ਆਰ.ਐਮ.ਪੀ.ਆਈ. ਵੱਲੋਂ ਮੁਆਵਜ਼ੇ ਲਈ 26 ਸਤੰਬਰ ਨੂੰ ਜਿਲ੍ਹਾ ਪੱਧਰ ਤੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,17 ਸਤੰਬਰ 2025: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ ਤਹਿਸੀਲ ਕਮੇਟੀ ਹੜ੍ਹ ਪੀੜਤਾਂ ਨੂੰ ਢੁੱਕਵਾਂ ਮੁਆਵਜ਼ਾ ਦਿਵਾਉਣ ਲਈ ਆਉਣ ਵਾਲੀ 26 ਸਤੰਬਰ ਨੂੰ ਬਠਿੰਡਾ ਦੇ ਡੀਸੀ ਦਫਤਰ ਮੂਹਰੇ ਕੇਂਦਰੀ ਤੇ ਸੂਬਾਈ ਸਰਕਾਰਾਂ ਖਿਲਾਫ਼ ਵਿਸ਼ਾਲ ਰੈਲੀ ਤੇ ਸ਼ਹਿਰ 'ਚ ਜ਼ੋਰਦਾਰ ਰੋਸ ਮੁਜ਼ਾਹਰਾ ਕਰੇਗੀ।" ਇਹ ਫੈਸਲਾ ਅੱਜ ਇੱਥੋਂ ਦੇ ਡਾਕਟਰ ਬੀ.ਆਰ. ਅੰਬੇਡਕਰ ਪਾਰਕ ਵਿਖੇ ਸਾਥੀ ਗੁਰਮੀਤ ਸਿੰਘ ਜੈ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਤਹਿਸੀਲ ਕਮੇਟੀ ਦੀ ਵਧਾਈ ਹੋਈ ਮੀਟਿੰਗ ਵਲੋਂ ਕੀਤਾ ਗਿਆ ਹੈ। ਯਾਦ ਰਹੇ ਪਾਰਟੀ ਵਲੋਂ 26 ਸਤੰਬਰ ਨੂੰ ਉਕਤ ਪ੍ਰਕਾਰ ਦੇ ਰੋਸ ਐਕਸ਼ਨ ਸੂਬੇ ਦੇ ਸਾਰੇ ਜਿਲ੍ਹਾ ਕੇਂਦਰਾਂ 'ਤੇ ਕੀਤੇ ਜਾਣਗੇ।
ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਤੇ ਸੂਬਾਈ ਸਰਕਾਰਾਂ ਨੇ ਮੁਆਵਜ਼ੇ ਦੇ ਨਾਂ 'ਤੇ ਹੜ੍ਹ ਪੀੜਤਾਂ ਨਾਲ ਭੱਦਾ ਮਖੌਲ ਕੀਤਾ ਹੈ।
ਉਨ੍ਹਾਂ ਕਿਹਾ ਹੈ ਕਿ ਮੋਦੀ-ਮਾਨ ਸਰਕਾਰਾਂ ਦੀ ਹੜ੍ਹਾਂ ਦੀ ਅਗਾਊਂ ਰੋਕ-ਥਾਮ ਕਰਨ ਪੱਖੋਂ ਮੁਜ਼ਰਮਾਨਾ ਅਣਗਹਿਲੀ ਤੇ ਉੱਤੇ ਤੋਂ ਹੇਠਾਂ ਤੱਕ ਫੈਲੇ ਭ੍ਰਿਸ਼ਟਾਚਾਰ ਨੇ ਲੋਕਾਂ ਦੇ ਜਾਨ-ਮਾਨ ਦਾ ਕੁਦਰਤੀ ਕਰੋਪੀ ਨਾਲੋਂ ਕਿਤੇ ਵਧੇਰੇ ਨੁਕਸਾਨ ਕੀਤਾ ਹੈ। ਉਨ੍ਹਾਂ ਅੱਗੋਂ ਕਿਹਾ ਹੈ ਕਿ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਾ ਐਲਾਨ ਕਰਨ ਵੇਲੇ ਬੇਜ਼ਮੀਨੇ-ਸਾਧਨਹੀਣ ਕਿਰਤੀ ਪਰਿਵਾਰਾਂ ਦੀ ਅਣਦੇਖੀ ਕੀਤੇ ਜਾਣ ਤੋਂ ਸਰਕਾਰਾਂ ਦੀ ਸਿਰੇ ਦੀ ਸੰਵੇਦਨਹੀਣਤਾ ਬਾਖੂਬੀ ਬੇਪਰਦ ਹੋਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਹੈ ਕਿ ਹੜ੍ਹਾਂ ਦੀ ਹੁਣ ਤੱਕ ਦੀ ਸਥਿਤੀ ਦਾ ਸਮੁੱਚਾ ਸਾਰ-ਤੱਤ ਇਹ ਹੈ ਕਿ 'ਲੋਕਾਂ ਨੇ ਲੋਕਾਂ ਦੀ ਬਾਂਹ ਫੜ੍ਹੀ ਹੈ', ਜਦਕਿ ਹਕੂਮਤਾਂ ਤੇ ਪ੍ਰਸ਼ਾਸਨ ਤੰਤਰ ਤਾਂ ਅੰਤਾਂ ਦੇ ਨਾ-ਅਹਿਲ ਸਿੱਧ ਹੋਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਕੇਂਦਰੀ ਸਰਕਾਰ ਹੜ੍ਹਾਂ ਨਾਲ ਹੋਈਆਂ ਦਰਜਨਾਂ ਮੌਤਾਂ, ਲੱਖਾਂ ਹੈਕਟੇਅਰ ਫਸਲ ਅਤੇ ਉਪਜਾਊ ਭੂਮੀ ਦੀ ਬਰਬਾਦੀ, ਮਕਾਨਾਂ, ਪਸ਼ੂ ਧਨ ਆਦਿ ਦੇ ਲੱਖਾਂ ਕਰੋੜ ਰੁਪਏ ਦੇ ਨੁਕਸਾਨ ਦੇ ਮੱਦੇਨਜ਼ਰ ਸੂਬੇ ਲਈ ਘੱਟੋ-ਘੱਟ 25 ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਜਾਰੀ ਕਰੇ।
ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਵੇ ਕਿ ਕੋਈ ਵੀ ਹੜ੍ਹ ਪੀੜਤ ਮੁਆਵਜ਼ੇ ਤੇ ਮੁੜ ਵਸੇਬੇ ਤੋਂ ਵਾਂਝਾ ਨਾ ਰਹੇ। ਸਾਥੀ ਮਹੀਪਾਲ ਨੇ ਕਿਹਾ ਹੈ ਕਿ ਇਸ ਔਖ ਦੀ ਘੜੀ ਰਾਜ ਕਰਦੀਆਂ ਪਾਰਟੀਆਂ ਵਲੋਂ ਕੀਤੇ ਜਾ ਰਹੇ ਧਿਆਨ ਭਟਕਾਊ ਵਿਰੋਧ ਪ੍ਰਦਰਸ਼ਨ ਅਤੇ ਹੋਛੀ ਬਿਆਨਬਾਜੀ ਅਤਿਅੰਤ ਦੁਖਦਾਈ ਵਰਤਾਰਾ ਹੈ। ਪਾਰਟੀ ਦੀ ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਦੇ ਵਿੱਤ ਸਕੱਤਰ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਵੀ ਵਿਚਾਰ ਰੱਖੇ। ਮੱਖਣ ਸਿੰਘ ਪੂਹਲੀ, ਅਮਰੀਕ ਸਿੰਘ ਤੁੰਗਵਾਲੀ, ਬਲਦੇਵ ਸਿੰਘ ਨੇਹੀਆਂ ਵਾਲਾ, ਬਲਵੀਰ ਸਿੰਘ ਗਿੱਦੜ ਤੇ ਮਿਹਰ ਸਿੰਘ ਵੀ ਮੌਜੂਦ ਸਨ।