ਬਠਿੰਡਾ ਦਾ ਬੱਸ ਅੱਡਾ: ਆਮ ਲੋਕ ਲਾਉਣ ਲੱਗੇ ਹੱਕ ਵਿੱਚ ਦਸਤਖਤਾਂ ਦਾ ਥੱਬਾ
ਅਸ਼ੋਕ ਵਰਮਾ
ਬਠਿੰਡਾ,21 ਮਈ: ਬਠਿੰਡਾ ਦੇ ਬੱਸ ਅੱਡੇ ਨੂੰ ਮੌਜੂਦਾ ਥਾਂ ’ਤੇ ਰੱਖਣ ਲਈ ਆਮ ਲੋਕਾਂ ਵੱਲੋਂ ਇੱਕ ਮਹੀਨੇ ਤੋਂ ਸੰਘਰਸ਼ ਕਮੇਟੀ ਬਣਾਕੇ ਅੰਬੇਡਕਰ ਪਾਰਕ ’ਚ ਚੱਲ ਰਹੇ ਪ੍ਰਦਰਸ਼ਨ ਦੀ ਅਗਲੀ ਰਣਨੀਤੀ ਤਹਿਤ ਸੰਘਰਸ਼ ਕਮੇਟੀ ਨੇ ਆਮ ਲੋਕਾਂ ਤੱਕ ਇਹ ਮੁਹਿੰਮ ਪੁੱਜਦੀ ਕਰਨ ਲਈ ਦਸਤਖਤੀ ਮੁਹਿੰਮ ਵਿੱਢੀ ਹੈ ਜਿਸ ਲਈ ਵੱਖ ਵੱਖ ਵਰਗਾਂ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੰਘਰਸ਼ ਕਮੇਟੀ ਨੇ ਹੁਣ ਹਰ ਵਰਗ ਨੂੰ ਆਪਣੇ ਨਾਲ ਜੋੜਨ ਦਾ ਪੈਂਤੜਾ ਅਖਤਿਆਰ ਕੀਤਾ ਹੈ ਤਾਂਜੋ ਬੱਸ ਅੰਡਾ ਮਲੋਟ ਰੋਡ ਤੇ ਲਿਜਾਣ ਦੀ ਯੋਜਨਾ ਨੂੰ ਰੱਦ ਕਰਵਾਇਆ ਜਾ ਸਕੇ। ਸੰਘਰਸ਼ ਕਮੇਟੀ ਨੇ ਇਸ ਜਨ ਜਾਗਰਣ ਮੁਹਿੰਮ ਨੂੰ ਸਫਲ ਬਨਾਉਣ ਲਈ ਵੱਖ ਵੱਖ ਟੀਮਾਂ ਬਣਾਈਆਂ ਹਨ ਜੋ ਆਪਣੇ ਪੱਧਰ ਤੇ ਬੱਸ ਅੱਡਾ ਸ਼ਿਫਟ ਕਰਨ ਤੋਂ ਬਾਅਦ ਹੋਣ ਵਾਲੇ ਨਫੇ ਨੁਕਸਾਨ ਸਬੰਧੀ ਕੱਲੀ ਕੱਲੀ ਗੱਲ ਤੋਂ ਜਾਣੂੰ ਕਰਵਾਉਣਗੀਆਂ।
ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ ਅਤੇ ਹਰਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਸ਼ਹਿਰ ਤੋਂ ਸੱਤ ਕਿਲੋਮੀਟਰ ਦੂਰ ਮਲੋਟ ਰੋਡ ਉੱਤੇ ਭੂਮਾਫੀਆ ਨੂੰ ਲਾਭ ਦੇਣ ਦੇ ਉਦੇਸ਼ ਨਾਲ ਬੱਸ ਸਟੈਂਡ ਲੈ ਜਾਣ ਅਤੇ ਸ਼ਹਿਰ ਨੂੰ ਉਜਾੜਣ ਦੀ ਯੋਜਨਾ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ ਜਿਸ ਲਈ ਸੰਘਰਸ਼ ਨੂੰ ਹਰ ਪੱਧਰ ’ਤੇ ਤੇਜ਼ ਕੀਤਾ ਜਾਵੇਗਾ। ਬੱਸ ਸਟੈਂਡ ਕਮੇਟੀ ਦੇ ਮੀਡੀਆ ਇੰਚਾਰਜ ਸੰਦੀਪ ਅਗਰਵਾਲ ਨੇ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਪਿੰਡਾਂ, ਸ਼ਹਿਰਾਂ, ਬੱਸ ਸਟੈਂਡਾਂ, ਬਾਜ਼ਾਰਾਂ ਵਿੱਚ ਲੋਕਾਂ ਤੋਂ ਹਸਤਾਖਰ ਕਰਵਾਕੇ ਇੱਕ ਡਾਟਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸਦੇ ਨਾਲ ਨਾਲ ਗੁਰਪ੍ਰੀਤ ਆਰਟਿਸਟ ਵੱਲੋਂ ਆਪਣੀ ਟੀਮ ਨਾਲ ਕਮੇਟੀ ਅੱਗੇ ਰੱਖਣ ਲਈ ਇੱਕ ਟੈਕਨੀਕਲ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ ਸੰਘਰਸ਼ ਕਮੇਟੀ ਅਤੇ ਆਮ ਲੋਕਾਂ ਦੇ ਪੱਖ ਨੂੰ ਮਜ਼ਬੂਤੀ ਦੇਣ ਦਾ ਕੰਮ ਕਰੇਗਾ ।
ਡਾਕਟਰ ਅਜੀਤਪਾਲ ਸਿੰਘ ਨੇ ਦੱਸਿਆ ਕਿ ਅੰਬੇਡਕਰ ਪਾਰਕ ਵਿੱਚ ਰੋਜ਼ਾਨਾ 11 ਤੋਂ 2 ਵਜੇ ਤੱਕ ਇਕੱਠ ਹੋ ਕੇ ਲੋਕਾਂ ਦੇ ਵਿਚਾਰ ਲਏ ਜਾ ਰਹੇ ਹਨ ਤਾਂ ਜੋ ਨਵੇਂ ਸੁਝਾਵਾਂ ਉੱਤੇ ਕੰਮ ਕੀਤਾ ਜਾ ਸਕੇ। ਵਿਦਿਆਰਥੀ ਆਗੂ ਪਾਇਲ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਚਰਚਾ ਕੀਤੀ ਹੈ ਅਤੇ ਹਰ ਕੋਈ ਬੱਸ ਸਟੈਂਡ ਨੂੰ ਮੌਜੂਦਾ ਥਾਂ ’ਤੇ ਰੱਖਣ ਦੇ ਹੱਕ ਵਿੱਚ ਹੈ, ਕਿਉਂਕਿ ਇਹ ਸੁਵਿਧਾਜਨਕ ਹੈ। ਇਸ ਮੌਕੇ ’ਤੇ ਕੌਂਸਲਰ ਸੰਦੀਪ ਬਾਬੀ, ਸਾਬਕਾ ਕੌਂਸਲਰ ਰਾਜ ਗੋਇਲ, ਪਲਵਿੰਦਰ ਸਿੰਘ, ਗੁਰਵਿੰਦਰ ਸ਼ਰਮਾ, ਪੰਕਜ ਭਾਰਦਵਾਜ, ਹੈਪੀ ਸਰਪੰਚ ਅਮਨਦੀਪ ਸਿੰਘ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ,ਵਕੀਲ ਬਿਸ਼ਨਦੀਪ ਕੌਰ,ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜਨਰਲ ਸਕੱਤਰ ਸੁਖਵਿੰਦਰ ਕੌਰ,ਦਿਹਾਤੀ ਮਜ਼ਦੂਰ ਸਭਾ ਦੇ ਪ੍ਰਕਾਸ਼ ਸਿੰਘ ਤੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰਿੰ ਬੱਗਾ ਸਿੰਘ,ਸੰਤੋਖ ਮੱਲਣ,ਤਰਸੇਮ,ਟੀਐਸਯੂ ਦੇ ਆਈਡੀ ਕਟਾਰੀਆ ਤੇ ਜਤਿੰਦਰ ਕ੍ਰਿਸ਼ਨ, ਹਾਜ਼ਰ ਸਨ।