ਪੀ.ਏ.ਯੂ. ਦੀ ਸਾਬਕਾ ਵਿਦਿਆਰਥਣ ਆਸਟਰੇਲੀਆ ਦੀ ਸੰਸਦ ਮੈਂਬਰ ਬਣੀ
ਲੁਧਿਆਣਾ 21 ਮਈ, 2025 - ਪੀ.ਏ.ਯੂ. ਦੀ ਸਾਬਕਾ ਵਿਦਿਆਰਥਣ ਡਾ. ਪਰਵਿੰਦਰ ਕੌਰ ਪੱਛਮੀ ਆਸਟਰੇਲੀਆ ਦੇ ਪਾਰਲੀਮੈਂਟ ਦੀ ਪਹਿਲੀ ਪੰਜਾਬੀ ਔਰਤ ਮੈਂਬਰ ਵਜੋਂ ਸਹੁੰ ਚੁੱਕਣਗੇ| ਨਵੇਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਹਯਾਤਪੁਰ ਰੁੜਕੀ ਵਿਖੇ ਸ. ਕਸ਼ਮੀਰ ਸਿੰਘ ਦੇ ਘਰ ਪੈਦਾ ਹੋਣ ਵਾਲੀ ਡਾ. ਪਰਵਿੰਦਰ ਕੌਰ ਦੀ ਰੁਚੀ ਸ਼ੁਰੂ ਤੋਂ ਹੀ ਵਿਗਿਆਨਕ ਵਿਸ਼ਿਆਂ ਵਿਚ ਸੀ| ਉਹਨਾਂ ਨੇ 12ਵੀਂ ਤੋਂ ਬਾਅਦ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਵਿਚ ਦਾਖਲਾ ਲਿਆ| ਬੀ ਐੱਸ ਸੀ ਅਤੇ ਐੱਮ ਐੱਸ ਸੀ ਪੀ.ਏ.ਯੂ. ਤੋਂ ਕਰਨ ਤੋਂ ਬਾਅਦ ਉਹ ਉਚੇਰੀ ਪੜ੍ਹਾਈ ਕਰਨ ਲਈ ਆਸਟਰੇਲੀਆ ਚਲੇ ਗਏ ਅਤੇ ਉਥੇ ਫਸਲਾਂ ਦੇ ਡੀ ਐੱਨ ਏ ਉੱਪਰ ਕੰਮ ਕੀਤਾ|
ਵਿਸ਼ੇਸ਼ ਤੌਰ ਤੇ ਪਸ਼ੂਆਂ ਦੇ ਚਾਰੇ ਵਿਚ ਬਣਨ ਵਾਲੀ ਮੀਥੇਨ ਗੈਸ ਸੰਬੰਧੀ ਕੀਤੇ ਕਾਰਜ ਲਈ ਉਹਨਾਂ ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਸਨਮਾਨਿਤ ਕੀਤਾ| ਪੱਛਮੀ ਆਸਟਰੇਲੀਆ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦਿਆਂ ਉਹਨਾਂ ਨੇ ਸਮਾਜ ਦੀ ਭਲਾਈ ਨੂੰ ਆਪਣਾ ਮੁੱਖ ਮੰਤਵ ਬਣਾਇਆ| ਇਸੇ ਦੇ ਸਿੱਟੇ ਵਜੋਂ ਆਸਟਰੇਲੀਆ ਦੀ ਲੇਬਰ ਪਾਰਟੀ ਨੇ ਉਹਨਾਂ ਨੂੰ ਉਪਰਲੇ ਸਦਨ ਲਈ ਆਪਣਾ ਨੁਮਾਇੰਦਾ ਬਣਾਇਆ| ਪੰਜਾਬੀ ਭਾਈਚਾਰੇ ਵਿਚ ਚੰਗੇ ਰਸੂਖ ਸਦਕਾ ਡਾ. ਪਰਵਿੰਦਰ ਕੌਰ ਵੱਡੀ ਜਿੱਤ ਨਾਲ ਆਸਟਰੇਲੀਆ ਦੀ ਸੰਸਦ ਦੀਆਂ ਬਰੂਹਾਂ ਤੱਕ ਪਹੁੰਚਣ ਵਾਲੇ ਪਹਿਲੇ ਔਰਤ ਪੰਜਾਬੀ ਮੈਂਬਰ ਬਣੇ ਹਨ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਸਮੂਹ ਉੱਚ ਅਧਿਕਾਰੀਆਂ ਨੇ ਡਾ. ਪਰਵਿੰਦਰ ਦਾ ਆਸਟਰੇਲੀਆ ਦੀ ਸੰਸਦ ਲਈ ਚੁਣੇ ਜਾਣਾ ਬੇਹੱਦ ਸ਼ੁੱਭ ਕਾਰਜ ਮੰਨਿਆ ਅਤੇ ਉਹਨਾਂ ਨੂੰ ਅਗਲੇਰੀ ਸਫਲਤਾ ਲਈ ਵਧਾਈ ਦਿੱਤੀ|