ਕੈਨੇਡਾ ਦੇ ਗੁਰਦਵਾਰੇ ਦੇ ਪ੍ਰਧਾਨ, ਸਕੱਤਰ ਅਤੇ ਖਜ਼ਾਨਚੀ ਦੀਆਂ ਸੇਵਾਵਾਂ 'ਤੇ ਲਾਈ ਰੋਕ ਅਕਾਲ ਤਖਤ ਸਾਹਿਬ ਨੇ - ਸਿੱਖ ਬੀਬੀ ਨੂੰ ਤੰਗ ਪਰੇਸ਼ਾਨ ਕਰ ਦਾ ਹੈ ਦੋਸ਼
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 21 ਮਈ 2025 -ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰਦੁਆਰਾ ਬਾਬਾ ਬੁੱਢਾ ਜੀ, ਹੈਮਿਲਟਨ ਦੀ ਪ੍ਰਬੰਧਕ ਕਮੇਟੀ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ । ਗੁਰਦਵਾਰਾ ਸਾਹਿਬ ਦੀ ਪਰਬੰਧਕ ਕਮੇਟੀ ਦੇ ਤਿੰਨੇ ਅਹੁਦੇਦਾਰਾਂ ਦੀਆਂ ਸੇਵਾਵਾਂ ਤੇ ਰੋਕ ਲਾ ਦਿੱਤੀ ਹੈ ।
ਇਹ ਮਾਮਲਾ ਸਿੱਖ ਸ਼ਹੀਦ ਡਾ. ਗੁਰਪ੍ਰੀਤ ਸਿੰਘ (ਵਾਸੀ ਲੁਧਿਆਣਾ) ਦੀ ਸੁਪਤਨੀ ਬੀਬੀ ਪਰਮਿੰਦਰਪਾਲ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਕਤ ਗੁਰਦੁਆਰਾ ਸਾਹਿਬ ਵਿਖੇ ਤੰਗ ਪਰੇਸ਼ਾਨ ਕਰਨ ਸਬੰਧੀ ਮਿਲੀਆਂ ਲਿਖਤੀ ਸ਼ਿਕਾਇਤਾਂ ਦੇ ਆਧਾਰ 'ਤੇ ਪੇਸ਼ ਆਇਆ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਹਾ ਗਿਆ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ 'ਪਤਿਤ' ਹਨ, ਜੋ ਕਿ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਹੁਕਮਾਂ ਦੀ ਉਲੰਘਣਾ ਹੈ।
ਵੱਲੋਂ ਅੱਜ 08 ਜੇਠ ਨਾਨਕਸ਼ਾਹੀ ਸੰਮਤ 557 ਅਨੁਸਾਰ 21 ਮਈ 2025, ਬੁੱਧਵਾਰ ਦੇ ਦਿਨ ਪੰਜ ਸਿੰਘ ਸਾਹਿਬਾਨ ਦੀ ਸਕੱਤਰੇਤ ਵਿੱਚ ਹੋਈ ਇਕੱਤਰਤਾ ਦੌਰਾਨ ਕੈਨੇਡਾ ਦੇ ਗੁਰਦੁਆਰਾ ਬਾਬਾ ਬੁੱਢਾ ਜੀ, ਹੈਮਿਲਟਨ ਦੀ ਪ੍ਰਬੰਧਕ ਕਮੇਟੀ ਖ਼ਿਲਾਫ਼ ਗੰਭੀਰ ਫੈਸਲਾ ਲਿਆ ਗਿਆ ਹੈ
ਫੈਸਲੇ ਅਨੁਸਾਰ:
-
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਾਜ਼ਰ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ।
-
ਖ਼ਜ਼ਾਂਚੀ ਕੁਲਵਿੰਦਰ ਸਿੰਘ ਮੁਲਤਾਨੀ ਅਤੇ ਸਕੱਤਰ ਜੱਸ ਸੋਹਲ ਨੂੰ ਲਿਖਤੀ ਰੂਪ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਆਦੇਸ਼ਿਤ ਕੀਤਾ ਗਿਆ ਹੈ।
-
ਜਦ ਤੱਕ ਇਹ ਤਿੰਨੇ ਆਪਣਾ ਪੱਖ ਨਹੀਂ ਰੱਖਦੇ, ਉਨ੍ਹਾਂ ਦੀਆਂ ਸੇਵਾਵਾਂ ਉੱਤੇ ਤਤਕਾਲ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਹੈ।
ਹੋਰ ਹੁਕਮਾਂ ਅਨੁਸਾਰ:
-
ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਬੀਬੀ ਪਰਮਿੰਦਰਪਾਲ ਕੌਰ ਨੂੰ ਉੱਥੇ ਹੀ ਸੇਵਾ ਅਤੇ ਰਹਾਇਸ਼ ਲਈ ਯੋਗ ਪ੍ਰਬੰਧ ਦਿੱਤਾ ਜਾਵੇ।
-
ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਵੀ ਕਮੇਟੀ ਦੀ ਹੋਵੇਗੀ।
-
ਓਂਟਾਰੀਓ ਦੀ ਸਿੱਖ ਸੰਗਤ ਨੂੰ ਅਕਾਲ ਤਖ਼ਤ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਪੰਥਕ ਅਪੀਲ:
ਸਮੁੱਚੇ ਸਿੱਖ ਪੰਥ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਹੀਦ ਪਰਿਵਾਰਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਨੂੰ ਸੰਭਾਲ ਦੇਣ ਦੀ ਪਰੰਪਰਾਵਾਂ ਅਨੁਸਾਰ ਪੂਰੀ ਸਹਿਯੋਗਤਾ ਦਿਖਾਵੇ।
ਮਤੇ ਦੀ ਕਾਪੀ ਇਸ ਪ੍ਰਕਾਰ ਹੈ -----
ਅੱਜ ਮਿਤੀ ੦੮ ਜੇਠ ਨਾਨਕਸ਼ਾਹੀ ਸੰਮਤ ੫੫੭ ਮੁਤਾਬਿਕ ੨੧ ਮਈ ੨੦੨੫ ਦਿਨ ਬੁੱਧਵਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਮਾਮਲਾ ਪੇਸ਼ ਹੋਣ ਉੱਤੇ ਵਿਚਾਰ ਕੀਤਾ ਗਿਆ ਕਿ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ, ਹੈਮਿਲਟਨ (ਕੈਨੇਡਾ) ਦੀ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਗੁਰਦੁਆਰਾ ਸਾਹਿਬ ਵਿਖੇ ਰਹਿ ਰਹੇ ਸਿੱਖ ਸ਼ਹੀਦ ਡਾ. ਗੁਰਪ੍ਰੀਤ ਸਿੰਘ ਵਾਸੀ ਲੁਧਿਆਣਾ ਦੀ ਸੁਪਤਨੀ ਬੀਬੀ ਪਰਮਿੰਦਰਪਾਲ ਕੌਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ ਸ਼ਿਕਾਇਤਾਂ ਵਿੱਚ ਸਾਹਮਣੇ ਆਇਆ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਪਤਿਤ ਹਨ, ਜੋ ਕਿ ਬੀਤੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਉਲੰਘਣਾ ਹੈ।
ਪੰਜ ਸਿੰਘ ਸਾਹਿਬਾਨ ਦੀ ਅੱਜ ਦੀ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ। ਪ੍ਰਬੰਧਕ ਕਮੇਟੀ ਦੇ ਪਤਿਤ ਮੈਂਬਰ ਖਜਾਨਚੀ ਕੁਲਵਿੰਦਰ ਸਿੰਘ ਮੁਲਤਾਨੀ ਤੇ ਸਕੱਤਰ ਜੱਸ ਸੋਹਲ ਆਪਣਾ ਪੱਖ ਲਿਖਤੀ ਰੂਪ ਵਿੱਚ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ। ਜਦੋਂ ਤੱਕ ਇਹ ਆਪਣਾ ਪੱਖ ਨਹੀਂ ਰੱਖਦੇ ਇਨ੍ਹਾਂ ਦੀਆਂ ਸੇਵਾਵਾਂ ਉੱਤੇ ਰੋਕ ਲਗਾਈ ਜਾਂਦੀ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਪਰਮਿੰਦਰਪਾਲ ਕੌਰ ਨੂੰ ਉੱਥੇ ਗੁਰਦੁਆਰਾ ਸਾਹਿਬ ਵਿਖੇ ਹੀ ਸੇਵਾ ਦੇ ਕੇ ਯੋਗ ਸੇਵਾਫਲ/ਰਿਹਾਇਸ਼ ਦਾ ਪ੍ਰਬੰਧ ਯਕੀਨੀ ਬਣਾਏ ਅਤੇ ਇਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਦੀ ਜਿੰਮੇਵਾਰੀ ਪ੍ਰਬੰਧਕ ਕਮੇਟੀ ਦੀ ਹੋਵੇਗੀ। ਓਂਟਾਰੀਓ ਕੈਨੇਡਾ ਦੀ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਆਦੇਸ਼ ਦੀ ਪਾਲਣਾ ਯਕੀਨੀ ਬਣਾਏ। ਸਮੁੱਚਾ ਪੰਥ ਸ਼ਹੀਦ ਪਰਿਵਾਰਾਂ ਦਾ ਹਮੇਸ਼ਾ ਖਿਆਲ ਰੱਖੇ ਅਤੇ ਇਨ੍ਹਾਂ ਨੂੰ ਪੂਰਨ ਸਹਿਯੋਗ ਕੀਤਾ ਜਾਵੇ।