ਕੌਮੀ ਅਤੇ ਹਰਿਆਣਾ ਪੱਧਰ ਤੇ ਚਮਕਾਇਆ ਡੇਰਾ ਸਿਰਸਾ ਪੈਰੋਕਾਰ ਪ੍ਰੀਵਾਰ ਦੇ ਪੁੱਤਰ ਨੇ ਨਾਮ
ਅਸ਼ੋਕ ਵਰਮਾ
ਸਿਰਸਾ,19ਮਈ 2025:ਡੇਰਾ ਸੱਚਾ ਸੌਦਾ ਸਿਰਸਾ ਦੇ ਇੱਕ ਸਕੂਲ ਚੋਂ ਸਿੱਖਿਆ ਹਾਸਲ ਕਰਕੇ ਇੱਕ ਡੇਰਾ ਸ਼ਰਧਾਲੂ ਪ੍ਰੀਵਾਰ ਦੇ ਪੁੱਤਰ ਨੇ ਨੇ ਕੌਮੀ ਪੱਧਰ ਤੇ ਦੂਸਰਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਹਰਿਆਣਾ ਚੋਂ ਉਹ ਪਹਿਲੇ ਸਥਾਨ ਤੇ ਰਿਹਾ ਹੈ। ਸਿਰਸਾ ਦੇ ਸ਼ਾਹ ਸਤਨਾਮ ਜੀ ਬੁਆਏਜ਼ ਸਕੂਲ ਦੀ ਬਾਰ੍ਹਵੀਂ ਜਮਾਤ ਦੇ ਕਾਮਰਸ ਦੇ ਵਿਦਿਆਰਥੀ ਅੰਸ਼ਮੀਤ ਇੰਸਾਂ ਨੇ ਹਾਲ ਹੀ ਵਿੱਚ ਐਲਾਨੇ ਨਤੀਜਿਆਂ ਦੌਰਾਨ ਹਰਿਆਣਾ ਵਿੱਚ ਪਹਿਲਾ, ਭਾਰਤ ਵਿੱਚ ਦੂਜਾ ਅਤੇ ਸਾਰੀਆਂ ਫੈਕਲਟੀਆਂ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਹਰਿਆਣਾ ਰਾਜ ਦਾ ਨਾਮ ਰੌਸ਼ਨ ਕੀਤਾ ਹੈ। ਅੰਸ਼ਮੀਤ ਇੰਸਾਂ ਨੇ ਕਾਮਰਸ ਸਟਰੀਮ ਵਿੱਚ 99.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਇਹ ਸਫਲਤਾ ਆਪਣੇ ਨਾਮ ਕੀਤੀ ਹੈ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅੰਸ਼ਮੀਤ ਇੰਸਾਂ ਨੇ ਆਪਣੀ ਵਿਦਿਅਕ ਯਾਤਰਾ ਦੌਰਾਨ ਅਸਾਧਾਰਨ ਅਕਾਦਮਿਕ ਮੁਹਾਰਤ ਦਾ ਪ੍ਰਦਰਸ਼ਨ ਕਰਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ।
ਐਲਕੇਜੀ ਤੋਂ ਆਪਣੀ ਪੜ੍ਹਾਈ ਸ਼ੁਰੂ ਕਰਦੇ ਹੋਏ, ਆਪਣੇ ਆਪ ਨੂੰ ਉੱਤਮਤਾ ਲਈ ਸਮਰਪਿਤ ਕਰ ਦਿੱਤਾ ਜਿਸਦੇ ਨਤੀਜੇ ਵਜੋਂ 2024-25 ਸੈਸ਼ਨ ਦੌਰਾਨ ਕਾਮਰਸ ਸਟਰੀਮ ਵਿੱਚ 12ਵੀਂ ਜਮਾਤ ਵਿੱਚ 99.4 ਪ੍ਰਤੀਸ਼ਤ ਦੀ ਸ਼ਾਨਦਾਰ ਪ੍ਰਾਪਤੀ ਹੋਈ। ਅੰਸ਼ਮੀਤ ਇੰਸਾਂ ਦੀ ਸਖ਼ਤ ਮਿਹਨਤ ਅਤੇ ਪੜ੍ਹਾਈ ਪ੍ਰਤੀ ਵਚਨਬੱਧਤਾ ਨੇ ਉਸਨੂੰ ਨਾ ਸਿਰਫ਼ ਆਪਣੀ ਸਟਰੀਮ ਵਿੱਚ ਭਾਰਤ ਵਿੱਚ ਦੂਜਾ ਸਥਾਨ ਦਿਵਾਇਆ ਹੈ, ਸਗੋਂ ਰਾਸ਼ਟਰੀ ਪੱਧਰ ’ਤੇ ਸਾਰੀਆਂ ਸਟਰੀਮਾਂ ਵਿੱਚ ਇੱਕ ਸ਼ਾਨਦਾਰ ਤੀਜਾ ਸਥਾਨ ਦਿਵਾਉਣ ’ਚ ਅਹਿਮ ਯੋਗਦਾਨ ਪਾਇਆ ਹੈ।ਅੰਸ਼ਮੀਤ ਦੀਆਂ ਪ੍ਰਾਪਤੀਆਂ ਉਸਦੇ ਸਾਥੀਆਂ ਨੂੰ ਉੱਚਾ ਟੀਚਾ ਰੱਖਣ ਅਤੇ ਉੱਤਮਤਾ ਲਈ ਯਤਨ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਅੰਸ਼ਮੀਤ ਇੰਸਾਂ ਦੀ ਇਸ ਬੇਮਿਸਾਲ ਪ੍ਰਾਪਤੀ ਦੇ ਮੌਕੇ ’ਤੇ, ਸਿਰਸਾ ਦੇ ਸ਼ਾਹ ਸਤਨਾਮ ਜੀ ਬੁਆਏਜ਼ ਸਕੂਲ ਵਿਖੇ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ ਗਿਆ।
ਸਮਾਗਮ ਵਿੱਚ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ, ਸਮੁੱਚਾ ਸਕੂਲ ਸਟਾਫ਼, ਵਿਦਿਆਰਥੀ ਅਤੇ ਅੰਸ਼ਮੀਤ ਦੇ ਪਰਿਵਾਰਕ ਮੈਂਬਰ ਮੌਜੂਦ ਸਨ। ਇਸ ਮੌਕੇ ਢੋਲ ਦੀ ਥਾਪ ਤੇ ਅੰਸ਼ਮੀਤ ਦੇ ਹਾਰ ਪਾਏ ਅਤੇ ਸਨਾਮਨ ਵਜੋਂ ਪਗੜੀ ਪਹਿਨਾਈ ਗਈ। ਇਹੋ ਕਾਰਨ ਹੈ ਕਿ ਸਕੂਲ ਸਟਾਫ ਇਸ ਲੜਕੇ ਨੂੰ ਸ਼ਾਬਾਸ਼ ਦਿੱਤੀ ਹੈ। ਸਕੂਲ ਦਾ ਝੰਡਾ ਬੁਲੰਦ ਕਰਨ ਲਈ ਕੀਤੇ ਉਪਰਾਲੇ ਤੋਂ ਪ੍ਰੀਵਾਰ ਦੇ ਮੈਂਬਰ ਖੁਸ਼ ਹਨ ਅਤੇ ਉਨ੍ਹਾਂ ਇਸ ਦਾ ਸਿਹਰਾ ਆਪਣੇ ਗੁਰੂ ਅਤੇ ਸਖਤ ਮਿਹਨਤ ਕਰਵਾਉਣ ਵਾਲੇ ਸਟਾਫ ਦੇ ਸਿਰ ਬੰਨਿ੍ਹਆ ਹੈ। ਪ੍ਰੀਵਾਰ ਨੂੰ ਉਮੀਦ ਹੈ ਕਿ ਆਉਣ ਵਾਲੇ ਵਿਦਿੱਅਕ ਸਫਰ ਦੌਰਾਨ ਅੰਸ਼ਮੀਤ ਇੰਸਾਂ ਹੋਰ ਵੀ ਵੱਡੀਆਂ ਪ੍ਰਾਪਤੀ ਕਰਨ ਵਿੱਚ ਸਫਲ ਰਹੇਗਾ ਜਿਸ ਦੀ ਉਨ੍ਹਾਂ ਦੁਆ ਵੀ ਮੰਗੀ ਹੈ।
ਅੰਸ਼ਮੀਤ ਸ਼ੁਰੂ ਤੋਂ ਹੀ ਹੋਣਹਾਰ ਪ੍ਰਿੰਸੀਪਲ
ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੰਸ਼ਮੀਤ ਸ਼ੁਰੂ ਤੋਂ ਹੀ ਇੱਕ ਹੋਣਹਾਰ ਅਤੇ ਬੁੱਧੀਮਾਨ ਵਿਦਿਆਰਥੀ ਰਿਹਾ ਹੈ। ਅੰਸ਼ਮੀਤ ਨੇ ਆਪਣੀਆਂ ਸਾਰੀਆਂ ਕਲਾਸਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀ ਡੇਰਾ ਸਿਰਸਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਦਿੱਤੀ ਪ੍ਰੇਰਨਾ ਅਤੇ ਮਾਰਗਦਰਸ਼ਨ ਹੇਠ ਸਾਰੇ ਖੇਤਰਾਂ ਵਿੱਚ ਆਪਣਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ, ਅੰਸ਼ਮੀਤ ਇੰਸਾਂ ਨੇ ਸਕੂਲ ਦਾ ਨਾਮ ਨਾ ਸਿਰਫ਼ ਰਾਜ ਪੱਧਰ ’ਤੇ, ਸਗੋਂ ਰਾਸ਼ਟਰੀ ਪੱਧਰ ’ਤੇ ਵੀ ਰੌਸ਼ਨ ਕੀਤਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਉਸ ਦੀ ਸਫਲਤਾ ’ਤੇ ਬਹੁਤ ਮਾਣ ਹੈ। ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਵੀ ਅੰਸ਼ਮੀਤ ਨੂੰ ਉਸਦੀ ਸਫਲਤਾ ’ਤੇ ਵਧਾਈ ਦਿੱਤੀ ਅਤੇ ਉਸਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ।