DC ਬਠਿੰਡਾ ਵੱਲੋਂ ਜੂਨੀਅਰ ਏਸ਼ੀਆ ਗੋਲਡ ਮੈਡਲਿਸਟ ਹਾਕੀ ਖਿਡਾਰਨ ਸੁਖਵੀਰ ਕੌਰ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ 2026 : ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਈ ਰੂਪਾ ਦੀ 20 ਸਾਲਾ ਜੂਨੀਅਰ ਏਸ਼ੀਆ ਗੋਲਡ ਮੈਡਲਿਸਟ ਹਾਕੀ ਖਿਡਾਰਨ ਖਿਡਾਰਨ ਸੁਖਵੀਰ ਕੌਰ ਨੂੰ ਹਾਲ ਹੀ ਵਿੱਚ ਚੀਨ ਵਿਖੇ ਹੋਏ ਏਸ਼ੀਅਨ ਹਾਕੀ ਫੈਡਰੇਸ਼ਨ ਮਹਿਲਾ ਜੂਨੀਅਰ ਏਸ਼ੀਆ ਕੱਪ-2026 ਵਿੱਚ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।ਆਪਣੇ ਦਫ਼ਤਰ ਵਿਖੇ ਸੁਖਵੀਰ ਕੌਰ ਨਾਲ ਮੁਲਾਕਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੁਖਵੀਰ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਸਦਕਾ ਇਸ ਟੀਮ ਵਿੱਚ ਆਪਣੀ ਥਾਂ ਬਣਾਈ ਹੈ। ਉਨ੍ਹਾਂ ਕਿਹਾ ਕਿ ਸੁਖਵੀਰ ਪੰਜਾਬ ਦੀ ਇਕਲੌਤੀ ਮਹਿਲਾ ਖਿਡਾਰਨ ਹੈ ਜੋ ਇਸ ਟੀਮ ਦਾ ਹਿੱਸਾ ਬਣੀ, ਜਿਸ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਸੁਖਵੀਰ ਨੂੰ ਸਫ਼ਲਤਾ ਦੇ ਬਾਵਜੂਦ ਹਮੇਸ਼ਾ ਨਿਮਰ ਰਹਿਣ ਅਤੇ ਇਸ ਪ੍ਰਾਪਤੀ ਤੋਂ ਉਤਸ਼ਾਹਿਤ ਹੋ ਕੇ ਭਵਿੱਖ ਵਿੱਚ ਹੋਰ ਬਿਹਤਰ ਪ੍ਰਦਰਸ਼ਨ ਲਈ ਯਤਨ ਕਰਨ ਦੀ ਸਲਾਹ ਦਿੱਤੀ।
ਸੁਖਵੀਰ ਕੌਰ 9 ਸਾਲ ਦੀ ਉਮਰ ਤੋਂ ਹੀ ਖੇਡਾਂ ਨਾਲ ਜੁੜੀ ਹੋਈ ਹੈ। ਉਸ ਨੇ ਸ਼ੁਰੂਆਤ ਵਿੱਚ ਅਥਲੈਟਿਕਸ ਨੂੰ ਅਪਣਾਇਆ ਅਤੇ ਬਾਅਦ ਵਿੱਚ ਖੇਡ ਵਿਭਾਗ ਵੱਲੋਂ ਕਰਵਾਏ ਗਏ ਟਰਾਇਲਾਂ ਦੌਰਾਨ ਹਾਕੀ ਖੇਡਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਹੁਣ ਉਹ ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਲਈ ਖੇਡ ਰਹੀ ਹੈ। ਇਸ ਸਮੇਂ ਉਹ ਉੜੀਸ਼ਾ ਵਿਖੇ ਸਿਖਲਾਈ ਹਾਸਲ ਕਰ ਰਹੀ ਹੈ।ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਅਥਲੈਟਿਕਸ ਵਿੱਚ ਸ਼ੁਰੂਆਤੀ ਸਿਖਲਾਈ ਨੇ ਸੁਖਵੀਰ ਦੀ ਸਹਿਣਸ਼ਕਤੀ (ਸਟੈਮਿਨਾ) ਫੁੱਟ ਵਰਕ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਦਾ ਉਸ ਨੂੰ ਹਾਕੀ ਦੇ ਮੈਦਾਨ ਵਿੱਚ ਵੀ ਲਾਭ ਮਿਲਿਆ।ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਸੁਖਵੀਰ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਵੱਲੋਂ ਉਸ ਨੂੰ ਖੇਡਾਂ ਨਾਲ ਜੁੜਨ ਲਈ ਦਿੱਤੇ ਹੌਸਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੁਖਵੀਰ ਆਪਣੀ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਹੌਂਸਲੇ ਸਦਕਾ ਹੋਰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਭਾਈ ਰੂਪਾ ਵਿਖੇ ਖੇਡ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਹੋਰ ਨੌਜਵਾਨ ਵੀ ਖੇਡਾਂ ਨਾਲ ਜੁੜ ਸਕਣ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਹਦਾਇਤ ਕੀਤੀ ਕਿ ਜਿੱਥੇ ਮਹਿਲਾ ਖਿਡਾਰਨਾਂ ਅਭਿਆਸ ਕਰਦੀਆਂ ਹਨ, ਉੱਥੇ ਢੁਕਵੇਂ ਪਖਾਨਿਆਂ ਦੀ ਵਿਵਸਥਾ ਯਕੀਨੀ ਬਣਾਈ ਜਾਵੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਕੰਚਨ, ਸੁਖਵੀਰ ਦੇ ਪਿਤਾ ਸ੍ਰੀ ਚਮਕੌਰ ਸਿੰਘ ਅਤੇ ਪਿੰਡ ਯੂਥ ਕਲੱਬ ਦੇ ਪ੍ਰਧਾਨ ਸ੍ਰੀ ਜਰਨੈਲ ਸਿੰਘ ਵੀ ਹਾਜ਼ਰ ਸਨ।