ਇੱਕ ਸ਼ਾਮ ਦੋ ਸ਼ਾਇਰਾਂ ਜਸਵਿੰਦਰ ਫਗਵਾੜਾ ਅਤੇ ਬੱਬੂ ਸੈਣੀ ਦੇ ਨਾਮ ਪ੍ਰੋਗਰਾਮ ਦਾ ਆਯੋਜਨ
ਫਗਵਾੜਾ , 19 ਮਈ 2025 : ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਹਰਗੋਬਿੰਦ ਨਗਰ ਫਗਵਾੜਾ ਵਿਖੇ "ਇੱਕ ਸ਼ਾਮ ਦੋ ਸ਼ਾਇਰਾਂ ਦੇ ਨਾਮ" ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਪ੍ਰਸਿੱਧ ਸ਼ਾਇਰਾ ਜਸਵਿੰਦਰ ਫਗਵਾੜਾ ਅਤੇ ਬਲਬੀਰ ਕੌਰ ਬੱਬੂ ਸੈਣੀ ਵੱਲੋਂ ਸਰੋਤਿਆਂ ਨਾਲ ਵਿਚਾਰਾਂ ਅਤੇ ਜਜ਼ਬਾਤਾਂ ਦੀ ਸਾਂਝ ਪਾਈ ਗਈ।ਪ੍ਰੋਗਰਾਮ ਦਾ ਆਗਾਜ਼ ਕਵਿੱਤਰੀ ਬਲਬੀਰ ਕੌਰ ਬੱਬੂ ਸੈਣੀ ਨੇ ਆਪਣੇ ਜੀਵਨ ਬਾਰੇ ਸੰਖੇਪ ਜਾਣਕਾਰੀ ਦੇ ਕੇ ਕੀਤਾ।ਉਹਨਾਂ ਨੇ ਵਿਸਥਾਰ ਸਹਿਤ ਆਪਣੇ ਬਚਪਨ,ਮੁੱਢਲੀ ਵਿੱਦਿਆ, ਪੜ੍ਹਾਈ ਦੌਰਾਨ ਦਰਪੇਸ਼ ਮੁਸ਼ਕਲਾਂ, ਲਿਖਣ ਵੱਲ ਰੁਚੀ , ਸਿੱਖਣ ਦੇ ਸ਼ੌਕ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬੀ ਤੇ ਹਿੰਦੀ ਵਿੱਚ ਲਿਖੀਆਂ ਆਪਣੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਗੱਲਬਾਤ ਦੀ ਸ਼ੁਰੂਆਤ ਕਰਦਿਆਂ ਬੱਬੂ ਸੈਣੀ ਨੇ ਕਿਹਾ ਕਿ ਸਕੇਪ ਸਾਹਿਤਕ ਸੰਸਥਾ ਉਹਨਾਂ ਲਈ ਪਰਿਵਾਰਿਕ ਸੰਸਥਾ ਹੈ। ਉਹਨਾਂ ਨੇ 2020 ਤੋਂ ਲਿਖਣਾ ਸ਼ੁਰੂ ਕੀਤਾ। ਹਮੇਸ਼ਾ ਸਮਾਜਿਕ ਮੁੱਦਿਆਂ 'ਤੇ ਲਿਖਣ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਜਨਮ ਹਰਿਆਣੇ ਵਿੱਚ ਹੋਇਆ। ਖਾਲਸਾ ਕਾਲਜ ਲੁਧਿਆਣਾ ਤੋਂ ਉਹਨਾਂ ਨੇ ਪੜ੍ਹਾਈ ਕੀਤੀ। ਮਾਤਾ ਪਿਤਾ ਦੀ ਹੱਲਾਸ਼ੇਰੀ,ਪੜ੍ਹਨ ਦੇ ਸ਼ੌਂਕ, ਗ਼ਜ਼ਲ 'ਚ ਰੁਚੀ ਅਤੇ ਉਸਤਾਦ ਸ਼ਾਇਰ ਗੁਰਦਿਆਲ ਰੋਸ਼ਨ, ਜਸਵਿੰਦਰ ਫਗਵਾੜਾ ਜੀ ਨੇ ਉਹਨਾਂ ਦੀ ਬਹੁਤ ਮਦਦ ਕੀਤੀ। ਉਹ ਮਿਆਰੀ ਕਿਤਾਬ ਲਿਖਣ ਲਈ ਯਤਨਸ਼ੀਲ ਹਨ। ਉਹਨਾਂ ਨੇ ਜ਼ਿੰਦਗੀ ਵਿੱਚ ਜੋ ਵੀ ਮੁਕਾਮ ਹਾਸਲ ਕੀਤਾ ਉਸ ਪਿੱਛੇ ਉਹਨਾਂ ਦੇ ਮਾਤਾ ਪਿਤਾ ਦਾ ਭਰਪੂਰ ਸਹਿਯੋਗ ਅਤੇ ਉਹਨਾਂ ਦਾ ਗ਼ਲਤੀਆਂ ਤੋਂ ਸਿੱਖਣ ਦਾ ਨਜ਼ਰੀਆ ਸੀ।ਬੱਬੂ ਸੈਣੀ ਨੇ ਦੱਸਿਆ ਕਿ ਜਦੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਤਾਂ ਬਹੁਤ ਗ਼ਲਤੀਆਂ ਹੋਈਆਂ। ਉਹਨਾਂ ਦੇ ਲਿਖੇ ਹੋਏ ਵਿੱਚ ਜਦੋਂ ਕੋਈ ਗ਼ਲਤੀ ਦੱਸਦਾ ਜਾਂ ਸਲਾਹ ਦਿੰਦਾ ਤੇ ਉਹਨਾਂ ਦੀ ਪੂਰੀ ਕੋਸ਼ਿਸ਼ ਉਸ ਸਲਾਹ ਨੂੰ ਸਮਝਣ ਅਤੇ ਅੱਗੇ ਤੋਂ ਉਹ ਗ਼ਲਤੀ ਦੁਬਾਰਾ ਨਾ ਕਰਨ ਦੀ ਹੁੰਦੀ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਲਿਖਤ ਵਿੱਚ ਕਈ ਵਾਰ ਬਹੁਤ ਗ਼ਲਤੀਆਂ ਹੁੰਦੀਆਂ ਪਰ ਫਿਰ ਵੀ ਉਹਨਾਂ ਦੀ ਕੋਸ਼ਿਸ਼ ਗ਼ਲਤੀਆਂ ਸਵੀਕਾਰ ਕਰਨ ਅਤੇ ਸੁਧਾਰਨ ਦੀ ਹੁੰਦੀ ਹੈ।ਉਹਨਾਂ ਆਪਣੀਆਂ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ।
ਜਸਵਿੰਦਰ ਫਗਵਾੜਾ ਨੇ ਆਪਣੇ ਬਚਪਨ ਦੇ ਸਮੇਂ,ਪੜ੍ਹਾਈ, ਮਾਤਾ-ਪਿਤਾ , ਜੀਵਨ ਸਾਥੀ, ਸਹੁਰਾ ਪਰਿਵਾਰ ਅਤੇ ਜੀਵਨ ਦੇ ਚੰਗੇ ਮਾੜੇ ਦਿਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨੂੰ ਦੱਸਿਆ ਕਿ ਨੌਵੀਂ ਜਮਾਤ ਵਿੱਚ ਪੜ੍ਹਦਿਆਂ ਉਹਨਾਂ ਲਿਖਣ ਦਾ ਸਫ਼ਰ ਸ਼ੁਰੂ ਕੀਤਾ ਅਤੇ ਸਾਹਿਤਕ ਸਭਾਵਾਂ ਵਿੱਚ ਸ਼ਿਰਕਤ ਕਰਨੀ ਸ਼ੁਰੂ ਕੀਤੀ। ਉਹਨਾਂ ਦਾ ਜਨਮ ਪਿੰਡ ਫਿਰੋਜ਼ਸ਼ਾਹ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। ਲਿਖਣ ਦੀ ਮੁਢਲੀ ਪ੍ਰੇਰਨਾ ਉਹਨਾਂ ਨੂੰ ਉਹਨਾਂ ਦੇ ਮਾਤਾ ਜੀ ਤੋਂ ਮਿਲੀ ਹੁਣ ਤੱਕ ਉਹ 900 ਗੀਤ ਲਿਖ ਚੁੱਕੇ ਹਨ।ਉਹਨਾਂ ਦੀਆਂ ਤਿੰਨ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਬਚਪਨ ਤੋਂ ਹੀ ਉਹਨਾਂ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ ਅਤੇ ਉਨਾਂ ਨੇ ਵੱਖ-ਵੱਖ ਲੇਖਕਾਂ ਨੂੰ ਨਿਠ ਕੇ ਪੜ੍ਹਿਆ ਤੇ ਸਹੁਰੇ ਪਰਿਵਾਰ ਦਾ ਵੀ ਉਹਨਾਂ ਨੂੰ ਪੂਰਾ ਸਾਥ ਮਿਲਿਆ।ਉਹਨਾਂ ਨੇ ਸਕੇਪ ਸਾਹਿਤਕ ਸੰਸਥਾ ਦੇ ਪ੍ਰੋਗਰਾਮ ਵਿੱਚ ਪਹਿਲੀ ਵਾਰ ਆਪਣੀਆਂ ਕਵਿਤਾਵਾਂ ਸੁਣਾਈਆਂ, ਜਿਹੜੀਆਂ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤੀਆਂ ਗਈਆਂ ।ਗ਼ਜ਼ਲ,ਗੀਤ ਅਤੇ ਕਵਿਤਾ ਹਰ ਵਿਧਾ ਵਿੱਚ ਮਾਹਰ ਜਸਵਿੰਦਰ ਫਗਵਾੜਾ ਹਰ ਸਮੇਂ ਹਰ ਕਿਸੇ ਕੋਲੋਂ ਕੁਝ ਨਾ ਕੁਝ ਸਿੱਖਣ ਦਾ ਜਜ਼ਬਾ ਰੱਖਦੇ ਹਨ। ਇਹੀ ਉਹਨਾਂ ਦੇ ਲਗਾਤਾਰ ਅੱਗੇ ਵਧਣ ਦਾ ਰਾਜ਼ ਹੈ।
ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ ਜੀ ਨੇ ਕਿਹਾ ਕਿ ਆਪਣਿਆਂ ਨੂੰ ਜੀਵਨ ਵਿੱਚ ਅੱਗੇ ਵੱਧਦੇ ਦੇਖਣਾ ਵੀ ਬੜੇ ਮਾਣ ਵਾਲੀ ਗੱਲ ਹੈ ਅਤੇ ਅੱਜ ਜਸਵਿੰਦਰ ਫਗਵਾੜਾ ਅਤੇ ਬਲਬੀਰ ਕੌਰ ਬੱਬੂ ਸੈਣੀ ਕੋਲੋਂ ਉਹਨਾਂ ਦੇ ਜੀਵਨ ਅਤੇ ਜੀਵਨ ਸੰਘਰਸ਼ ਬਾਰੇ ਸੁਣ ਕੇ ਸਾਨੂੰ ਬੜੀ ਖੁਸ਼ੀ ਅਤੇ ਉਹਨਾਂ ਮਾਣ ਮਹਿਸੂਸ ਹੋ ਰਿਹਾ ਹੈ। ਸੰਸਥਾ ਦੇ ਸੀਨੀਅਰ ਮੈਂਬਰ ਉੱਘੇ ਮਿਸ਼ਨਰੀ ਕਵੀ ਸੋਹਣ ਸਹਿਜਲ ਵੱਲੋਂ ਜਸਵਿੰਦਰ ਫਗਵਾੜਾ ਅਤੇ ਬਲਬੀਰ ਕੌਰ ਬੱਬੂ ਸੈਣੀ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ। ਅੰਤ ਵਿੱਚ ਸੰਸਥਾ ਦੇ ਸਰਪ੍ਰਸਤ ਰਵਿੰਦਰ ਚੋਟ ਜੀ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੀਆਂ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀਮਤੀ ਜਨਕ ਪਲਾਹੀ ,ਬਲਬੀਰ ਸਿੰਘ, ਬਲਦੇਵ ਰਾਜ ਕੋਮਲ,ਸੋਹਣ ਸਹਿਜਲ,ਸ਼ਾਮ ਸਰਗੂੰਦੀ, ਮਾਸਟਰ ਸੁਖਦੇਵ ਸਿੰਘ, ਦਵਿੰਦਰ ਸਿੰਘ ਜੱਸਲ,ਦਲਜੀਤ ਮਹਿਮੀ,ਰਵਿੰਦਰ ਸਿੰਘ ਰਾਏ,ਹਰਜਿੰਦਰ ਨਿਆਣਾ, ਜਰਨੈਲ ਸਿੰਘ ਸਾਖੀ, ਸਿਮਰਤ ਕੌਰ, ਗੁਰਨੂਰ ਕੌਰ, ਕਮਲੇਸ਼ ਸੰਧੂ ਹਾਜ਼ਰ ਸਨ।