ਬਠਿੰਡਾ ਪੁਲਿਸ ਨੇ ਦਿੱਤਾ ਦੋ ‘ਪੈਟਰੋਲ’ ਪੰਪ ਲੁੱਟਣ ਵਾਲੇ ਬਦਮਾਸ਼ਾਂ ਦੇ ਜੜੀਂ ਤੇਲ
ਅਸ਼ੋਕ ਵਰਮਾ
ਬਠਿੰਡਾ, 20 ਮਈ 2025:ਬਠਿੰਡਾ ਪੁਲਿਸ ਨੇ ਲੰਘੇ ਦੋ ਹਫਤਿਆਂ ਦੌਰਾਨ ਹੋਈਆਂ ਪੈਟਰੋਲ ਪੰਪ ਲੁੱਟਣ ਦੀਆਂ ਹੋਈਆਂ ਦੋ ਵਾਰਦਾਤਾਂ ’ਚ ਸ਼ਾਮਲ ਚਾਰ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਤੇਲ ਪੰਪ ਮਾਲਕਾਂ ਨੇ ਸੁੱਖ ਦਾ ਸਾਹ ਲਿਆ ਹੈ। ਮੁਲਜਮਾਂ ਦੀ ਪਛਾਣ ਹਰਮਨਦੀਪ ਸਿੰੰਘ ਪੁੱਤਰ ਗੁਰਸਾਹਿਬ ਸਿੰਘ ਵਾਸੀ ਪਿੰਡ ਜੱਸੀ ਪੌ ਵਾਲੀ, ਲਵਪ੍ਰੀਤ ਸਿੰਘ ਉਰਫ ਲੱਭੀ ਪੁੱਤਰ ਗੁਰਜੰਟ ਸਿੰਘ ਵਾਸੀ ਤਿਉਣਾ, ਮੋਹਿਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਹਿਣਾ ਅਤੇ ਸੁਖਜੀਤ ਸਿੰਘ ਉਰਫ ਸੁੱਖਾ ਪੁੱਤਰ ਬਲਜੀਤ ਸਿੰਘ ਵਾਸੀ ਤੰਗਵਾਲੀ ਜਿਲ੍ਹਾ ਬਠਿੰਡਾ ਵਜੋਂ ਹੋਈ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪੁਲਿਸ ਟੀਮਾਂ ਨੇ ਇੰਨ੍ਹਾਂ ਬਦਮਾਸ਼ਾਂ ਨੂੰ ਫਿਲਮੀ ਅੰਦਾਜ਼ ’ਚ ਪਿੱਛਾ ਕਰਕੇ ਫੜਿਆ ਹੈ। ਮੁਲਜਮ ਸਲੇਰੀਓ ਕਾਰ ਤੇ ਪੁਲਿਸ ਤੋਂ ਬਚਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਗੱਡੀ ਖੰਭੇ ਨਾਲ ਟਕਰਾ ਗਈ ।
ਪੁਲਿਸ ਨੇ ਇੰਨ੍ਹਾ ਬਦਮਾਸ਼ਾਂ ਨੂੰ ਬਾਬਾ ਦੀਪ ਸਿੰਘ ਨਗਰ ਦੇ ਲਾਗਿਓਂ ਦਬੋਚਿਆ ਹੈ ਜਿੱਥੇ ਇੰਨ੍ਹਾਂ ਦੀ ਕਾਰ ਖੰਭੇ ਵਿੱਚ ਵੱਜੀ ਸੀ। ਇਸ ਟੱਕਰ ਵਿੱਚ ਹਰਮਨਦੀਪ ਸਿੰਘ ਵਾਸੀ ਜੱਸੀ ਪੌ ਵਾਲੀ ਜਖਮੀ ਹੋਇਆ ਹੈ ਜਿਸ ਦਾ ਸਿਵਲ ਹਸਪਤਾਲ ਬਠਿੰਡਾ ’ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਇੰਨ੍ਹਾਂ ਚੌਹਾਂ ਬਦਮਾਸ਼ਾਂ ਨੇ ਗਿਰੋਹ ਬਣਾਇਆ ਹੋਇਆ ਸੀ ਜਿਸ ਦਾ ਪਹਿਲਾ ਨਿਸ਼ਾਨਾ ਲੰਘੀ 5-6 ਮਈ ਦੀ ਦਰਮਿਆਨੀ ਰਾਤ ਨੂੰ ਬਠਿੰਡਾ ਡੱਬਵਾਲੀ ਸੜਕ ਤੇ ਸਥਿਤ ਬਾਂਸਲ ਪੈਟਰੋਲ ਪੰਪ ਗੁਰੂਸਰ ਸੈਣੇਵਾਲਾ ਬਣਿਆ ਜਿਸ ਤੋਂ ਹਥਿਆਰਾਂ ਦੀ ਨੋਕ ਤੇ ਨਕਦੀ ਲੁੱਟੀ ਸੀ। ਥਾਣਾ ਸੰਗਤ ਪੁਲਿਸ ਨੇ ਇਸ ਸਬੰਧੀ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ। ਅਜੇ ਪੁਲਿਸ ਇਸ ਵਾਰਦਾਤ ਸਬੰਧੀ ਹਨੇਰੇ ਵਿੱਚ ਹੀ ਹੱਥ ਪੈਰ ਮਾਰ ਰਹੀ ਸੀ ਕਿ 16 –17 ਮਈ ਦੀ ਰਾਤ ਨੂੰ ਡੱਬਵਾਲੀ ਸੜਕ ਤੇ ਜੀਓ ਕੰਪਨੀ ਦੇ ਪੈਟਰੋਲ ਪੰਪ ਨੂੰ ਲੁੱਟ ਲਿਆ।
ਇਸ ਲੁੱਟ ਦੇ ਸਬੰਧ ਵਿੱਚ ਥਾਣਾ ਸਦਰ ਬਠਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਨੇ ਵਿਸ਼ੇਸ਼ ਟੀਮਾਂ ਬਣਾਈਆਂ ਸਨ। ਡੀਐਸਪੀ ਡੀ ਜਸਮੀਤ ਸਿੰਘ ਸਾਹੀਵਾਲ ਨੇ ਪੱਤਰਕਾਰਾਂ ਨੂੰ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ। ਸੋਮਵਾਰ ਨੂੰ ਸੀਆਈਏ ਸਟਾਫ 2 ਨੂੰ ਸ਼ਹਿਰ ਵਿੱਚ ਇੱਕ ਸ਼ੱਕੀ ਕਾਰ ਦੇ ਫਿਰਦੇ ਹੁਣ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਮਗਰੋਂ ਹਰਕਤ ’ਚ ਆਉਂਦਿਆਂ ਸੀਆਈਏ ਸਟਾਫ ਅਤੇ ਥਾਣਾ ਸਦਰ ਪੁਲਿਸ ਦੀਆਂ ਟੀਮਾਂ ਨੇ ਸ਼ੱਕੀ ਕਾਰ ਦਾ ਪਿੱਛਾ ਸ਼ੁਰੂ ਕਰ ਦਿੱਤਾ। ਪੁਲਿਸ ਆਉਂਦੀ ਦੇਖ ਮੁਲਜਮਾਂ ਨੇ ਭੱਜਣਾ ਸ਼ੁਰੂ ਕਰ ਦਿੱਤਾ ਅਤੇ ਸ਼ਹਿਰ ਦੀਆਂ ਸੜਕਾਂ ਤੇ ਕਾਰ ਤੇਜ਼ ਰਫਤਾਰ ਨਾਲ ਭਜਾਉਣੀ ਸ਼ੁਰੂ ਕਰ ਦਿੱਤੀ ਤਾਂ ਅਚਾਨਕ ਖੰਭੇ ਵਿੱਚ ਵੱਜਣ ਨਾਲ ਕਾਰ ਦਾ ਟਾਇਰ ਪੈਂਚਰ ਹੋ ਗਿਆ। ਇਸ ਮੌਕੇ ਪੁਲਿਸ ਨੇ ਚਾਰਾਂ ਬਦਮਾਸ਼ਾਂ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ।
ਡੀਐਸਪੀ ਜਸਪ੍ਰੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ ਪੁਲਿਸ ਨੇ ਮੁਲਜਮ ਲਵਪ੍ਰੀਤ ਸਿੰਘ ਉਰਫ ਲੱਭੀ ਵਾਸੀ ਤਿਉਣਾ, ਮੋਹਿਤ ਸਿੰਘ ਵਾਸੀ ਮਹਿਣਾ ਅਤੇ ਸੁਖਜੀਤ ਸਿੰਘ ਉਰਫ ਸੁੱਖਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਹਰਮਨਦੀਪ ਸਿੰਘ ਦੀ ਸੱਜੀ ਲੱਤ ਤੇ ਸੱਟ ਵੱਜੀ ਹੈ ਜਿਸ ਦੇ ਚਲਦਿਆਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਆਪਣਾ ਗੁਨਾਂਹ ਕਬੂਲ ਕਰ ਲਿਆ ਹੈ। ਪੁਲਿਸ ਨੇ ਮੁਲਜਮਾਂ ਕੋਲੋਂ ਇੱਕ ਕਾਪਾ ਅਤੇ ਇੱਕ ਨਲਕੇ ਦੀ ਹੱਥੀ ਬਰਾਮਦ ਕੀਤੀ ਹੈ ਅਤੇ ਕਾਰ ਵੀ ਕਬਜੇ ਵਿੱਚ ਲਈ ਹੈ। ਡੀਐਸਪੀ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਉਰਫ ਲੱਭੀ ਦੀ ਨਿਸ਼ਾਨਦੇਹੀ ਤਹਿਤ ਇੱਕ ਪਿਸਤੌਲ 315 ਬੋਰ ਅਤੇ 5 ਜਿੰਦਾ ਕਾਰਤੂਸ ਵੀ ਬਰਾਮਦ ਕੀਤੇੇ ਗਏ ਹਨ। ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿਛ ਲਈ ਰਿਮਾਂਡ ਲਿਆ ਜਾਏਗਾ ਜਿਸ ਦੌਰਾਨ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।
ਹਰਮਨਦੀਪ ਦਾ ਰਿਕਾਰਡ ਅਪਰਾਧਿਕ
ਪੁਲਿਸ ਅਨੁਸਾਰ ਹਰਮਨਦੀਪ ਸਿੰਘ ਵਾਸੀ ਜੱਸੀ ਪੌ ਵਾਲੀ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਹੈ। ਹਰਮਨਦੀਪ ਖਿਲਾਫ ਸਾਲ 2020 ’ਚ ਥਾਣਾ ਕੈਨਾਲ ਕਲੋਨੀ ਵਿਖੇ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੋਇਆ ਸੀ ਜਿਸ ’ਚ ਉਹ ਜਮਾਨਤ ਤੇ ਚੱਲ ਰਿਹਾ ਸੀ। ਇਸੇ ਤਰਾਂ ਹੀ ਥਾਣ ਸਦਰ ਬਠਿੰਡਾ ’ਚ ਵੀ ਹਰਮਨਦੀਪ ਖਿਲਾਫ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੋਇਆ ਸੀ ਜਿਸ ਵਿੱਚ ਉਹ ਭਗੌੜਾ ਹੋ ਗਿਆ ਸੀ। ਹਰਮਨਦੀਪ ,ਲਵਪ੍ਰੀਤ ਅਤੇ ਸੁਖਜੀਤ ਬੇਰੁਜ਼ਗਾਰ ਹਨ ਜਦੋਂਕਿ ਮੋਹਿਤ ਸਿੰਘ ਇਸ ਤੋਂ ਪਹਿਲਾਂ ਚੰਡੀਗੜ੍ਹ ਟੈਕਸੀ ਚਲਾਉਂਦਾ ਰਿਹਾ ਹੈ। ਇੰਨ੍ਹਾਂ ਤਿੰਨਾਂ ਖਿਲਾਫ ਇਸ ਤੋਂ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।