ਮਾਹਵਾਰੀ ਦੌਰਾਨ ਮਾਮੂਲੀ ਜਿਹੀ ਲਾਪਰਵਾਹੀ ਬਣ ਸਕਦੀ ਗੰਭੀਰ ਬਿਮਾਰੀਆਂ ਦਾ ਕਾਰਨ : ਸਿਵਲ ਸਰਜਨ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ,28 ਮਈ 2025: ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਸਿੰਘ ਦੇ ਦਿਸ਼ਾਂ ਨਿਰਦੇਸ਼ਾ ਹੇਠ ਜਿਲ੍ਹਾ ਬਠਿੰਡਾ ਦੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ ਵਿਖੇ ਵਿਸ਼ਵ ਮਾਹਵਾਰੀ ਸਫਾਈ ਦਿਵਸ ਮਨਾਇਆ ਗਿਆ ਅਤੇ ਸਿਹਤ ਸਟਾਫ ਵੱਲੋਂ ਵਿਦਿਆਰਥਣਾਂ ਨੂੰ ਮਾਹਵਾਰੀ ਦੌਰਾਨ ਸਾਫ ਸਫਾਈ ਨਾ ਰੱਖਣ ਨਾਲ ਹੋਣ ਵਾਲੇ ਰੋਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।ਇਸ ਮੌਕੇ ਦਫ਼ਤਰ ਸਿਵਲ ਸਰਜਨ ਬਠਿੰਡਾ ਵਿਖੇ ‘ਬੇਟੀ ਹੋਈ ਹੈ ਵੱਡੀ ਤਾਂ ਖੁਸ਼ੀਆਂ ਕਿਉ ਨਾ ਵਧਣ’ ਦੇ ਬੈਨਰ ਅਧੀਨ ਲੜਕੀਆ ਲਈ ਜਾਗਰੂਕਤਾ ਪੋਸਟਰ ਰੀਲੀਜ ਕਰਦੇ ਹੋਏ ਡਾ ਰਮਨਦੀਪ ਸਿੰਗਲਾ ਨੇ ਕਿਹਾ ਕਿ ਲੜਕੀਆ ਨੂੰ ਜਾਗਰੂਕਤਾ ਹੋਣ ਦੀ ਜਰੂਰਤ ਹੈ ਅਤੇ ਲੜਕੀਆਂ ਨੂੰ ਮਾਹਵਾਰੀ ਤੋ ਸ਼ਰਮਾਉਣਾ ਨਹੀ ਚਾਹੀਦਾ ਉਸਨੂੰ ਸਾਫ ਸਫਾਈ ਅਤੇ ਸਵੱਛ ਸਾਧਨ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਮਾਹਵਾਰੀ ਆਉਣਾ ਖੂਨ ਅਤੇ ਟਿਸ਼ੂਆ ਦਾ ਵੱਗਣਾ ਹੈ। ਇਸਦਾ ਮਤਲਬ ਹੈ ਕਿ ਇੱਕ ਲੜਕੀ ਦਾ ਸਰੀਰ ਵੱਧ ਰਿਹਾ ਹੈ ਅਤੇ ਭਵਿਖ ਲਈ ਸਰੀਰਕ ਤੌਰ ਤੇ ਤਿਆਰ ਹੋ ਰਿਹਾ ਹੈ ਜਦੋ ਉਹ ਗਰਭਵਤੀ ਹੋਣ ਅਤੇ ਬੱਚਾ ਪੈਦਾ ਕਰਨ ਦਾ ਫੈਸਲਾ ਕਰ ਸਕਦੀ ਹੈ।
ਉਹਨਾਂ ਕਿਹਾ ਕਿ ਇਹ ਇੱਕ ਕੁੜੀ ਦੇ ਸਰੀਰ ਵਿੱਚ ਇੱਕ ਆਮ ਪ੍ਰਕਿਆ ਹੈ ਅਤੇ ਇਸ ਵਿੱਚ ਚਿੰਤਾ, ਡਰ ਜਾਂ ਸ਼ਰਮ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀ ਹੈ। ਮਾਹਵਾਰੀ ਦੌਰਾਨ ਸਾਫ ਸਫਾਈ ਦੀ ਜਾਗਰੂਕਤਾ ਸਬੰਧੀ ਤਿੰਨ ਤਰਾਂ ਦੇ ਪੋਸਟਰ ਜਾਰੀ ਕੀਤੇ ਗਏ ਹਨ। ਜੋ ਕਿ ਲੜਕੀਆ ਦੇ ਸਕੂਲਾਂ ਵਿੱਚ ਸਿਹਤ ਵਿਭਾਗ ਦੀਆ ਟੀਮਾਂ ਵੱਲੋ ਵੰਡੇ ਅਤੇ ਸਕੂਲਾਂ ਵਿੱਚ ਲਗਾਏ ਜਾ ਰਹੇ ਹਨ । ਇਸ ਮੌਕੇ ਡਾ ਕਪਿਲ ਮਿੱਤਲ, ਡਾ ਮੰਜੂ ਬਾਲਾ, ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨਰਿੰਦਰ ਕੁਮਾਰ, ਜਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਮਨਫੂਲ ਸਿੰਘ ਸ਼ਾਮਿਲ ਹੋਏ।ਡਿਪਟੀ ਮਾਸ ਮੀਡੀਆ ਅਫ਼ਸਰ ਮਲਕੀਤ ਕੌਰ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਰਹਿਣ ਵਾਲੀਆਂ ਲੱਖਾਂ ਔਰਤਾਂ ਮੈਨਸਟੂਰਅਲ ਹਾਈਜੀਨ ਹੈਲਥ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਤੋਂ ਅਜੇ ਵੀ ਅਣਜਾਣ ਹਨ ਅਤੇ ਉਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਨਾਂ ਦੀ ਮਾਮੂਲੀ ਜਿਹੀ ਲਾਪਰਵਾਹੀ ਉਨਾਂ ਲਈ ਹੈਪੇਟਾਈਟਸ ਬੀ, ਸਰਵਾਈਕਲ ਕੈਂਸਰ, ਲਾਗ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।
ਉਹਨਾਂ ਕਿਹਾ ਕਿ ਇਸ ਦਾ ਅਸਰ ਨਾ ਸਿਰਫ ਔਰਤਾਂ ਨੂੰ ਸਰੀਰਕ ਤੌਰ ਤੇ ਸਗੋਂ ਮਾਨਸਿਕ ਤੌਰ ਤੇ ਵੀ ਲੰਬੀ ਉਮਰ ਤਕ ਪ੍ਰਭਾਵਿਤ ਕਰ ਸਕਦਾ ਹੈ। ਨੌਜਵਾਨ ਲੜਕੀਆਂ ਅਤੇ ਔਰਤਾਂ ਨੂੰ ਮਾਹਵਾਰੀ ਦੌਰਾਨ ਸਫਾਈ ਦਾ ਧਿਆਨ ਰੱਖਣ ਲਈ ਲੋੜੀਂਦੀ ਜਾਣਕਾਰੀ ਹੋਣਾ ਜਰੂਰੀ ਹੈ ਤਾਂ ਜੋ ਉਹ ਅਣਜਾਣੇ ਵਿਚ ਕਿਸੇ ਵੀ ਮਾਰੂ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ। ਦਰਅਸਲ, ਸਮਾਜ ਵਿਚ ਅਜੇ ਵੀ ਬਹੁਤ ਔਰਤਾਂ ਇਸ ਤੇ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੀਆਂ ਕਿ ਪੀਰੀਅਡਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।ਇਸ ਮੌਕੇ ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨਰਿੰਦਰ ਕੁਮਾਰ ਦੁਆਰਾ ਵਿਦਿਆਰਥਣਾਂ ਨੂੰ ਪੌਸ਼ਟਿਕ ਖੁਰਾਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ। ਵਿਦਿਆਰਥਣਾਂ ਨੂੰ ਮਾਹਵਾਰੀ ਚੱਕਰ ਨੂੰ ਵਿਸਥਾਰ ਪੂਰਵਕ ਦੱਸਣ ਦੇ ਨਾਲ-ਨਾਲ ਵਰਤੋਂ ਹੋਏ ਸੈਨਟਰੀ ਨੈਪਕਿਨ ਦਾ ਨਿਪਟਾਰਾ ਕਰਨ ਦਾ ਤਰੀਕਾ ਵੀ ਦੱਸਿਆ। ਇਸ ਤੋ ਇਲਾਵਾ ਛੇਵੀ ਅਤੇ ਸੱਤਵੀ ਜਮਾਤ ਦੀਆ ਵਿਦਿਆਰਥਣਾਂ ਵਿਚਕਾਰ ਸਿਹਤ ਸਫਾਈ ਬਾਰੇ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ।