋ ਗਏ ਹਨ। ਸ਼ਹਿਰੀ ਪਰਿਵਾਰਾਂ ਲਈ ਇਸਦਾ ਮਤਲਬ ਹੈ ਕਿ ਮਹੀਨੇ ਦੇ ਖ਼ਰਚ ਘੱਟ ਹੋਣਾ, ਖਪਤ ਵਧਣਾ ਅਤੇ ਨਿਵੇਸ਼ ਅਤੇ ਰੁਜ਼ਗਾਰ ਦਾ ਸਕਾਰਾਤਮਕ ਚੱਕਰ ਚੱਲਣਾ।
ਮੈਂ ਲੰਬੇ ਸਮੇਂ ਤੱਕ ਇੱਕ ਡਿਪਲੋਮੈਟ ਵਜੋਂ ਵਿਦੇਸ਼ਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਅਤੇ ਉੱਥੇ ਮੈਂ ਦੇਖਿਆ ਕਿ ਕਿਵੇਂ ਸ਼ਹਿਰ ਕਿਸੇ ਦੇਸ਼ ਦਾ ਚਿਹਰਾ ਬਣ ਜਾਂਦੇ ਹਨ। ਵਿਆਨਾ ਦੀ ਰਿੰਗਸਟ੍ਰਾਸੇ, ਨਿਊਯਾਰਕ ਦੀਆਂ ਉੱਚੀਆਂ ਇਮਾਰਤਾਂ ਜਾਂ ਪੈਰਿਸ ਦੀਆਂ ਚੌੜੀਆਂ ਸੜਕਾਂ - ਇਹ ਸਭ ਰਾਸ਼ਟਰੀ ਟੀਚੇ ਦੇ ਪ੍ਰਤੀਕ ਸਨ। ਉਦੋਂ ਮੈਨੂੰ ਸਾਫ਼ ਸਮਝ ਆਇਆ ਕਿ ਦੁਨੀਆ ਦੀਆਂ ਨਜ਼ਰਾਂ ਸਭ ਤੋਂ ਪਹਿਲਾਂ ਕਿਸੇ ਦੇਸ਼ ਦੇ ਸ਼ਹਿਰਾਂ ’ਤੇ ਜਾਂਦੀਆਂ ਹਨ। ਇਹੀ ਵਿਸ਼ਵਾਸ ਮੇਰੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਕੰਮ ਦਾ ਅਧਾਰ ਬਣਿਆ ਕਿ ਦਿੱਲੀ, ਮੁੰਬਈ, ਬੇਂਗਲੁਰੂ, ਅਹਿਮਦਾਬਾਦ ਅਤੇ ਸਾਡੇ ਦੂਸਰੇ ਸ਼ਹਿਰ ਇੱਕ ਉੱਭਰਦੇ ਭਾਰਤ ਦਾ ਆਤਮ-ਵਿਸ਼ਵਾਸ, ਆਧੁਨਿਕਤਾ ਅਤੇ ਇੱਛਾਵਾਂ ਦਿਖਾਉਣ। ਜਿਵੇਂ ਮੇਰੇ ਡਿਪਲੋਮੈਟਿਕ ਕਰੀਅਰ ਨੇ ਮੈਨੂੰ ਸਿਖਾਇਆ ਕਿ ਭਾਰਤ ਦਾ ਅਕਸ ਦੁਨੀਆ ਵਿੱਚ ਕਿਵੇਂ ਪੇਸ਼ ਕਰਨਾ ਹੈ, ਓਵੇਂ ਹੀ ਮੰਤਰੀ ਵਜੋਂ ਮੇਰਾ ਕੰਮ ਰਿਹਾ ਹੈ ਕਿ ਸਾਡੇ ਸ਼ਹਿਰ ਉਸ ਅਕਸ ਦੇ ਲਾਇਕ ਬਣਨ।
ਇਹ ਹੈ ਬਦਲਾਅ ਦੀ ਯਾਤਰਾ: ਆਜ਼ਾਦੀ ਤੋਂ ਬਾਅਦ ਦੀ ਅਣਗਹਿਲੀ ਤੋਂ ਮੋਦੀ ਯੁੱਗ ਦੇ ਆਧੁਨਿਕੀਕਰਨ ਤੱਕ। ਸ਼ਾਸਤਰੀ ਭਵਨ ਦੀ ਖਸਤਾ ਹਾਲਤ ਤੋਂ ਲੈ ਕੇ ਕਰਤਵਯ ਭਵਨ ਦੀ ਤਾਂਘ ਤੱਕ। ਟੋਇਆਂ ਵਾਲੀਆਂ ਸੜਕਾਂ ਤੋਂ ਲੈ ਕੇ ਐਕਸਪ੍ਰੈਸਵੇਅ ਅਤੇ ਹਾਈ-ਸਪੀਡ ਕੌਰੀਡੋਰ ਤੱਕ। ਧੂੰਏਂ ਨਾਲ ਭਰੀਆਂ ਰਸੋਈਆਂ ਤੋਂ ਲੈ ਕੇ ਪਾਈਪਡ ਨੈਚਰਲ ਗੈਸ ਤੱਕ। ਝੁੱਗੀਆਂ-ਝੌਂਪੜੀਆਂ ਤੋਂ ਲੱਖਾਂ ਪੱਕੇ ਮਕਾਨਾਂ ਤੱਕ। ਟੁੱਟੇ-ਫੁੱਟੇ ਹਾਲਾਂ ਤੋਂ ਲੈ ਕੇ ਵਿਸ਼ਵ ਪੱਧਰੀ ਸੰਮੇਲਨ ਕੇਂਦਰਾਂ ਤੱਕ। ਝਿਜਕਦੀ ਰਾਜਧਾਨੀ ਤੋਂ ਲੈ ਕੇ ਆਤਮ-ਵਿਸ਼ਵਾਸੀ ਵਿਸ਼ਵ ਮੇਜ਼ਬਾਨ ਤੱਕ।
ਪਾਟਲੀਪੁੱਤਰ ਅਤੇ ਨਾਲੰਦਾ ਜਿਹੇ ਭਾਰਤ ਦੇ ਪ੍ਰਾਚੀਨ ਸ਼ਹਿਰ ਕਦੇ ਸ਼ਹਿਰੀ ਸਭਿਅਤਾ ਦੀਆਂ ਉਚਾਈਆਂ ਦੇ ਪ੍ਰਤੀਕ ਸਨ। ਅੱਜ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤੀ ਸ਼ਹਿਰ ਫਿਰ ਉਸੇ ਰਾਹ 'ਤੇ ਹਨ, ਆਧੁਨਿਕ ਪਰ ਮਨੁੱਖੀ, ਉਤਸ਼ਾਹਪੂਰਨ ਹੁੰਦੇ ਹੋਏ ਵੀ ਸਮਾਵੇਸ਼ੀ, ਵਿਸ਼ਵ-ਵਿਆਪੀ ਨਜ਼ਰੀਏ ਵਾਲੇ ਹੁੰਦੇ ਹੋਏ ਵੀ ਜੜ੍ਹਾਂ ਅਤੇ ਕਦਰਾਂ-ਕੀਮਤਾਂ ਨਾਲ ਜੁੜੇ ਹੋਏ। ਨਵਾਂ ਸ਼ਹਿਰੀ ਭਾਰਤ ਇੱਕ ਦਿਨ ਵਿੱਚ ਨਹੀਂ ਬਣ ਰਿਹਾ ਹੈ, ਸਗੋਂ ਇਹ ਹਰ ਦਿਨ ਬਣ ਰਿਹਾ ਹੈ - ਇੱਟ-ਦਰ-ਇੱਟ, ਟ੍ਰੇਨ-ਦਰ-ਟ੍ਰੇਨ, ਘਰ-ਦਰ-ਘਰ। ਅਤੇ ਇਹ ਪਹਿਲਾਂ ਤੋਂ ਹੀ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਰਿਹਾ ਹੈ।
(ਲੇਖਕ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਨ।)

-
ਹਰਦੀਪ ਐੱਸ ਪੁਰੀ, ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ
pibchandigarh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.