ਪੱਛਮੀ ਬੰਗਾਲ ਵਿੱਚ ਯਾਤਰੀ ਰੇਲਗੱਡੀ ਵਿੱਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਕਾਬੂ ਪਾਇਆ
ਨਵੀਂ ਦਿੱਲੀ, 20 ਮਈ 2025 - ਬਿਹਾਰ ਅਤੇ ਪੱਛਮੀ ਬੰਗਾਲ ਸਰਹੱਦ ਨੇੜੇ ਗੈਸਲ ਰੇਲਵੇ ਸਟੇਸ਼ਨ 'ਤੇ ਇੱਕ ਵੱਡਾ ਹਾਦਸਾ ਟਲ ਗਿਆ। ਸਿਲੀਗੁੜੀ ਅਤੇ ਮਾਲਦਾ ਵਿਚਕਾਰ ਚੱਲ ਰਹੀ ਇੱਕ ਯਾਤਰੀ ਰੇਲਗੱਡੀ ਨੂੰ ਅਚਾਨਕ ਅੱਗ ਲੱਗ ਗਈ। ਗੈਸਲ ਸਟੇਸ਼ਨ 'ਤੇ ਖੜੀ ਰੇਲਗੱਡੀ ਦੇ ਇੱਕ ਡੱਬੇ ਵਿੱਚੋਂ ਧੂੰਆਂ ਉੱਠਦਾ ਦੇਖਿਆ ਗਿਆ। ਕੁਝ ਹੀ ਸਮੇਂ ਵਿੱਚ ਅੱਗ ਨੇ ਡੱਬੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਯਾਤਰੀਆਂ ਵਿੱਚ ਘਬਰਾਹਟ ਫੈਲ ਗਈ ਅਤੇ ਸਾਰੇ ਤੁਰੰਤ ਟ੍ਰੇਨ ਤੋਂ ਹੇਠਾਂ ਉਤਰ ਗਏ ਅਤੇ ਸੁਰੱਖਿਅਤ ਥਾਵਾਂ ਵੱਲ ਭੱਜਣ ਲੱਗੇ। ਖੁਸ਼ਕਿਸਮਤੀ ਨਾਲ, ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ਬੁਝਾਊ ਦਸਤੇ ਦੀ ਟੀਮ ਨੂੰ ਤੁਰੰਤ ਮੌਕੇ 'ਤੇ ਬੁਲਾਇਆ ਗਿਆ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ।
ਰੇਲਵੇ ਅਧਿਕਾਰੀਆਂ ਨੇ ਤੁਰੰਤ ਸਥਿਤੀ 'ਤੇ ਕਾਬੂ ਪਾਇਆ, ਰੇਲਗੱਡੀ ਨੂੰ ਖਾਲੀ ਕਰਵਾਇਆ ਅਤੇ ਰੇਲਵੇ ਟਰੈਕ 'ਤੇ ਆਵਾਜਾਈ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।