ਐਮ ਐਲ ਏ ਰੰਧਾਵਾ ਵੱਲੋਂ ਸਕੂਲਾਂ ’ਚ 61.15 ਲੱਖ ਰੁਪਏ ਦੇ ਬੁਨਿਆਦੀ ਢਾਂਚਾ ਪ੍ਰਾਜੈਕਟ ਵਿਦਿਆਰਥੀਆਂ ਨੂੰ ਸਮਰਪਿਤ
ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ 1.20 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ‘ਸਕੂਲ ਆਫ਼ ਹੈਪੀਨੈੱਸ’
ਕਿਹਾ, ਭਗਵੰਤ ਮਾਨ ਸਰਕਾਰ ਸਕੂਲਾਂ ’ਚ ਮਿਆਰੀ ਸਹੂਲਤਾਂ ਤੇ ਸਿਖਿਆ ਦੇਣ ਲਈ ਵਚਨਬੱਧ
ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 19 ਮਈ:
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਸੂਬੇ ਦੇ ਸਕੂਲਾਂ ’ਚ ਮਿਆਰੀ ਸਹੂਲਤਾਂ ਅਤੇ ਸਿਖਿਆ ਦੇਣ ਦੀ ਵਚਨਬੱਧਤਾ ਤਹਿਤ ਅੱਜ ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੁਬਾਰਕਪੁਰ, ਮੀਰਪੁਰ ਅਤੇ ਪੀਰ ਮੁਛੱਲਾ ਵਿਖੇ 61,15,500 ਰੁਪਏ ਦੇ ਬੁਨਿਆਦੀ ਢਾਂਚਾ ਪ੍ਰਾਜੈਕਟ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਪੰਜਾਬ ਸਿਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਦੌਰੇ ’ਤੇ ਨਿਕਲੇ ਵਿਧਾਇਕ ਰੰਧਾਵਾ ਨੇ ਮੀਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸਰਕਾਰ ਵੱਲੋਂ 1.20 ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਆਫ਼ ਹੈਪੀਨੈੱਸ ਬਣਾਉਣ ਦਾ ਐਲਾਨ ਵੀ ਕੀਤਾ।
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਮੁਬਾਰਕਪੁਰ ਵਿਖੇ 9.55 ਲੱਖ ਰੁਪਏ ਦੀ ਲਾਗਤ ਨਾਲ ਬਣੇ ਕਮਰੇ ਦਾ ਉਦਘਾਟਨ ਕਰ ਵਿਦਿਆਰਥਣਾਂ ਨੂੰ ਸਮਰਪਿਤ ਕੀਤਾ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਵਿਖੇ 15.02 ਲੱਖ ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਕਮਰੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਬਾਰਕਪੁਰ ਵਿਖੇ 22.10 ਲੱਖ ਰੁਪਏ ਦੀ ਲਾਗਤ ਨਾਲ ਬਣੇ ਦੋ ਆਧੁਨਿਕ ਕਮਰੇ ਅਤੇ ਹੋਰ ਬੁਨਿਆਦੀ ਢਾਂਚਾ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ। ਸਰਕਾਰੀ ਐਲੀਮੈਂਟਰੀ ਸਕੂਲ ਪੀਰ ਮੁਛੱਲਾ ਵਿਖੇ 15,48,500 ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਕਮਰੇ, ਚਾਰਦੀਵਾਰੀ ਅਤੇ ਹੋਰ ਮੁਰੰਮਤ ਦੇ ਕੰਮ ਦਾ ਉਦਘਾਟਨ ਕਰ, ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਵਿਧਾਇਕ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ, ਉਨ੍ਹਾਂ ਦੀਆਂ ਭਵਿੱਖੀ ਇਛਾਵਾਂ, ਸਕੂਲ ’ਚ ਲੋੜਾਂ ਆਦਿ ਬਾਰੇ ਵੀ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਭਾਵੇਂ ਛੋਟੀ ਉਮਰ ਦੇ ਹਨ ਪਰ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਸੁਣਨਾ ਤੇ ਉਨ੍ਹਾਂ ’ਤੇ ਅਮਲ ਕਰਨਾ ਸਾਡਾ ਪਹਿਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਕਿਸਮਤ ਵਾਲੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸਕੂਲਾਂ ’ਚ ਬੇਹਤਰੀਨ ਬੁਨਿਆਦੀ ਢਾਂਚਾ ਤੇ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਿਖਿਆ ਕ੍ਰਾਂਤੀ ਦਾ ਉਦੇਸ਼ ਪੰਜਾਬ ਦੇ 12000 ਦੇ ਕਰੀਬ ਸਕੂਲਾਂ ’ਚ 2000 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਸਹੂਲਤਾਂ ਨੂੰ ਉੱਪਰ ਚੁੱਕਣਾ ਹੈ, ਜਿਸ ਨਾਲ ਇਨ੍ਹਾਂ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਕੰਮ ਕਰਨ ਆਈ ਹੈ, ਇਸੇ ਲਈ ਅੱਜ ਸਮੁੱਚੇ ਪੰਜਾਬ ’ਚ ਸਕੂਲਾਂ ਦੀ ਦਿੱਖ ਨੂੰ ਨਵਾਂ ਰੂਪ ਮਿਲ ਰਿਹਾ ਹੈ।
ਇਸ ਮੌਕੇ ਇਨ੍ਹਾਂ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਤੋਂ ਇਲਾਵਾ ਇਨ੍ਹਾਂ ਪਿੰਡਾਂ ਦੇ ਪੰਚ-ਸਰਪੰਚ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ:
ਐਮ ਐਲ ਏ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਸੋਮਵਾਰ ਨੂੰ ਮੁਬਾਰਕਪੁਰ, ਮੀਰਪੁਰ ਅਤੇ ਪੀਰ ਮੁਛੱਲਾ ਦੇ ਸਕੂਲਾਂ ਵਿਖੇ 61,15,500 ਰੁਪਏ ਦੇ ਬੁਨਿਆਦੀ ਢਾਂਚਾ ਪ੍ਰਾਜੈਕਟ ਵਿਦਿਆਰਥੀਆਂ ਨੂੰ ਸਮਰਪਿਤ ਕਰਦੇ ਹੋਏ।