Babushahi Special-ਥਾਣਿਆਂ ਅਤੇ ਚੌਂਕੀਆਂ ’ਤੇ ਬੰਬ ਧਮਾਕਿਆਂ ਕਾਰਨ ਪੁਲਿਸ ’ਚ ਦਹਿਸ਼ਤ ਦਾ ਮਹੌਲ ਬਣਿਆ
ਅਸ਼ੋਕ ਵਰਮਾ
ਬਠਿੰਡਾ , 19 ਸਤੰਬਰ 2026: ਸਾਲ 2025 ਦੌਰਾਨ ਕਰੀਬ ਡੇਢ ਦਰਜਨ ਅੱਤਵਾਦੀ ਮਾਡਿਊਲਾਂ ਨੂੰ ਧੂੜ ਚਟਾਉਣ, ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਅੱਤਵਾਦੀ ਵਾਰਦਾਤਾਂ ਦੀ ਘੁੰਡ ਚੁਕਾਈ ਦੇ ਬਾਵਜੂਦ ਥਾਣਿਆਂ ’ਤੇ ਹੁੰਦੇ ਗ੍ਰਨੇਡ ਹਮਲਿਆਂ ਕਾਰਨ ਕਾਰਨ ਪੁਲਿਸ ਮੁਲਾਜਮਾਂ ਅਤੇ ਆਮ ਲੋਕਾਂ ’ਚ ਖੌਫ ਬਣਿਆ ਹੈ । ਲੰਘੇ ਐਤਵਾਰ ਨੂੰ ਫਾਜ਼ਿਲਕਾ ਜਿਲ੍ਹੇ ਦੇ ਥਾਣਾ ਜਲਾਲਾਬਾਦ ’ਚ ਅਜਿਹਾ ਹੀ ਹਮਲਾ ਹੋਇਆ ਜਿਸ ਨੇ ਇਹ ਦਹਿਸ਼ਤ ਵਧਾਈ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਦੀਆਂ ਮਾੜੇ ਅਨਸਰਾਂ ਨੂੰ ਸਿਰ ਨਾਂ ਚੁੱਕਣ ਦੇਣ ਦੀਆਂ ਹਦਾਇਤਾਂ ਤਹਿਤ ਪੰਜਾਬ ਪੁਲਿਸ ਏਦਾਂ ਦੀ ਤਕਰੀਬਨ ਹਰ ਵਾਰਦਾਤ ਦੇ ਦੋਸ਼ੀਆਂ ਨੂੰ ਕਾਬੂ ਕਰਨ ’ਚ ਸਫਲ ਵੀ ਰਹੀ ਹੈ ਫਿਰ ਵੀ ਗਾਹੇ ਬਗਾਹੇ ਹੁੰਦੇ ਧਮਾਕੇ ਪੁਲਿਸ ਪ੍ਰਸ਼ਾਸ਼ਨ ਲਈ ਸਿਰਦਰਦੀ ਬਣਦੇ ਆ ਰਹੇ ਹਨ। ਇਸ ਤੋਂ ਇਲਾਵਾ ਫਿਰੌਤੀ ਮੰਗਣ, ਲੁੱਟਾਂ ਖੋਹਾਂ ਅਤੇ ਹੋਰ ਅਪਰਾਧਿਕ ਵਾਰਦਾਤਾਂ ਜਾਰੀ ਰਹਿਣ ਕਾਰਨ ਆਮ ਲੋਕਾਂ ਦਾ ਖੌਫ਼ਜ਼ਦਾ ਹੋਣਾ ਕੋਈ ਅਲੋਕਾਰੀ ਗੱਲ ਨਹੀਂ ਹੈ।
ਪੰਜਾਬ ਪੁਲਿਸ ਦੇ ਵਹੀ ਖਾਤਿਆਂ ਦੀ ਫਰੋਲਾ ਫਰਾਲੀ ਤੋਂ ਸਾਹਮਣੇ ਆਇਆ ਹੈ ਕਿ ਪਿਛਲੇ ਕਰੀਬ ਪੌਣੇ ਦੋ ਸਾਲ ਦੌਰਾਨ ਪੁਲਿਸ ਨੇ ਸਰਹੱਦੋਂ ਪਾਰ ਤੋਂ ਚਲਾਏ ਜਾਂਦੇ ਅਪਰਾਧਿਕ ਨੈਟਵਰਕ ਅਤੇ ਅੱਤਵਾਦ ਖਿਲਾਫ ਵੱਡੀਆਂ ਵੱਡੀਆਂ ਕਾਰਵਾਈਆਂ ਕੀਤੀਆਂ ਹਨ ਜਿਨ੍ਹਾਂ ਨਾਲ ਦਹਿਸ਼ਤਗਰਦੀ ਨੂੰ ਵੱਡੀ ਸੱਟ ਵੀ ਵੱਜੀ ਹੈ। ਸੁਰੱਖਿਆ ਏਜੰਸੀਆਂ ਦਾ ਵੀ ਮੰਨਣਾ ਹੈ ਕਿ ਏਦਾਂ ਦੇ ਆਪਰੇਸ਼ਨਾਂ ਕਾਰਨ ਪੰਜਾਬ ਪੁਲਿਸ ਦਹਿਸ਼ਤਗਰਦਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਨਿਸ਼ਾਨੇ ’ਤੇ ਹੈ। ਇੱਕ ਪੜਤਾਲ ਅਨੁਸਾਰ 2025 ਤੋਂ 2026 ਤੱਕ ਦੀ ਕਾਰਵਾਈ ਦੌਰਾਨ ਜਿਆਦਾਤਰ ਮਾਮਲੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅਤੇ ਪਾਕਿਸਤਾਨ ਦੀ ਸਰਪ੍ਰਸਤੀ ਪ੍ਰਾਪਤ ਨੈਟਵਰਕਾਂ ਦਾ ਪੰਜਾਬ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਇੰਨ੍ਹਾਂ ਦੇ ਤਾਰ ਪਾਕਿਸਤਾਨ ’ਚ ਬੈਠੇ ਸੰਚਾਲਕਾਂ ਅਤੇ ਵਿਦੇਸ਼ਾਂ ’ਚ ਸਰਗਰਮ ਖਾਲਿਸਤਾਨੀ ਸਮਰਥਕਾਂ ਨਾਲ ਜੁੜੇ ਹੋਣ ਦੇ ਤੱਥਾਂ ਦਾ ਖੁਲਾਸਾ ਹੋਇਆ ਸੀ। ਤਫਤੀਸ਼ ਦੌਰਾਨ ਵੱਖ ਵੱਖ ਕੇਸਾਂ ’ਚ ਹਰਵਿੰਦਰ ਰਿੰਦਾ ਅਤੇ ਮਨੂੰ ਅਗਵਾਨ ਆਦਿ ਨਾਮ ਸਾਹਮਣੇ ਆਏ ਸਨ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਡਰੋਨ ਰਾਹੀਂ ਹਥਿਆਰ , ਆਈਈਡੀ , ਹੈਂਡ ਗ੍ਰਨੇਡ ਅਤੇ ਆਰਡੀਐਕਸ ਵਰਗੇ ਖਤਰਨਾਕ ਪਦਾਰ ਪੰਜਾਬ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਮੋਹਾਲੀ ’ਚ ਕੈਬ ਚਾਲਕ ਹੱਤਿਆਕਾਂਡ ਦੀ ਜਾਂਚ ਦੌਰਾਨ ਗ੍ਰਿਫਤਾਰ ਤਿੰਨਾਂ ਮੁਲਾਜਮਾਂ ਦਾ ਸਬੰਧ ਜੈਸ਼ੇ ਮੁਹੰਮਦ ਨਾਲ ਹੋਣ ਦਾ ਦਾਅਵਾ ਕੀਤਾ ਸੀ। ਪੰਜਾਬ ਪੁਲਿਸ ਦੇ ਅਧਿਕਾਰਕ ਅੰਕੜਿਆਂ ਅਨੁਸਾਰ 2025 ਦੌਰਾਨ 19 ਅੱਤਵਾਦੀ ਮਾਡਿਊਲ ਤਬਾਹ ਕੀਤੇ ਗਏ, 131 ਵਿਅਕਤੀਆਂ ਨੂੰ ਗ੍ਰਿਫਤਾਰ ਅਤੇ 12 ਅੱਤਵਾਦੀ ਵਾਰਦਾਤਾਂ ਦਾ ਪਰਦਾਫਾਸ਼ ਕੀਤਾ ਗਿਆ ਸੀ। ਪੁਲਿਸ ਕਾਰਵਾਈ ਦੌਰਾਨ ਇੱਕ ਦਰਜਨ ਆਈਈਡੀ, 11.62 ਕਿੱਲੋ ਆਰਡੀਐਕਸ, 54 ਹੈਂਡ ਗ੍ਰਨੇਡ, 4 ਆਰਪੀਜੀ , 9 ਰਾਈਫਲਾਂ , 188 ਪਿਸਤੌਲ ਤੇ ਰਿਵਾਲਵਰ, 32 ਡੈਟੋਨੇਟਰ , ਰਿਮੋਟ ਨਾਲ ਕੰਟਰੋਲ ਹੋਣ ਵਾਲੇ 8 ਯੰਤਰ ਅਤੇ ਦੋ ਟਾਈਮਰ ਸਵਿੱਚ ਬਰਾਮਦ ਕੀਤੇ ਗਏ ਸਨ। ਇਸ ਤੋਂ ਪਹਿਲਾਂ ਸਾਲ 2024 ਅਤੇ ਹੁਣ 2026 ਦੌਰਾਨ ਵੀ ਪੁਲਿਸ ਨੇ ਕਈ ਅਹਿਮ ਪ੍ਰਾਪਤੀਆਂ ਕੀਤੀਆਂ ਹਨ।
ਥਾਣਿਆਂ ’ਤੇ ਧਮਾਕਿਆਂ ਦੀ ਲੜੀ ’ਚ 2024 ’ਚ ਪਹਿਲਾ ਹਮਲਾ 23 ਨਵੰਬਰ ਨੂੰ ਅਜਨਾਲਾ ਥਾਣੇ ’ਤੇ ਹੋਇਆ ਸੀ। ਏਦਾਂ ਹੀ 29 ਨਵੰਬਰ ਨੂੰ ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਵਿੱਚ ਪੁਲੀਸ ਚੌਕੀ ਨੇੜੇ ਧਮਾਕਾ ਹੋਇਆ ਜਦੋਂਕਿ 2 ਦਸੰਬਰ ਨੂੰ ਨਵਾਂ ਸ਼ਹਿਰ ਦੀ ਅਨਸਾਰੋ ਚੌਕੀ ਵਿੱਚ ਧਮਾਕਾ ਹੋਇਆ ਅਤੇ 4 ਦਸੰਬਰ ਨੂੰ ਅੰਮ੍ਰਿਤਸਰ ਦੇ ਥਾਣਾ ਮਜੀਠਾ ਗ੍ਰਨੇਡ ਧਮਾਕੇ ਵਿੱਚ ਥਾਣੇ ਦੀਆਂ ਖਿੜਕੀਆਂ ਟੁੱਟ ਗਈਆਂ ਸਨ। ਇਸੇ ਤਰ੍ਹਾਂ 13 ਦਸੰਬਰ ਨੂੰ ਬਟਾਲਾ ਦੇ ਥਾਣਾ ਘਣੀਆਂ ਕੇ ਬਾਂਗਰ ’ਤੇ ਹਮਲਾ ਹੋਇਆ ਅਤੇ 17 ਦਸੰਬਰ ਨੂੰ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ’ਤੇ ਹਮਲਾ ਕੀਤਾ ਗਿਆ। ਸੀ। ਅਪਰਾਧੀਆਂ ਦੀ ਦੀਦਾ ਦਲੇਰੀ ਦੇਖੋ ਜਿੰਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਧਮਾਕੇ ਦੀ ਧਮਕੀ ਦੇ ਦਿੱਤੀ ਸੀ। ਇਸ ਤੋਂ ਬਿਨਾਂ ਵੀ ਕੁੱਝ ਮਾਮਲੇ ਸਾਹਮਣੇ ਆਏ ਸਨ ਜਦੋਂਕਿ ਜੁਲਾਈ 2026 ’ਚ ਮੋਗਾ ਦੇ ਸਦਰ ਥਾਣੇ ਬਾਹਰ ਧਮਾਕਾ ਹੋਇਆ ਅਤੇ ਆਖਰੀ ਧਮਾਕਾ ਥਾਣਾ ਸਿਟੀ ਜਲਾਲਾਬਾਦ ਦਾ ਸੀ।
ਗੈਂਗਸਟਰਾਂ ਖਿਲਾਫ ਮੁਹਿੰਮ
ਪੰਜਾਬ ਪੁਲਿਸ ਅਨਮੋਲ ਬਿਸ਼ਨੋਈ ਸਮੇਤ ਕਈ ਖਤਰਨਾਕ ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਭਾਰਤ ਲਿਆਉਣ ’ਚ ਸਫਲ ਰਹੀ ਹੈ। ਸੁਰੱਖਿਆ ਸੂਤਰਾਂ ਮੁਤਾਬਕ ਸੂਬੇ ਵਿੱਚ ਗੈਂਗਸਟਰਾਂ ਦੇ ਦੋ ਵੱਡੇ ਗਰੁੱਪ ਹਨ, ਜਿਨ੍ਹਾਂ ਅਧੀਨ ਅੱਗੇ ਛੋਟੇ ਧੜੇ ਕੰਮ ਕਰਦੇ ਹਨ। ਨਾਮੀ ਗੈਂਗਸਟਰਾਂ ਵਿੱਚ ਲਾਰੈਂਸ ਬਿਸ਼ਨੋਈ , ਗੋਲਡੀ ਬਰਾੜ, ਬੰਬੀਹਾ ਗਰੁੱਪ , ਜੱਗੂ ਭਗਵਾਨਪੁਰੀਆ, ਅਰਸ਼ ਡੱਲਾ ਅਤੇ ਹੈਪੀ ਪਸ਼ੀਆ ਆਦਿ ਸਰਗਰਮ ਹਨ। ਗੈਂਗਸਟਰਾਂ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਅਗਵਾ, ਫਿਰੌਤੀ, ਕਤਲ, ਇਰਾਦਾ ਕਤਲ, ਡਕੈਤੀ ਅਤੇ ਅਸਲਾ ਐਕਟ ਦੀ ਉਲੰਘਣਾ ਸ਼ਾਮਲ ਹੈ। ਹਾਲੇ ਵੀ ਇਹ ਬਿਨਾਂ ਕਿਸੇ ਡਰ-ਭੈਅ ਤੋਂ ਪੁਲੀਸ ਨਾਲ ਲਗਾਤਾਰ ਲੁਕਣਮੀਚੀ ਖੇਡ ਰਹੇ ਹਨ।
ਦਾਅਵਿਆਂ ’ਤੇ ਖਰੀ ਉੱਤਰੀ ਪੁਲਿਸ
ਪੰਜਾਬ ਪੁਲਿਸ ਹੁਣ ਤੱਕ ਡੀਜੀਪੀ ਗੌਰਵ ਯਾਦਵ ਦੇ ਦਾਅਵਿਆਂ ’ਤੇ ਖਰੀ ਉੱਤਰਨ ’ਚ ਸਫਲ ਰਹੀ ਹੈ ਜੋ ਅਕਸਰ ਆਖਦੇ ਹਨ ਕਿ ਪੁਲਿਸ ਮਾੜੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦੇਵੇਗੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਬੇਸ਼ੱਕ ਪੁਲਿਸ ਦੇ ਅਧੁਨਿਕੀਕਰਨ ਲਈ ਕਾਫੀ ਕੰਮ ਹੋਇਆ ਹੈ ਪਰ ਅਪਰਾਧੀਆਂ ਵੱਲੋਂ ਵਰਤੀਆਂ ਜਾਂਦੀਆਂ ਆਧੁਨਿਕ ਤਕਨੀਕਾਂ ਨੂੰ ਦੇਖਦਿਆਂ ਅਪਰਾਧ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਨੂੰ ਸਮੇਂ ਦਾ ਹਾਣੀ ਬਨਾਉਣ ਵਾਸਤੇ ਅਜੇ ਵੀ ਬਹੁਤ ਕੁੱਝ ਕਰਨ ਦੀ ਲੋੜ ਹੈ। ਪੁਲੀਸ ਅਫ਼ਸਰ ਵੀ ਮੰਨਦੇ ਹਨ ਕਿ ਪੁਲਿਸ ਨੂੰ ਅਤੀਅਧੁਨਿਕ ਲੀਹਾਂ ਤੇ ਤੋਰਨਾ ਹੋਵੇਗਾ ਨਹੀਂ ਤਾਂ ਮੁਕੰਮਲ ਸਫਲਤਾ ਮਿਲਣੀ ਮੁਸ਼ਕਿਲ ਹੈ।
- Download Babushahi App
-
-