ਅਦਾਲਤ ਨੇ ਕੰਗਣਾ ਰਣੌਤ ਨੂੰ ਮੁੜ ਤੋਂ ਜਾਰੀ ਕੀਤੇ ਸੰਮਨ
ਅਗਲੀ ਸੁਣਵਾਈ 29 ਸਤੰਬਰ ਨੂੰ
ਅਸ਼ੋਕ ਵਰਮਾ
ਬਠਿੰਡਾ, 15 ਸਤੰਬਰ 2025:ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਮੌਕੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਹਿਲਾ ਕਿਸਾਨ ਮਹਿੰਦਰ ਕੌਰ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਮਾਮਲੇ ’ਚ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਨੂੰ ਮੁੜ ਸੰਮਨ ਜਾਰੀ ਹੋ ਗਏ ਹਨ। ਬਠਿੰਡਾ ਅਦਾਲਤ ਵਿੱਚ ਹੁਣ ਇਸ ਕੇਸ ’ਚ ਅਗਲੀ ਸੁਣਵਾਈ 29 ਸਤੰਬਰ ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕਿਸਾਨ ਮਹਿੰਦਰ ਕੌਰ ਦੇ ਐਡਵੋਕੇਟ ਰਘਵੀਰ ਸਿੰਘ ਬਹਿਣੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕੰਗਣਾ ਰਣੌਤ ਨੂੰ ਸੰਮਨ ਜਾਰੀ ਕੀਤੇ ਗਏ ਸਨ ।
ਉਨ੍ਹਾਂ ਦੱਸਿਆ ਕਿ ਕਿਸੇ ਵੱਲੋਂ ਸੰਮਨ ਹਾਸਿਲ ਨਾ ਕਰਨ ਤੇ ਅੱਜ ਮਾਨਯੋਗ ਅਦਾਲਤ ਵੱਲੋਂ ਮੁੜ ਐਸਐਸਪੀ ਰਾਹੀਂ ਕੰਗਣਾ ਰਣੌਤ ਦੇ ਨਾਂਅ ਸੰਮਨ ਜਾਰੀ ਕੀਤੇ ਗਏ ਹਨ।ਉਹਨਾਂ ਦੱਸਿਆ ਕਿ ਇਸ ਮਾਮਲੇ ’ਚ ਅਗਲੀ ਸੁਣਵਾਈ 29 ਸਤੰਬਰ ਨੂੰ ਹੋਵੇਗੀ। ਦੱਸਣਯੋਗ ਹੈ ਕਿ ਅਪਮਾਨਜਨਕ ਟਿੱਪਣੀਆਂ ਦੇ ਕੇਸ ਨੂੰ ਰੱਦ ਕਰਨ ਦੀ ਮੰਗ ਸਬੰਧੀ ਕੰਗਣਾ ਵੱਲੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੇ ਫਿਰ ਮਾਨਯੋਗ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਉਹਨਾਂ ਨੂੰ ਕਿਤੋਂ ਵੀ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਵੱਲੋਂ ਪਟੀਸ਼ਨ ਰੱਦ ਕਰਨ ਤੋਂ ਬਾਅਦ ਹੁਣ ਬਠਿੰਡਾ ਅਦਾਲਤ ਵਿੱਚ ਮੁੜ ਸੁਣਵਾਈ ਸ਼ੁਰੂ ਹੋ ਚੁੱਕੀ ਹੈ।