'ਪਾਰਟੀ ਨਾ ਦੇਖੋ, ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਦਿਓ ਸਾਥ': ਲੁਧਿਆਣਾ 'ਚ ਪੈਂਫਲੇਟ ਜਾਰੀ ਕਰਦਿਆਂ CM Mann ਦੀ ਪੰਜਾਬੀਆਂ ਨੂੰ ਅਪੀਲ
ਬਾਬੂਸ਼ਾਹੀ ਬਿਊਰੋ
ਲੁਧਿਆਣਾ, 19 ਸਤੰਬਰ, 2026 : ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਦੌਰਾਨ ਲੁਧਿਆਣਾ ਵਿਖੇ ਪਾਰਟੀ ਦਾ ਅਧਿਕਾਰਤ ਪੈਂਫਲੇਟ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਅਹਿਮ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਖਿਆ ਕਿ ਸਰਕਾਰ ਨੇ ਗਰੰਟੀਆਂ ਤੋਂ ਅੱਗੇ ਵਧ ਕੇ ਕੰਮ ਕੀਤਾ ਹੈ, ਜਿਸ ਵਿੱਚ 19 ਟੋਲ ਪਲਾਜ਼ੇ ਬੰਦ ਕਰਵਾਉਣਾ, ਸੜਕ ਸੁਰੱਖਿਆ ਬਲ (SSF) ਰਾਹੀਂ 2,700 ਤੋਂ ਵੱਧ ਕੀਮਤੀ ਜਾਨਾਂ ਬਚਾਉਣਾ ਅਤੇ ਨਿੱਜੀ ਥਰਮਲ ਪਲਾਂਟ ਖਰੀਦਣ ਵਰਗੇ ਇਤਿਹਾਸਕ ਫੈਸਲੇ ਸ਼ਾਮਲ ਹਨ, ਜੋ ਚੋਣ ਗਰੰਟੀਆਂ ਵਿੱਚ ਵੀ ਸ਼ਾਮਲ ਨਹੀਂ ਸਨ।
ਰਵਾਇਤੀ ਸਿਆਸੀ ਧਿਰਾਂ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ 75 ਸਾਲ ਪੰਜਾਬ 'ਤੇ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਸੂਬੇ ਨੂੰ ਲੁੱਟਣ ਤੋਂ ਇਲਾਵਾ ਸਿਰਫ਼ ਨਸ਼ੇ ਅਤੇ ਬੇਰੁਜ਼ਗਾਰੀ ਹੀ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਖਬਰਦਾਰ ਕਰਦਿਆਂ ਕਿਹਾ ਕਿ ਜੇਕਰ ਇਹ ਲੋਕ ਮੁੜ ਸੱਤਾ ਵਿੱਚ ਆਏ ਤਾਂ ਜਨਤਾ ਨੂੰ ਮਿਲ ਰਹੀ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕਾਂ ਦੀਆਂ ਸਹੂਲਤਾਂ, ਖੇਤਾਂ ਤੱਕ ਪਹੁੰਚ ਰਿਹਾ ਨਹਿਰੀ ਪਾਣੀ ਅਤੇ ਬਿਨਾਂ ਰਿਸ਼ਵਤ-ਸਿਫਾਰਿਸ਼ ਮਿਲ ਰਹੀਆਂ ਯੋਗਤਾ ਆਧਾਰਿਤ ਨੌਕਰੀਆਂ ਬੰਦ ਕਰ ਦਿੱਤੀਆਂ ਜਾਣਗੀਆਂ।
ਜਨਤਾ ਨੂੰ ਭਾਵੁਕ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਰਕਾਰ ਦਾ ਸਾਥ ਦੇਣ। ਉਨ੍ਹਾਂ ਪੰਜਾਬੀਆਂ ਨੂੰ "ਕੱਟੜ ਇਮਾਨਦਾਰ ਸਰਕਾਰ ਦੁਬਾਰਾ" ਦਾ ਨਾਅਰਾ ਦਿੰਦਿਆਂ 'ਇਨਕਲਾਬ ਜ਼ਿੰਦਾਬਾਦ' ਦੇ ਜੈਕਾਰੇ ਨਾਲ ਸੂਬੇ ਦੀ ਤਰੱਕੀ ਦੀ ਲੜਾਈ ਨੂੰ ਜਾਰੀ ਰੱਖਣ ਦਾ ਅਹਿਦ ਲਿਆ।
- Download Babushahi App
-
-