ਐਨ.ਸੀ.ਸੀ. ਕੈਡੇਟ ਪਦਮ ਨਾਮਗੈਲ ਨੇ ਇਤਿਹਾਸਕ ਐਵਰੈਸਟ ਫਤਹਿ ਕਰ ਚੰਡੀਗੜ੍ਹ ਦਾ ਮਾਣ ਵਧਾਇਆ
ਚੰਡੀਗੜ੍ਹ: 20 ਮਈ, 2025 - 2 ਚੰਡੀਗੜ੍ਹ ਬਟਾਲੀਅਨ ਐਨ.ਸੀ.ਸੀ. ਦੇ ਕੈਡੇਟ ਪਦਮ ਨਾਮਗੈਲ ਨੇ ਇੱਕ ਸ਼ਾਨਦਾਰ ਪ੍ਰਾਪਤੀ ਵਿੱਚ 18 ਮਈ, 2025 ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਫਤਹਿ ਕਰਕੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਵਰਨਣਯੋਗ ਹੈ ਕਿ 10 ਐਨ.ਸੀ.ਸੀ. ਕੈਡਿਟਾਂ, ਭਾਰਤੀ ਫੌਜ ਦੇ ਜਵਾਨਾਂ ਅਤੇ ਸ਼ੇਰਪਾ ਗਾਈਡਾਂ ਵਾਲੀ 38 ਮੈਂਬਰੀ ਟੀਮ ਦੇ ਹਿੱਸੇ ਵਜੋਂ, ਨਾਮਗੈਲ ਦਾ ਇਹ ਕਾਰਨਾਮਾ ਉਸਦੇ ਬੇਮਿਸਾਲ ਧੀਰਜ, ਹੁਨਰ, ਸਾਹਸ ਅਤੇ ਉੱਤਮਤਾ ਪ੍ਰਤੀ ਵਚਨਬੱਧਤਾ ਦਾ ਸਬੂਤ ਹੈ।

ਇਹ ਪ੍ਰਾਪਤੀ ਨਾ ਸਿਰਫ਼ ਨਾਮਗੈਲ ਲਈ ਸਗੋਂ ਪੂਰੇ ਐਨ.ਸੀ.ਸੀ. ਸਮੁਦਾਇ, ਸਾਰੇ ਦੇਸ਼ ਅਤੇ ਖਾਸ ਕਰਕੇ ਚੰਡੀਗੜ੍ਹ ਲਈ ਇੱਕ ਮਾਣ ਵਾਲੀ ਗੱਲ ਹੈ। ਉਸਨੇ ਮਾਊਂਟ ਐਵਰੈਸਟ ਦੀ ਇਹ ਸਫਲਤਾ, ਮਾਊਂਟ ਕਾਂਗ ਯਾਤਸੇ-II ਅਤੇ ਮਾਊਂਟ ਅਬੀ ਗਾਮਿਨ ਜਿਹੀਆਂ ਪਿਛਲੀਆਂ ਮਹੱਤਵਪੂਰਨ ਮੁਹਿੰਮਾਂ ਤੋਂ ਬਾਅਦ ਪ੍ਰਾਪਤ ਕੀਤੀ ਹੈ।
2 ਚੰਡੀਗੜ੍ਹ ਬਟਾਲੀਅਨ ਐਨ.ਸੀ.ਸੀ. ਦਾ ਨੌਜਵਾਨਾਂ ਵਿੱਚ ਉਤਸ਼ਾਹ ਅਤੇ ਲੀਡਰਸ਼ਿਪ ਨੂੰ ਹੁਲਾਰਾ ਦੇਣ ਦਾ ਇੱਕ ਸਫਲ ਪਿਛੋਕੜ ਰਿਹਾ ਹੈ, ਅਤੇ ਨਾਮਗੈਲ ਦੀ ਪ੍ਰਾਪਤੀ ਚੰਡੀਗੜ੍ਹ ਖੇਤਰ ਦੇ ਨੌਜਵਾਨਾਂ ਲਈ ਇੱਕ ਵੱਡੀ ਪ੍ਰੇਰਨਾ ਹੈ।