ਸ਼ੈਲਟਰ ਵੱਲੋਂ ਸੇਵਾ ਮੁਕਤ ਐਸਐਮਓ ਡਾ.ਐਚ.ਐਸ.ਚੀਮਾ ਦਾ ਸਨਮਾਨ ਕੀਤਾ ਗਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 19 ਸਤੰਬਰ 2026: ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ਵੱਲੋਂ ਅੱਜ ਲਾਲੜੂ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਸਿਵਲ ਹਸਪਤਾਲ ਮੁਹਾਲੀ ਤੋਂ 31 ਮਈ 2026 ਨੂੰ ਸੇਵਾ ਮੁਕਤ ਹੋਏ ਐਸਐਮਓ ਡਾ.ਐਚ.ਐਸ. ਚੀਮਾ ਨੂੰ ਸਰਕਾਰੀ ਸੇਵਾ ਦੌਰਾਨ ਇਮਾਨਦਾਰੀ, ਮਿਹਨਤ ਅਤੇ ਲੋਕ ਹਿੱਤ ਵਿੱਚ ਨਿਭਾਈਆਂ ਸੇਵਾਵਾਂ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼ੈਲਟਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਅਤੇ ਸਾਬਕਾ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਡਾ. ਐਚ.ਐਸ. ਚੀਮਾ ਨੇ ਤਕਰੀਬਨ 29 ਸਾਲ ਸਰਕਾਰੀ ਸਿਹਤ ਵਿਭਾਗ ਵਿੱਚ ਸੇਵਾ ਨਿਭਾਈ। ਉਨ੍ਹਾਂ ਦੀ ਸਰਕਾਰੀ ਸੇਵਾ ਦਾ ਵੱਡਾ ਹਿੱਸਾ ਬਤੌਰ ਮੈਡੀਕਲ ਅਫਸਰ ਬਸੌਲੀ ਅਤੇ ਡੇਰਾ ਬੱਸੀ ਸਿਵਲ ਹਸਪਤਾਲ ਵਿਖੇ ਰਿਹਾ। ਇਸੇ ਦੌਰਾਨ ਉਹ ਸਾਲ 2012 ਤੋਂ ਸਰਜੀਕਲ ਮਾਹਰ ਬਣ ਗਏ ਸਨ । ਸਾਲ 2021 ਵਿੱਚ ਐਸ.ਐਮ.ਓ. ਵਜੋਂ ਤਰੱਕੀ ਮਿਲਣ ਉਪਰੰਤ ਉਹ ਪੰਜ ਸਾਲ ਸਿਵਲ ਹਸਪਤਾਲ ਮੁਹਾਲੀ ਦੇ ਇੰਚਾਰਜ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ। ਡਾ. ਮੁਲਤਾਨੀ ਨੇ ਡਾ. ਚੀਮਾ ਨੂੰ ਉਨ੍ਹਾਂ ਦੀ ਸੇਵਾਮੁਕਤੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਸੇਵਾ ਦੌਰਾਨ ਉਨ੍ਹਾਂ ਵੱਲੋਂ ਲੋਕ ਹਿੱਤ ਨੂੰ ਪਹਿਲ ਦਿੰਦਿਆਂ ਨਿਭਾਈਆਂ ਸੇਵਾਵਾਂ ਸ਼ਲਾਘਾਯੋਗ ਹਨ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਡਾ. ਚੀਮਾ ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਜਾਰੀ ਰੱਖਣਗੇ ਅਤੇ ਸ਼ੈਲਟਰ ਦੀਆਂ ਲੋਕ ਹਿੱਤ ਸੇਵਾਵਾਂ ਵਿੱਚ ਹੋਰ ਵੱਡਾ ਯੋਗਦਾਨ ਪਾਉਣਗੇ। ਡਾ. ਚੀਮਾ ਪਹਿਲਾਂ ਹੀ ਸ਼ੈਲਟਰ ਦੇ ਮੈਂਬਰ ਹਨ। ਇਸ ਮੌਕੇ ਹੈਲਥ ਸੁਪਰਵਾਈਜ਼ਰ ਭੁਪਿੰਦਰ ਸਿੰਘ ਡਾਹਰੀ ਅਤੇ ਡਾ. ਗੁਰਪ੍ਰੀਤ ਰਾਣਾ, ਜੋ ਸੀਨੀਅਰ ਪੱਤਰਕਾਰ ਰਾਜਬੀਰ ਸਿੰਘ ਰਾਣਾ ਦੇ ਸਪੁੱਤਰ ਹਨ, ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਾ. ਗੁਰਪ੍ਰੀਤ ਰਾਣਾ ਵੱਲੋਂ ਵੀ ਸ਼ੈਲਟਰ ਦੀਆਂ ਸਮਾਜ ਸੇਵੀ ਗਤੀਵਿਧੀਆਂ ਵਿੱਚ ਆਪਣਾ ਆਰਥਿਕ ਯੋਗਦਾਨ ਦਿੱਤਾ ਗਿਆ।
ਅੰਤ ਵਿੱਚ ਡਾ. ਦਲੇਰ ਸਿੰਘ ਮੁਲਤਾਨੀ ਨੇ ਸ਼ੈਲਟਰ ਦੀ ਸਮੁੱਚੀ ਟੀਮ ਨੂੰ ਸੰਸਥਾ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਹਿੱਤ ਸੇਵਾਵਾਂ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੈਲਟਰ ਚੈਰੀਟੇਬਲ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ,ਜਨਰਲ ਸਕੱਤਰ ਰਾਜਬੀਰ ਰਾਣਾ, ਖਜ਼ਾਨਚੀ ਰਘੂਬੀਰ ਜੁਨੇਜਾ, ਸੀਨੀਅਰ ਮੈਂਬਰ ਵਿਦਿਆਸਾਗਰ, ਸੁਰਿੰਦਰ ਸਿੰਘ ਧਰਮਗੜ੍ਹ, ਸਤੀਸ਼ ਰਾਣਾ, ਚੰਦਰਪਾਲ ਲਾਲੜੂ ਤੇ ਅਮਨ ਕੁਮਾਰ ਆਦਿ ਹਾਜ਼ਰ ਸਨ।