ਪੀ.ਏ.ਯੂ. ਅਤੇ ਭਾਰਤੀ ਉਦਯੋਗ ਸੰਘ ਪਰਾਲੀ ਦੀ ਸੁਚੱਜੀ ਸੰਭਾਲ ਲਈ ਸਹਿਯੋਗ ਕਰਨਗੇ
ਲੁਧਿਆਣਾ 20 ਮਈ, 2025 - ਪੀ.ਏ.ਯੂ. ਨੇ ਭਾਰਤੀ ਉਦਯੋਗ ਸੰਘ ਗੁਰੂਗ੍ਰਾਮ ਨਾਲ ਇਕ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ ਹਨ| ਇਸ ਸਮਝੌਤੇ ਦੇ ਤਹਿਤ ਦੋਵੇਂ ਸੰਸਥਾਵਾਂ ਝੋਨੇ ਦੀ ਵਢਾਈ ਦੌਰਾਨ ਕਣਕ ਦੀ ਬਿਜਾਈ ਦੀ ਤਕਨੀਕ ਨੂੰ ਪ੍ਰਫੁੱਲਿਤ ਅਤੇ ਪ੍ਰਸਾਰਿਤ ਕਰਨ ਲਈ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਸਰਫੇਸ ਸੀਡਰ ਮਸ਼ੀਨ ਨੂੰ ਵਧਾਵਾ ਦੇਣਗੇ| ਇਸ ਸਹਿਯੋਗ ਦਾ ਮੰਤਵ ਪੰਜਾਬ ਵਿਚ ਪਰਾਲੀ ਸਾੜਨ ਦੇ ਰੁਝਾਨ ਨੂੰ ਖਤਮ ਕਰਕੇ ਕਿਸਾਨਾਂ ਨੂੰ ਇਸ ਸਮੱਸਿਆ ਦੇ ਵਾਤਾਵਰਨ ਪੱਖੀ ਸਮਾਧਾਨ ਤੋਂ ਜਾਣੂੰ ਕਰਵਾਉਣਾ ਹੈ|
ਇਹ ਸਮਝੌਤਾ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੇ ਦਫਤਰ ਵਿਚ ਨੇਪਰੇ ਚੜਿਆ| ਇਸ ਵਿਚ ਭਾਰਤੀ ਉਦਯੋਗ ਸੰਘ ਵੱਲੋਂ ਮੁੱਖ ਸਲਾਹਕਾਰ ਅਤੇ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸੁਨੀਲ ਕੁਮਾਰ ਮਿਸ਼ਰਾ ਮੌਜੂਦ ਸਨ| ਉਹਨਾਂ ਨਾਲ ਸੀ ਆਈ ਆਈ ਫਾਊਂਡੇਸ਼ਨ ਦੇ ਪ੍ਰੋਜੈਕਟ ਮੁੱਖੀ ਸ਼੍ਰੀ ਚੰਦਰਕਾਂਤ ਪ੍ਰਧਾਨ ਅਤੇ ਜਨਾਬ ਤਾਹਿਰ ਹੁਸੈਨ ਵੀ ਹਾਜ਼ਰ ਰਹੇ| ਇਸ ਸਮਝੌਤਾ ਦੋਵਾਂ ਸੰਸਥਾਵਾਂ ਵੱਲੋਂ ਇਕ ਸਾਂਝੇ ਕਾਰਜ ਦੀ ਰੂਪਰੇਖਾ ਉਲੀਕਣ ਲਈ ਕੀਤਾ ਗਿਆ ਹੈ ਜਿਸ ਵਿਚ ਸੀ ਆਈ ਆਈ ਦੀ ਸਹਾਇਤਾ, ਸਿਖਲਾਈ ਅਤੇ ਪਸਾਰ ਗਤੀਵਿਧੀਆਂ ਵਿਚ ਭੂਮਿਕਾ ਰਹੇਗੀ ਜਦਕਿ ਪੀ.ਏ.ਯੂ. ਵੱਲੋਂ ਤਕਨੀਕੀ ਅਗਵਾਈ, ਖੇਤ ਪ੍ਰਦਰਸ਼ਨ ਅਤੇ ਸਰਫੇਸ ਸੀਡਿੰਗ ਤਕਨਾਲੋਜੀ ਦੇ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ ਜਾਵੇਗਾ|
ਜ਼ਿਕਰਯੋਗ ਹੈ ਕਿ ਇਸ ਮਸ਼ੀਨ ਨੂੰ ਝੋਨਾ ਵੱਢਣ ਵਾਲੀ ਕੰਬਾਈਨ ਨਾਲ ਜੋੜ ਕੇ ਵਢਾਈ ਦੇ ਦੌਰਾਨ ਹੀ ਕਣਕ ਬੀਜਣ ਲਈ ਵਿਸ਼ੇਸ਼ ਤੌਰ ਤੇ ਵਿਉਂਤਿਆ ਗਿਆ ਹੈ| ਇਸਦੇ ਨਾਲ ਹੀ ਇਸ ਮਸ਼ੀਨ ਰਾਹੀਂ ਖਾਦ ਵੀ ਪਾ ਦਿੱਤੀ ਜਾਂਦੀ ਹੈ| ਪਰਾਲੀ ਦੇ ਕਰਚੇ ਇਕਸਾਰ ਰੂਪ ਵਿਚ ਖੇਤ ਵਿਚ ਖਿਲਾਰਨ ਕਾਰਨ ਛੌਰੇ ਜਾਂ ਮਲਚ ਦਾ ਕੰਮ ਕਰਦੇ ਹਨ| ਮਲਚ ਦੀ ਇਹ ਪਰਤ ਮਿੱਟੀ ਵਿਚ ਨਮੀਂ ਨੂੰ ਸੰਭਾਲਦੀ ਹੈ ਜਿਸ ਨਾਲ ਨਦੀਨਾਂ ਦਾ ਜੰਮ ਨਹੀਂ ਹੁੰਦਾ, ਜ਼ਮੀਨ ਨੂੰ ਜੈਵਿਕ ਕਾਰਬਨ ਮਾਦਾ ਪ੍ਰਾਪਤ ਹੁੰਦਾ ਹੈ ਅਤੇ ਇਹ ਪਰਾਲੀ ਸਾੜਨ ਦੀ ਥਾਂ ਖੇਤ ਵਿਚ ਮਹੱਤਵਪੂਰਨ ਤੱਤ ਬਣ ਕੇ ਰਲਦੀ ਹੈ|
ਇਸ ਸਮਝੌਤੇ ਬਾਰੇ ਗੱਲ ਕਰਦਿਆਂ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀ.ਏ.ਯੂ. ਵੱਲੋਂ ਕੀਤੀ ਗਈ ਵਾਤਾਵਰਨ ਪੱਖੀ ਖੋਜ ਅਤੇ ਸੀ ਆਈ ਆਈ ਦੇ ਉਦਯੋਗਿਕ ਕਾਰਜਾਂ ਦੇ ਇਤਿਹਾਸ ਨੇ ਇਸ ਸਮੱਸਿਆ ਦੇ ਹੱਲ ਲਈ ਰਲ ਕੇ ਹੰਭਲਾ ਮਾਰਨ ਦਾ ਫੈਸਲਾ ਕੀਤਾ ਹੈ| ਉਹਨਾਂ ਆਸ ਪ੍ਰਗਟਾਈ ਕਿ ਸਮੱਸਿਆ ਲੱਗਦੀ ਪਰਾਲੀ ਨੂੰ ਸੰਭਾਵਨਾਂ ਵਿਚ ਬਦਲਣ ਦੇ ਨਾਲ ਇਹ ਸਾਂਝਦਾਰੀ ਕਿਸਾਨੀ ਦੀ ਭਲਾਈ ਅਤੇ ਵਾਤਾਵਰਨ ਦੀ ਸੰਭਾਲ ਵਰਗੇ ਮੁੱਦਿਆਂ ਲਈ ਲਾਹੇਵੰਦ ਸਾਬਿਤ ਹੋਵੇਗੀ|
ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਆਈ ਏ ਐੱਸ ਨੇ ਮੌਜੂਦਾ ਦੌਰ ਵਿਚ ਖੇਤੀ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਬਨਾਉਣ ਲਈ ਉਦਯੋਗਿਕ ਸੰਸਥਾਵਾਂ ਦੀ ਭੂਮਿਕਾ ਉੱਪਰ ਚਾਨਣਾ ਪਾਇਆ| ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਝੌਤੇ ਉੱਪਰ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਪਰਾਲੀ ਸਾੜਨ ਦੇ ਰੁਝਾਨ ਨੂੰ ਯਕੀਨੀ ਤੌਰ ਤੇ ਠੱਲ੍ਹ ਪਵੇਗੀ ਅਤੇ ਜ਼ਮੀਨ ਦੇ ਜੈਵਿਕ ਤੱਤਾਂ ਵਿਚ ਵਾਧੇ ਦਾ ਸੁਪਨਾ ਸਾਕਾਰ ਕੀਤਾ ਜਾ ਸਕੇਗਾ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਇਸ ਮੌਕੇ ਦੱਸਿਆ ਕਿ ਯੂਨੀਵਰਸਿਟੀ ਨੇ ਇਸ ਤਕਨੀਕ ਦੇ ਪਸਾਰ ਲਈ ਬਹੁਤ ਸਾਰੇ ਜ਼ਿਲਿਆਂ ਵਿਚ ਪਹਿਲਾਂ ਹੀ ਖੇਤ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਹਨ ਜਿੱਥੇ ਕਿਸਾਨਾਂ ਨੇ ਇਸ ਤਕਨੀਕ ਨੂੰ ਅਪਨਾਉਣ ਅਤੇ ਇਸਦਾ ਲਾਹਾ ਲੈਣ ਵਿਚ ਬੇਹੱਦ ਦਿਲਚਸਪੀ ਦਿਖਾਈ ਹੈ| ਇਸ ਤਕਨੀਕ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਫਸਲ ਵਿਗਿਆਨੀ ਡਾ. ਜਸਵੀਰ ਸਿੰਘ ਗਿੱਲ ਨੇ ਇਸ ਮਸ਼ੀਨ ਦੇ ਕਾਰਜ ਢੰਗਾਂ ਬਾਰੇ ਸੰਖੇਪ ਵਿਚ ਹਾਜ਼ਰ ਅਧਿਕਾਰੀਆਂ ਨੂੰ ਦੱਸਿਆ|
ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ|
ਸੀ ਆਈ ਆਈ ਦੇ ਅਹੁਦੇਦਾਰਾਂ ਨੇ ਪੀ.ਏ.ਯੂ. ਨਾਲ ਇਸ ਸਮਝੌਤੇ ਦੇ ਅਮਲੀ ਜਾਮਾ ਪਹਿਨਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ| ਸ਼੍ਰੀ ਮਿਸ਼ਰਾ ਨੇ ਪੀ.ਏ.ਯੂ. ਵੱਲੋਂ ਕਿਸਾਨਾਂ ਦੇ ਲਾਭ ਲਈ ਕੀਤੇ ਜਾਣ ਵਾਲੇ ਕੰਮਾਂ ਨੂੰ ਇਤਿਹਾਸ ਦੇ ਸਮਵਿਥ ਦਹਰਾਉਂਦਿਆਂ ਆਸ ਪ੍ਰਗਟਾਈ ਕਿ ਦੋਵੇ ਸੰਸਥਾਵਾਂ ਰਲ ਕੇ ਇਸ ਔਖ ਦੇ ਹੱਲ ਤਲਾਸ਼ ਕਰਨਗੀਆਂ| ਸ਼੍ਰੀ ਚੰਦਰਕਾਂਤ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਦਾ ਉਦਯੋਗਿਕ ਤਜਰਬਾ ਜ਼ਮੀਨੀ ਪੱਧਰ ਤੇ ਪੀ.ਏ.ਯੂ. ਦੀਆਂ ਖੋਜਾਂ ਦੇ ਪ੍ਰਸਾਰ ਲਈ ਕੰਮ ਆਵੇਗਾ|
ਇਸ ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ| ਪੀ.ਏ.ਯੂ. ਅਤੇ ਸੀ ਆਈ ਆਈ ਨੇ ਦੋਵਾਂ ਸੰਸਥਾਵਾਂ ਦੀ ਸਾਂਝ ਨੂੰ ਹੋਰ ਬਹੁਤ ਸਾਰੀਆਂ ਪਹਿਲਕਦਮੀਆਂ ਵਾਸਤੇ ਪ੍ਰਸਾਰਨ ਦੀ ਹਾਮੀ ਭਰੀ| ਇਹਨਾਂ ਵਿਚ ‘ਸ਼ੁੱਧ ਹਵਾ ਬਿਹਤਰ ਜ਼ਿੰਦਗੀ’ ਪ੍ਰੋਗਰਾਮ ਪ੍ਰਮੁੱਖ ਹੈ|