ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਪੰਜਾਬ ਸਰਕਾਰ ਤੋਂ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 16 ਸਤੰਬਰ 2025:ਪੰਜਾਬ ਦੇ ਸੈਂਕੜੇ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਮੰਨਜ਼ੂਰ ਸ਼ੁਦਾ 2000 ਪੋਸਟਾਂ ਵਿੱਚੋ ਲਗਭਗ 1000 ਪੋਸਟਾਂ ਖਾਲੀ ਪਈਆਂ ਹਨ|ਇੱਕ-ਇੱਕ ਪ੍ਰਿੰਸੀਪਲ ਨੂੰ ਕਈ -ਕਈ ਸਕੂਲਾਂ ਦਾ ਚਾਰਜ ਦੇ ਕੇ ਬੁੱਤਾ ਸਾਰਿਆ ਦਾ ਰਿਹਾ ਹੈ। ਇਸ ਤਰ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਸਰਕਾਰ ਦੇ ਵਿਦਿਆਰਥੀ ਵਿਰੋਧੀ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ ਅਤੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ 75% ਪ੍ਰਮੋਸ਼ਨ ਕੋਟੇ ਦੀਆਂ ਤਰੱਕੀਆਂ ਤੁਰੰਤ ਕਰਕੇ ਇਹਨਾਂ ਸਕੂਲਾਂ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਪੀ. ਪੀ. ਐੱਸ. ਸੀ. ਰਾਹੀਂ ਸਿੱਧੀ ਭਰਤੀ ਦੇ 25% ਕੋਟੇ ਦੀ ਭਰਤੀ ਦਾ ਇਸ਼ਤਿਹਾਰ ਵੀ ਤੁਰੰਤ ਜਾਰੀ ਕੀਤਾ ਜਾਵੇ।
ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਪ੍ਰਿੰਸੀਪਲਾਂ ਦੀਆਂ ਕੁੱਲ 129 ਅਸਾਮੀਆਂ ਹਨ ਜਿਸ ਵਿੱਚੋਂ ਸਿਰਫ 49 ਅਸਾਮੀਆਂ ਹੀ ਭਰੀਆਂ ਹੋਈਆਂ ਹਨ ਅਤੇ 80 ਖਾਲੀ ਹਨ, ਇਸੇ ਤਰ੍ਹਾਂ ਹਾਈ ਸਕੂਲਾਂ ਵਿੱਚ ਹੈਡਮਾਸਟਰਾਂ ਦੀਆਂ ਕੁੱਲ 75 ਅਸਾਮੀਆਂ ਹਨ ਅਤੇ 35 ਹੀ ਭਰੀਆਂ ਹੋਈਆਂ ਹਨ 40 ਅਸਾਮੀਆਂ ਖਾਲੀ ਹਨ। ਬਲਾਕ ਪ੍ਰਾਇਮਰੀ ਸਿੱਖਿਆ ਦਫਤਰਾਂ ਦੀ ਹਾਲਤ ਤਾਂ ਬਹੁਤ ਹੀ ਮਾੜੀ ਹੈ ਜਿਲੇ ਵਿੱਚ 7 ਬਲਾਕਾਂ ਵਿੱਚ ਸਿਰਫ ਇੱਕ ਹੀ ਬੀ ਪੀ ਈ ਓ ਹੈ ਦੋ ਬਲਾਕਾਂ ਦਾ ਕੰਮ ਫਰੀਦਕੋਟ ਜ਼ਿਲ੍ਹੇ ਦੇ ਬੀਪੀਓ ਨੂੰ ਚਾਰਜ ਦੇ ਕੇ ਕੰਮ ਸਾਰਿਆ ਜਾ ਰਿਹਾ ਹੈ।
ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ,ਮੀਤ ਪ੍ਰਧਾਨ ਵਿਕਾਸ ਗਰਗ, ਸਹਾਇਕ ਸਕੱਤਰ ਕੁਲਵਿੰਦਰ ਸਿੰਘ ਵਿਰਕ, ਵਿਤ ਸਕੱਤਰ ਅਨਿਲ ਭੱਟ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਖੇਮੂਆਣਾ ਨੇ ਮੰਗ ਕੀਤੀ ਕਿ ਸਰਕਾਰ ਸਕੂਲਾਂ ਦੇ ਸੁਧਾਰ ਲਈ ਈਟੀਟੀ ਤੋਂ ਮਾਸਟਰ ਕੇਡਰ, ਮਾਸਟਰ ਕੇਡਰ ਤੋਂ ਲੈਕਚਰਾਰ, ਮਾਸਟਰ ਕੇਡਰ ਤੋਂ ਹੈਡਮਾਸਟਰ, ਬੀਪੀ ਈ ਓ ਤੋਂ ਹੈਡਮਾਸਟਰ ਦੀਆਂ ਤਰੱਕੀਆਂ ਵੀ ਤੁਰੰਤ ਕਰੇ। ਜਥੇਬੰਦੀ ਦੇ ਲਗਾਤਾਰ ਯਤਨਾਂ ਅਤੇ ਸੰਘਰਸ਼ ਕਰਕੇ ਪ੍ਰਿੰਸੀਪਲਾਂ ਦਾ ਪ੍ਰੋਮੋਸ਼ਨ ਕੋਟਾ 75% ਕੀਤਾ ਗਿਆ ਹੈ ਜਿਸ ਵਿੱਚੋ 70% ਲੈਕਚਰਾਰਾਂ ਲਈ, 20% ਹੈਡਮਾਸਟਰਾਂ ਲਈ ਅਤੇ 10% ਵੋਕੇਸ਼ਨਲ ਅਧਿਆਪਕਾਂ ਲਈ ਕੋਟਾ ਨਿਰਧਾਰਿਤ ਕੀਤਾ ਗਿਆ|ਜਥੇਬੰਦੀ ਨੇ ਜ਼ੋਰ ਨਾਲ ਮੰਗ ਕਰਦਿਆਂ ਕਿਹਾ ਕਿ ਪ੍ਰੋਮੋਸ਼ਨ ਤੁਰੰਤ ਕਰਦਿਆਂ ਸਿੱਧੀ ਭਰਤੀ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ | ਪ੍ਰਾਇਮਰੀ ਵਿਭਾਗ ਵਿੱਚੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਨਵੇਂ ਸੇਵਾ ਨਿਯਮਾਂ ਅਨੁਸਾਰ ਕੀਤੀਆਂ ਜਾਣ।