ਜਿਉਂਦ ਮਾਮਲਾ: ਜਿਹਨਾਂ ਦਾ ਖੇਤੀ ਵਗੇ ਪਸੀਨਾਂ, ਉਹਨਾਂ ਦੇ ਨਾਮ ਹੋਣ ਜ਼ਮੀਨਾਂ ਨਾਅਰੇ ਤਹਿਤ ਮੋਰਚਾ ਜਾਰੀ
ਅਸ਼ੋਕ ਵਰਮਾ
ਰਾਮਪੁਰਾ, 19 ਮਈ 2025: "ਜਿਹਨਾਂ ਦਾ ਖੇਤੀਂ ਵਗੇ ਪਸੀਨਾਂ, ਉਹਨਾਂ ਦੇ ਨਾਮ ਹੋਣ ਜ਼ਮੀਨਾਂ" ਨਾਅਰੇ ਤਹਿਤ ਜਿਉਦ ਪਿੰਡ ਦੀ ਜਮੀਨ ਦੀ ਨਿਸ਼ਾਨਦੇਹੀ ਰੋਕਣ ਲਈ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਿਹਾ ਮੋਰਚਾ ਅੱਜ ਤੀਜੇ ਦਿਨ ਵੀ ਜਾਰੀ ਹੈ। ਮੋਰਚੇ ਨੂੰ ਸੰਬੋਧਨ ਕਰਦਿਆ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸੈਂਕੜੇ ਸਾਲਾਂ ਤੋਂ ਕਿਸਾਨਾਂ ਨੇ ਸਖਤ ਮਿਹਨਤ ਕਰਦਿਆਂ ਬੇਆਬਾਦ ਪਈਆਂ ਜਮੀਨਾਂ ਆਬਾਦ ਕੀਤੀਆਂ ਹਨ ਪਰ ਜਗੀਰਦਾਰਾਂ ਦੀ ਸਰਕਾਰੇ ਦਰਬਾਰੇ ਪਹੁੰਚ ਹੋਣ ਕਰਕੇ ਮਾਲ ਰਿਕਾਰਡ ਚ ਜਮੀਨਾਂ ਮੁਜਾਰੇ ਕਿਸਾਨਾਂ ਨੇ ਨਾਮ ਨਹੀ ਹੋਣ ਦਿੱਤੀਆਂ ਹਨ।
ਉਹਨਾਂ ਕਿਹਾ ਕਿ ਇਸ ਤੋਂ ਬਾਅਦ ਮੁਜ਼ਾਰਿਆਂ ਨੇ ਇਹਨਾਂ ਜਮੀਨਾਂ ਦੀ ਮਾਲਕੀ ਲਈ ਸੰਘਰਸ਼ ਕੀਤਾ ਜਿਸ ਦੌਰਾਨ ਜਗੀਰਦਾਰਾਂ ਨੇ ਆਪਣੀ ਸਿਆਸੀ ਚੌਧਰ ਵਰਤਦਿਆਂ ਪੁਲਿਸ ਫੌਜ ਦੇ ਜ਼ੋਰ ਕਈ ਕਿਸਾਨਾਂ ਨੂੰ ਸ਼ਹੀਦ ਵੀ ਕਰ ਦਿੱਤਾ ਸੀ।ਇਸ ਦੌਰਾਨ ਕਈ ਵਾਰ ਰਾਜਿਆਂ ਦੇ ਫਰਮਾਨਾ ਅਤੇ ਉੱਚ ਅਦਾਲਤ ਵੱਲੋਂ 1972 ਵਿੱਚ ਮੁਜਾਰੇ ਕਿਸਾਨਾਂ ਨੂੰ ਜਮੀਨ ਦੇ ਮਾਲਕੀ ਹੱਕ ਦੇਣ ਦੇ ਹੁਕਮ ਕੀਤੇ ਹੋਏ ਹਨ ਅਤੇ ਭਾਰਤ ਦੇ ਸੰਵਿਧਾਨ ਵਿੱਚ ਵੀ ਧਾਰਾਵਾਂ ਦਰਜ ਹਨ ਪਰ ਜਗੀਰਦਾਰਾਂ ਦੀ ਸਿਆਸੀ ਪਕੜ ਹੋਣ ਕਰਕੇ ਅੱਜ ਵੀ ਸਰਕਾਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਗੀਰਦਾਰਾਂ ਦੇ ਪੱਖ ਵਿੱਚ ਹੀ ਭੁਗਤਣ ਦੇ ਆਦੇਸ਼ ਦਿੱਤੇ ਜਾ ਰਹੇ ਹਨ ।
ਸ਼ਿੰਗਾਰਾ ਸਿੰਘ ਮਾਨ ਨੇ ਜਗੀਰੂ ਲੁੱਟ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਜਿੱਥੇ ਜਗੀਰਦਾਰ ਮਜਾਰਿਆਂ ਤੋਂ ਬਿਨਾ ਕੰਮ ਕੀਤੇ ਫਸਲਾਂ ਲੈ ਜਾਂਦੇ ਸਨ ਉੱਥੇ ਮਜਾਰੇ ਪਰਿਵਾਰਾਂ ਦੀਆਂ ਔਰਤਾਂ ਤੋਂ ਘਰਾਂ ਵਿੱਚ ਵਗਾਰ ਲਈ ਜਾਂਦੀ ਸੀ। ਇਹਨਾ ਅਲਾਮਤਾਂ ਤੋ ਖਹਿੜਾ ਵੀ ਬੜੇ ਤਿੱਖੇ ਸੰਘਰਸ਼ਾਂ ਰਾਹੀਂ ਛਡਾਇਆ ।ਉਹਨਾਂ ਕਿਹਾ ਕਿ ਜਿੰਨਾ ਚਿਰ ਔਰਤਾਂ ਸੰਘਰਸ਼ ਵਿੱਚ ਜੋਗਦਾਨ ਨਹੀਂ ਪਾਉਂਦੀਆਂ ਸੰਘਰਸ ਜਿੱਤਿਆ ਨਹੀਂ ਜਾ ਸਕਦਾ ਜਿਸ ਦਾ ਇਤਿਹਾਸ ਗਵਾਹ ਹੈ ਕਿ ਬੀਬੀ ਗੁਲਾਬ ਕੌਰ, ਝਾਂਸੀ ਦੀ ਰਾਣੀ, ਮਾਈ ਭਾਗੋ ਵਰਗੀਆਂ ਕਿੰਨੀਆਂ ਹੀ ਔਰਤਾਂ ਮਰਦਾਂ ਦੇ ਬਰਾਬਰ ਹੋ ਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦੀਆਂ ਤਾਂ ਸੰਘਰਸ਼ ਜਿੱਤੇ ਗਏ। ਅੱਜ ਦੇ ਇਕੱਠ ਨੂੰ ਬਠਿੰਡਾ ਤੋਂ ਬੂਟਾ ਸਿੰਘ ਬੱਲੋ,ਜਸਪਾਲ ਸਿੰਘ ਕੋਠਾਗੁਰੂ, ਲੁਧਿਆਣਾ ਤੋਂ ਰਜਿੰਦਰ ਸਿੰਘ ਸਿਆੜ, ਮਲੇਰਕੋਟਲਾ ਤੋਂ ਸਰਬਜੀਤ ਸਿੰਘ ਭੁਰਥਲਾ,ਮੁਕਤਸਰ ਤੋਂ ਗੁਰਭਗਤ ਸਿੰਘ ਭਲਾਈਆਣਾ ਅਤੇ ਮਾਨਸਾ ਤੋਂ ਜੋਗਿੰਦਰ ਸਿੰਘ ਦਿਆਲਪੁਰਾ ਨੇ ਵੀ ਸੰਬੋਧਨ ਕੀਤਾ।