ਯੂਥ ਕਲੱਬ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ
ਅਸ਼ੋਕ ਵਰਮਾ
ਬਠਿੰਡਾ 19 ਮਈ 2025: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਸਦਕਾ ਪੂਰੇ ਸੂਬੇ ਅੰਦਰ ਯੂਥ ਕਲੱਬ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਟ੍ਰੇਨਿੰਗ ਸੈਸ਼ਨ ਦੌਰਾਨ ਲੈਕਚਰ ਤੇ ਵੀਡੀਓਜ਼ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਹੈਡ ਟ੍ਰੇਨਰ ਐਡਵੋਕੇਟ ਹਰਦੀਪ ਸਰਾਂ ਨੇ ਕਿਹਾ ਕਿ ਰੰਗਲੇ ਪੰਜਾਬ ਦੀ ਸਿਰਜਣਾ ਦੀ ਡੋਰ ਨੌਜਵਾਨਾਂ ਦੇ ਮੋਢਿਆਂ ‘ਤੇ ਹੈ ਅਤੇ ਨੌਜਵਾਨਾਂ ਨੂੰ ਸੂਬੇ ਦੀ ਭਲਾਈ ਪ੍ਰਤੀ ਆਪਣਾ ਰੋਲ ਸਮਝਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਯੂਥ ਕਲਬ ਲੋਕਾਂ ਨੂੰ ਨਵੀ ਸੇਧ ਦੇਣਗੇ, ਨੌਜਵਾਨ ਪੀੜ੍ਹੀ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਾਰ ਦੀਆਂ ਸਿਖਿਆਵਾਂ ‘ਤੇ ਚੱਲ ਕੇ ਲੋਕਾਂ ਨੂੰ ਸਹੀ ਅਤੇ ਸਕਾਰਾਤਮਕ ਦਿਸ਼ਾ ਵੱਲ ਮੋੜਨ ਲਈ ਆਪਣਾ ਅਹਿਮ ਕਿਰਦਾਰ ਨਿਭਾਉਣਗੇ।
ਇਸ ਮੌਕੇ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਸ਼੍ਰੀ ਰਘਵੀਰ ਸਿੰਘ ਮਾਨ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਨੌਜਵਾਨਾਂ ਅੰਦਰ ਜੋਸ਼ ਭਰਿਆ ਤੇ ਨਸ਼ਿਆਂ ਅਜਿਹੀਆਂ ਮਾੜੀ ਅਲਾਮਤਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਟੇਟ ਸੈਕਟਰੀ ਯੂਥ ਐਡਵੋਕੇਟ ਹਰਦੀਪ ਸਿੰਘ ਸਰਾਂ, ਲਵਪ੍ਰੀਤ ਅਚਲਾ ਸਬ ਟ੍ਰੇਨਰ, ਜਸਵਿੰਦਰ ਨੰਦਗੜ੍ਹ, ਹਰਪ੍ਰੀਤ ਕੋਠਾ ਨਥਿਆਣਾ, ਰਿਪਨਦੀਪ ਸਿੰਘ, ਸਿਮਰਜੀਤ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।