ਪਿਛਲੇ ਤਿੰਨ ਸਾਲਾਂ ਵਿੱਚ ਤਿੰਨ ਤੋਂ ਛੇ ਨੌਕਰੀਆਂ ਲੈਣ ਵਾਲੇ ਨੌਜਵਾਨਾਂ ਵੱਲੋਂ ਕਿਸਮਤ ਬਦਲਣ ਲਈ ਮੁੱਖ ਮੰਤਰੀ ਦੀ ਸ਼ਲਾਘਾ
- ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਲਈ ਭਗਵੰਤ ਮਾਨ ਦਾ ਕੀਤਾ ਧੰਨਵਾਦ
ਚੰਡੀਗੜ੍ਹ, 20 ਮਈ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਪਿਛਲੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਤਿੰਨ ਤੋਂ ਲੈ ਕੇ ਛੇ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਅਤੇ ਹੋਰ ਕਈ ਵਿਭਾਗਾਂ ਵਿੱਚ ਨਵੇਂ ਭਰਤੀ ਹੋਏ ਨੌਜਵਾਨਾਂ ਨੇ ਅੱਜ ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੌਕਰੀਆਂ ਮੁਹੱਈਆ ਹੋਣ ਨਾਲ ਉਨ੍ਹਾਂ ਦੀ ਕਿਸਮਤ ਬਦਲੀ ਹੈ।
ਪਟਿਆਲਾ ਦੀ ਸੰਦੀਪ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਸ਼ਾਸਨਕਾਲ ਦੌਰਾਨ ਇਹ ਉਸ ਦੀ ਛੇਵੀਂ ਸਰਕਾਰੀ ਨੌਕਰੀ ਹੈ। ਉਸ ਨੇ ਕਿਹਾ ਕਿ ਸੂਬਾ ਸਰਕਾਰ ਦੀ ਮਜ਼ਬੂਤ ਖੇਡ ਨੀਤੀ ਨੇ ਉਸ ਵਰਗੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੋਲ੍ਹੇ ਹਨ, ਜੋ ਸੱਚਮੁੱਚ ਸ਼ਲਾਘਾਯੋਗ ਹੈ। ਉਸ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਲਗਨ ਅਤੇ ਵਚਨਬੱਧਤਾ ਨਾਲ ਨਿਭਾਉਣਗੇ।
ਇਸ ਦੌਰਾਨ ਮੋਗਾ ਤੋਂ ਨਵ ਨਿਯੁਕਤ ਖੇਤੀਬਾੜੀ ਵਿਕਾਸ ਅਧਿਕਾਰੀ (ਏ.ਡੀ.ਓ.) ਗੁਰਜੀਤ ਸਿੰਘ ਨੇ ਆਪਣੇ ਸੰਘਰਸ਼ੀ ਜੀਵਨ ਦੀ ਗਾਥਾ ਸਾਂਝੀ ਕੀਤੀ। ਕਈ ਪ੍ਰੀਖਿਆਵਾਂ ਵਿੱਚ ਬੈਠਣ ਦੇ ਬਾਵਜੂਦ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੀ ਮਾਂ ਨੇ ਉਸ ਨੂੰ ਸਖ਼ਤ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੀ ਮਾਂ ਦੇ ਅਟੁੱਟ ਵਿਸ਼ਵਾਸ ਅਤੇ ਸੂਬਾ ਸਰਕਾਰ ਵੱਲੋਂ ਨੌਕਰੀਆਂ ਦੇਣ ਲਈ ਬਣਾਈ ਪਾਰਦਰਸ਼ੀ ਵਿਧੀ ਸਿਰ ਬੰਨ੍ਹਿਆ।
ਇਸ ਤਰ੍ਹਾਂ ਪੈਰਾ-ਉਲੰਪੀਅਨ ਮੁਹੰਮਦ ਯਾਸਰ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀ ਤਿਆਰੀ ਲਈ 13 ਲੱਖ ਪ੍ਰਦਾਨ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਨੂੰ ਜ਼ਿੰਦਗੀ ਬਦਲਣ ਵਾਲਾ ਦੱਸਿਆ। ਇਸ ਤੋਂ ਇਲਾਵਾ ਉਸ ਨੇ ਪੈਰਾ ਖਿਡਾਰੀਆਂ ਨੂੰ ਦੂਜੇ ਅਥਲੀਟਾਂ ਦੇ ਬਰਾਬਰ ਇਨਾਮੀ ਰਾਸ਼ੀ ਯਕੀਨੀ ਬਣਾਉਣ ਦੇ ਫੈਸਲੇ ਨੂੰ ਸਲਾਹਿਆ। ਉਸ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਇਹ ਉਸ ਵਰਗੇ ਅਥਲੀਟਾਂ ਲਈ ਵਧੀਆ ਮੌਕਾ ਹੈ।
ਸੰਗਰੂਰ ਦੀ ਗੀਤਿਕਾ ਨੇ ਨੌਜਵਾਨਾਂ ਖ਼ਾਸ ਕਰ ਕੇ ਕੁੜੀਆਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਾਰਦਰਸ਼ੀ ਢੰਗ ਨਾਲ ਦਿੱਤੀਆਂ ਗਈਆਂ ਨੌਕਰੀਆਂ ਔਰਤਾਂ ਦੇ ਸਸ਼ਕਤੀਕਰਨ ਵਿੱਚ ਬਹੁਤ ਮਦਦ ਕਰਨਗੀਆਂ।
ਇਨ੍ਹਾਂ ਤੋਂ ਇਲਾਵਾ ਜਲਾਲਾਬਾਦ ਤੋਂ ਏ.ਡੀ.ਓ. ਵਿਪਨਜੋਤ ਅਰੋੜਾ ਨੇ ਆਪਣੇ ਸਫ਼ਰ `ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਉਸ ਦੀ ਤੀਜੀ ਨੌਕਰੀ ਹੈ। ਇਸ ਤੋਂ ਪਹਿਲਾਂ ਉਹ ਪਟਵਾਰੀ ਦੀ ਨੌਕਰੀ ਦੀ ਸਿਖਲਾਈ ਪੂਰੀ ਕਰ ਚੁੱਕਿਆ ਹੈ ਅਤੇ ਉਸ ਨੂੰ ਸਬ ਇੰਸਪੈਕਟਰ ਵਜੋਂ ਵੀ ਨੌਕਰੀ ਮਿਲ ਚੁੱਕੀ ਹੈ। ਉਸ ਨੇ ਕਿਹਾ ਕਿ ਸੂਬਾ ਸਰਕਾਰ ਨੇ ਨੌਜਵਾਨਾਂ ਨੂੰ ਸਫ਼ਲਤਾ ਪ੍ਰਾਪਤ ਕਰਨ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕੀਤੇ ਹਨ। ਉਸ ਨੇ ਕਿਹਾ ਕਿ ਸਾਰੀਆਂ ਨੌਕਰੀਆਂ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ `ਤੇ ਮੁਫ਼ਤ ਅਤੇ ਨਿਰਪੱਖ ਢੰਗ ਨਾਲ ਦਿੱਤੀਆਂ ਗਈਆਂ ਹਨ।