ਮਾਲੇਰਕੋਟਲਾ: SSP ਨੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰੀ ਬਣਾਈ ਰੱਖਣ ਲਈ ਕੀਤਾ ਪ੍ਰੇਰਿਤ
*“ਨਸ਼ੇ ਨਾਲ ਸਿਰਫ਼ ਸਰੀਰ ਹੀ ਨਹੀਂ, ਪਰ ਪੂਰਾ ਪਰਿਵਾਰ, ਸਮਾਜ ਅਤੇ ਭਵਿੱਖ ਤਬਾਹ ਹੋ ਜਾਂਦਾ ਹੈ। ਤੁਹਾਡੀ ਜ਼ਿੰਦਗੀ ਦੀ ਸਫ਼ਲਤਾ ਤੁਹਾਡੇ ਚੁਣੇ ਹੋਏ ਰਸਤੇ 'ਤੇ ਨਿਰਭਰ ਕਰਦੀ ਹੈ।”- ਗਗਨ ਅਜੀਤ ਸਿੰਘ
* ਰਟੋਰੀਅਨ ਮਹੇਸ਼ ਸ਼ਰਮਾ ਵੱਲੋਂ ਨਸ਼ਾ ਮੁਕਤ ਪੰਜਾਬ ਦੀ ਅਵਾਜ਼ ਬੁਲੰਦ ਕਰਨ 'ਤੇ ਜ਼ੋਰ
* ਕਿਹਾ, “ਸਾਨੂੰ ਪੰਜਾਬ ਵਿਚ ਕੀਰਨਿਆਂ ਦੀਆਂ ਅਵਾਜਾਂ ਖਤਮ ਕਰਦਿਆਂ, ਦੁਨੀਆਂ ਭਰ ਵਿਚ ਘੋੜੀਆਂ ਗਾਉਣ ਵਾਲੇ ਪੰਜਾਬ ਵੱਲ ਵਧਣਾ ਹੋਵੇਗਾ, ਇਹ ਸਿਰਫ਼ ਸਾਡਾ ਕੰਮ ਨਹੀਂ, ਸਾਡੀ ਜ਼ਿੰਮੇਵਾਰੀਭੋਗੀਵਾਲ/ਮਾਲੇਰਕੋਟਲਾ, 20 ਮਈ: ਨਸ਼ੇ ਨਾਲ ਬਰਬਾਦੀ ਵੱਲ ਵਧ ਰਹੀ ਨੌਜਵਾਨ ਪੀੜ੍ਹੀ ਨੂੰ ਸੁਰੱਖਿਅਤ ਤੇ ਸੁਨਹਿਰੇ ਭਵਿੱਖ ਵੱਲ ਰਾਹ ਕਰਨ ਲਈ ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਮਾਲੇਰਕੋਟਲਾ ਵਿਖੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਮੁਕਤੀ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਨੇ ਸ਼ਮੂਲੀਅਤ ਕਰਦੇ ਹੋਏ ਸਕੂਲੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ । ਇਸ ਮੌਕੇ ਡੀ.ਐਸ.ਪੀ. ਰਣਜੀਤ ਸਿੰਘ ਵੀ ਮੌਜੂਦ ਸਨ । ਇਸ ਮੌਕੇ ਐਸ.ਐਸ.ਪੀ.ਗਗਨ ਅਜੀਤ ਸਿੰਘ ਨੇ ਨਸ਼ਿਆਂ ਦੇ ਖਤਰਨਾਕ ਪ੍ਰਭਾਵਾਂ ਬਾਰੇ ਬੱਚਿਆਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ “ਨਸ਼ੇ ਨਾਲ ਸਿਰਫ਼ ਸਰੀਰ ਹੀ ਨਹੀਂ, ਪਰ ਪੂਰਾ ਪਰਿਵਾਰ, ਸਮਾਜ ਅਤੇ ਭਵਿੱਖ ਤਬਾਹ ਹੋ ਜਾਂਦਾ ਹੈ। ਤੁਹਾਡੀ ਜ਼ਿੰਦਗੀ ਦੀ ਸਫ਼ਲਤਾ ਤੁਹਾਡੇ ਚੁਣੇ ਗਏ ਰਸਤੇ 'ਤੇ ਨਿਰਭਰ ਕਰਦੀ ਹੈ।” ਜ਼ਿਲ੍ਹਾ ਪੁਲਿਸ ਮੁਖੀ ਨੇ ਨਸ਼ਾ ਮੁਕਤੀ ਲਈ ਸਾਂਝੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਧਿਆਪਕਾਂ, ਮਾਪੇ, ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ, ਤਾਂ ਜੋ ਅਸੀਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ, ਤੰਦਰੁਸਤ ਅਤੇ ਰੌਸ਼ਨਮਈ ਭਵਿੱਖ ਵਾਲਾ ਪੰਜਾਬ ਬਣਾ ਸਕੀਏ। ਸਮਾਗਮ ਦੌਰਾਨ ਰੋਟੇਰੀਅਨ ਮਹੇਸ਼ ਸ਼ਰਮਾ ਨੇ ਵੀ ਆਪਣੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਨਸ਼ਿਆਂ ਖਿਲਾਫ ਅਵਾਜ਼ ਉਠਾਉਂਦਿਆਂ ਕਿਹਾ “ਸਾਨੂੰ ਪੰਜਾਬ ਵਿਚ ਕੀਰਨਿਆਂ ਦੀਆਂ ਅਵਾਜਾਂ ਖਤਮ ਕਰਦਿਆਂ, ਦੁਨੀਆਂ ਭਰ ਵਿਚ ਘੋੜੀਆਂ ਗਾਉਣ ਵਾਲੇ ਪੰਜਾਬ ਵੱਲ ਵਧਣਾ ਹੋਵੇਗਾ। ਇਹ ਸਿਰਫ਼ ਸਾਡਾ ਕੰਮ ਨਹੀਂ, ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਕ ਅਵਾਜ਼ ਬੁਲੰਦ ਕਰੀਏ ਜੋ ਨਸ਼ਿਆਂ ਵਿਰੁੱਧ ਹੋਵੇ, ਤੇ ਉਮੀਦ ਦੀ ਨਵੀਂ ਕਿਰਨ ਲੈ ਕੇ ਆਵੇ ।” ਉਨ੍ਹਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਆਪਣੀ ਉਮਰ ਦੇ ਹਰ ਪਲ ਨੂੰ ਸਿੱਖਣ, ਵਿਕਸਤ ਹੋਣ ਅਤੇ ਭਵਿੱਖ ਬਣਾਉਣ ਲਈ ਵਰਤਨ ਨਾ ਕਿ ਨਸ਼ਿਆਂ ਦੀ ਭੇਂਟ ਚੜ੍ਹਨ ਲਈ। ਇਸ ਤਰ੍ਹਾਂ ਦੇ ਸਮਾਗਮ, ਜਿੱਥੇ ਪੁਲਿਸ ਅਤੇ ਸਮਾਜ ਦੇ ਪ੍ਰੇਰਕ ਚਿਹਰੇ ਇਕੱਠੇ ਹੋ ਕੇ ਨੌਜਵਾਨੀ ਨੂੰ ਸਹੀ ਦਿਸ਼ਾ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਆਉਣ ਵਾਲੇ ਸਮੇਂ ਲਈ ਨਿਸ਼ਚਤ ਹੀ ਉਮੀਦ ਦੀ ਕਿਰਣ ਹਨ।