ਫਾਜ਼ਿਲਕਾ ਦੇ ਵਿਧਾਇਕ ਵੱਲੋਂ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦਾ ਰਖਿਆ ਨੀਹ ਪੱਥਰ
ਪੀਣ ਵਾਲਾ ਸਾਫ ਪਾਣੀ ਹਰ ਘਰ ਤੱਕ ਪਹੁੰਚੇ, ਪੰਜਾਬ ਸਰਕਾਰ ਦੀ ਲੋਕਾਂ ਨਾਲ ਵਚਨਬਧਤਾ-ਨਰਿੰਦਰ ਪਾਲ ਸਿੰਘ ਸਵਨਾ
20 ਕਿਲੋਮੀਟਰ ਪਾਣੀ ਦੀ ਪਾਈਪ ਵਿਛਾਉਣ ਨਾਲ ਸ਼ਹਿਰ ਦੇ ਵੱਖ-ਵੱਖ ਏਰੀਏ ਹੋਣਗੇ ਕਵਰ
ਸੀਵਰੇਜ ਦੀ ਪਾਈਪਲਾਈਨ ਦਾ ਪ੍ਰੋਜੈਕਟ ਵੀ ਜਲਦ ਸ਼ੁਰੂ ਕਰਨ ਦਾ ਦਿੱਤਾ ਭਰੋਸਾ
ਫਾਜ਼ਿਲਕਾ 19 ਮਈ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਵਿਭਾਗ ਅਤੇ ਸੰਸਦੀ ਮਾਮਲੇ ਪੰਜਾਬ ਸ. ਰਵਜੋਤ ਸਿੰਘ ਯੋਗ ਰਹਿਨੁਮਾਈ ਹੇਠ ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਵੱਲੋਂ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ ਸ਼ਹਿਰ ਦੀ ਸੈਣੀਆ ਰੋਡ ਵਿਖੇ ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਦੇ ਕੰਮ ਦੀ ਨੀਹ ਪੱਥਰ ਰੱਖ ਕੇ ਸ਼ੁਰੂਆਤ ਕੀਤੀ ਗਈ ।
ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਇਹ ਕੰਮ ਅਮਰੂਤ 2.0 ਸਕੀਮ ਅਧੀਨ ਕਰਵਾਇਆ ਜਾਣਾ ਹੈ. ਇਸ ਪ੍ਰੋਜੈਕਟ ਅਧੀਨ 20 ਕਿਲੋਮੀਟਰ ਡੀ.ਆਈ.ਕੇ-7 ਪਾਣੀ ਦੀ ਪਾਈਪ ਪਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਪੀਣ ਵਾਲਾ ਸਾਫ ਪਾਣੀ ਹਰ ਘਰ ਹਰ ਪਿੰਡ ਤੇ ਸ਼ਹਿਰ ਤੱਕ ਪਹੁੰਚੇ, ਪੰਜਾਬ ਸਰਕਾਰ ਦੀ ਲੋਕਾਂ ਨਾਲ ਵਚਨਬਧਤਾ ਹੈ। ਉਨ੍ਹਾਂ ਕਿਹਾ ਕਿ ਪੀਣ ਵਾਲਾ ਸਾਫ ਪਾਣੀ ਪਹੁੰਚਾਉਣ ਦੇ ਨਾਲ-ਨਾਲ ਘਰਾਂ ਤੱਕ ਮੁਫਤ ਕੁਨੈਕਸ਼ਨ ਲਾ ਕੇ ਦਿੱਤੇ ਜਾਣਗੇ ਤਾਂ ਜੋ ਲੋਕਾਂ ਨੂੰ ਕੋਈ ਖਜਲ-ਖੁਆਰੀ ਨਾ ਹੋਵੇ।
ਵਿਧਾਇਕ ਫਾਜ਼ਿਲਕਾ ਸ੍ਰੀ ਸਵਨਾ ਨੇ ਕਿਹਾ ਕਿ ਨਹਿਰੀ ਪਾਣੀ ਨੂੰ ਸਾਫ ਕਰਕੇ ਪੀਣ ਯੋਗ ਬਣਾਉਣ ਅਤੇ ਲੋਕਾਂ ਤੱਕ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਹੰਭਲੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਢੀਂਗੜਾ ਕਲੋਨੀ, ਨਵੀਂ ਆਬਾਦੀ, ਫਾਜ਼ਿਲਕਾ-ਫਿਰੋਜ਼ਪੁਰ ਰੋਡ ਸਾਹਮਣੇ ਗਰੀਨ ਵੈਲੀ, ਮਲੋਟ ਰੋਡ ਤੋਂ ਪੈਂਚਾ ਵਾਲੀ ਗਲੀ, ਸੱਚਾ ਸੋਦਾ ਡੇਰੇ ਦੇ ਸਾਹਮਣੇ ਗਲੀ, ਨਜ਼ਦੀਕ ਸਦਰ ਥਾਣਾ, ਮਾਧੋ ਨਗਰੀ, ਫਾਜ਼ਿਲਕਾ-ਅਬੋਹਰ ਰੋਡ, ਬੁਲਟ ਏਜੰਸੀ ਦੇ ਪਿਛਲੇ ਪਾਸੇ. ਖਟੀਕਾਂ ਵਾਲਾ ਮੁਹੱਲਾ, ਧੋਬੀ ਘਾਟ ਗਲੀ, ਵਿਜੇ ਕਲੋਨੀ ਤੋਂ ਜੰਡ ਵਾਲਾ ਖਟੜਾ ਰੋਡ ਅਤੇ ਇਸ ਦੇ ਨਾਲ ਲਗਦੇ ਏਰੀਏ ਸ਼ਾਮਿਲ ਹਨ। ਇਹ ਕੰਮ 9 ਮਹੀਨੇ ਦੇ ਅੰਦਰ-ਅੰਦਰ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਨਾਲ ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਪਾਣੀ ਸਾਫ ਸੁਥਰਾ ਪ੍ਰਾਪਤ ਹੋਵੇਗਾ ਤੇ ਸਹਿਰ ਵਾਸੀਆਂ ਨੂੰ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਨਿਜ਼ਾਤ ਮਿਲੇਗੀ।
ਇਸ ਤੋਂ ਇਲਾਵਾ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਫਾਜ਼ਿਲਕਾ ਵਿਖੇ ਸੀਵਰੇਜ ਸਿਸਟਮ ਸੁਚਾਰੂ ਅਤੇ ਨਿਰਵਿਘਨ ਬਣਾਉਣ ਲਈ ਲਗਭਗ 6 ਕਰੋੜ ਰੁਪਏ ਦੀ ਲਾਗਤ ਨਾਲ ਪਾਈਪਲਾਈਨ ਪਾਉਣ ਦਾ ਪ੍ਰੋਜੈਕਟ ਵੀ ਸਰਕਾਰ ਦੇ ਵਿਚਾਰ ਅਧੀਨ ਹੈ ਜਿਸ ਦੀ ਮਨਜੂਰੀ ਮਿਲਣ ਤੋਂ ਬਾਅਦ ਜਲਦ ਸ਼ੁਰੂ ਕੀਤਾ ਜਾਵੇਗਾ ਜਿਸ ਨਾਲ ਸੀਵਰੇਜ ਦੀ ਸਮੱਸਿਆ ਤੋਂ ਸਥਾਈ ਤੌਰ *ਤੇ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਆਬਾਦੀ ਦੇ ਵਧਣ ਨਾਲ ਪੀਣ ਵਾਲੇ ਪਾਣੀ ਦੀ ਪਹਿਲਾਂ ਪਾਈਆਂ ਪਾਈਪਾਂ ਦੀ ਕਪੈਸਟੀ ਨੂੰ ਵੀ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਨਵਾਂ ਵਾਟਰ ਵਰਕਸ ਬਣਾਉਣ ਦੀ ਯੋਜਨਾ ਜਲਦ ਲੈ ਕੇ ਆ ਰਹੇ ਹਾਂ।
ਇਸ ਮੌਕੇ ਐਸ.ਡੀ.ਐਮ. ਫਾਜ਼ਿਲਕਾ ਮੈਡਮ ਵੀਰਪਾਲ ਕੌਰ, ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਸੁਪਿੰਦਰ ਸਿੰਘ, ਐੱਸ.ਡੀ.ਓ ਲਖਪਤ ਰਾਏ ਸਚਦੇਵਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ, ਚੇਅਰਮੈਨ ਮਾਰਕੀਟ ਕਮੇਟੀ ਪਰਮਜੀਤ ਸਿੰਘ ਨੂਰਸ਼ਾਹ, ਚੇਅਰਮੈਨ ਉਪਕਾਰ ਜਾਖੜ ਤੋਂ ਇਲਾਵਾ ਹਲਕਾ ਕੋਆਰਡੀਨੇਟਰ, ਬਲਾਕ ਪ੍ਰਧਾਨ ਤੇ ਹੋਰ ਪਤਵੰਤੇ ਸਜਨ ਮੌਜੂਦ ਸਨ।