ਸਰਕਾਰੀ ਕਾਲਜ ਵਿਖੇ ‘ਨੇਸ਼ਨ ਫ਼ਸਟ’ ਪ੍ਰੋਗਰਾਮ ਅਧੀਨ ਮੁਕਾਬਲੇ ਕਰਵਾਏ ਗਏ
ਰੋਹਿਤ ਗੁਪਤਾ
ਗੁਰਦਾਸਪੁਰ, 19 ਮਈ
ਮੌਜੂਦਾ ਸਮੇਂ ‘ਚ ਤਣਾਅਪੂਰਨ ਮਾਹੌਲ ਅਤੇ ਸੁਰੱਖਿਆ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸੇ ਹੀ ਨਿਰੰਤਰਤਾ ਵਿਚ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ‘ਨੇਸ਼ਨ ਫ਼ਸਟ’ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਦੇ ਕਵਿਤਾ ਉਚਾਰਨ ਅਤੇ ਗੀਤ-ਗ਼ਜ਼ਲ ਮੁਕਾਬਲੇ (ਆਨਲਾਈਨ) ਕਰਵਾਏ ਗਏ। ਜਿਸ ਵਿਚ 18 ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਵਿਭਿੰਨ ਸੂਖਮ ਕਲਾਵਾਂ ਰਾਹੀ ਦੇਸ਼ ਭਗਤੀ ਦੇ ਜਜ਼ਬੇ ਨੂੰ ਪੇਸ਼ ਕੀਤਾ। ਗੀਤ-ਗ਼ਜ਼ਲ ਮੁਕਾਬਲੇ ਵਿੱਚ ਜ਼ੋਏਲ, ਅਰਚੀ ਰੰਧਾਵਾ, ਦੀਆ ਅਤੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਹਰਸ਼ਿਵਾ, ਦਿਵਿਆ, ਜਸ਼ਨਪ੍ਰੀਤ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ।
ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੈਂ ਉਨ੍ਹਾਂ ਮਹਾਨ ਵਿਅਕਤੀਆਂ ਦਾ ਦਿਲੋਂ ਸਤਿਕਾਰ ਕਰਦਾ ਹਾਂ ਜੋ ਰਾਸ਼ਟਰ- ਰੱਖਿਆ ਅਤੇ ਰਾਸ਼ਟਰ ਨਿਰਮਾਣ ਲਈ ਸਮਰਪਣ ਅਤੇ ਪ੍ਰਤੀਬੱਧਤਾ ਨਾਲ ਦੇਸ਼ ਪ੍ਰਤੀ ਆਪਣਾ ਫ਼ਰਜ਼ ਅਦਾ ਕਰਦੇ ਹਨ। ਦੇਸ਼ ਪ੍ਰਤੀ ਕਰਤੱਵਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਸਿਰਫ਼ ਨਾਗਰਿਕਾਂ ਤੋਂ ਇਲਾਵਾ ਦੇਸ਼ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਤੱਕ ਵੀ ਫੈਲੀ ਹੋਈ ਹੈ। ਜਦੋਂ ਅਸੀਂ ਸਾਰੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮੂਹਿਕ ਤੌਰ ‘ਤੇ ਨਿਭਾਉਂਦੇ ਹਾਂ ਤਾਂ ਅਸੀਂ ਕੁਦਰਤੀ ਤੌਰ ‘ਤੇ ਇੱਕ ਦੂਸਰੇ ਦੇ ਅਧਿਕਾਰਾਂ ਦੇ ਪਹਿਰੇਦਾਰ ਬਣ ਜਾਂਦੇ ਹਾਂ। ਪ੍ਰੋਗਰਾਮ ਕੋਆਰਡੀਨੇਟਰ ਵਜੋਂ ਡਾ.ਪਵਨ ਸਰਵਰ ਅਤੇ ਕੋ-ਕੋਆਰਡੀਨੇਟਰ ਵਜੋਂ ਅਸਿਸਟੈਂਟ ਪ੍ਰੋ. ਕਰਨਬੀਰ ਸਿੰਘ ਨੇ ਬਖ਼ੂਬੀ ਜ਼ਿੰਮੇਵਾਰੀ ਨਿਭਾਈ।