ਜਪਾਨ ’ਚ ਏਸ਼ੀਆਈ ਖੇਡਾਂ ਦਾ ਮਹਾਕੁੰਭ, ਪੰਜਾਬ ਦੇ 7 ਐਥਲੀਟਾਂ ’ਤੇ ਵੀ ਨਜ਼ਰਾਂ
-19 ਸਤੰਬਰ ਤੋਂ 4 ਅਕਤੂਬਰ ਤੱਕ ਆਇਚੀ-ਨਾਗੋਆ ਵਿੱਚ 20ਵੀਆਂ ਏਸ਼ੀਆਈ ਖੇਡਾਂ; 43 ਖੇਡਾਂ ਦੇ 469 ਮੈਡਲ ਇਵੈਂਟਸ, ਭਾਰਤ ਦਾ ਅਪਡੇਟਡ 503 ਮੈਂਬਰੀ ਖਿਡਾਰੀ ਦਲ
ਸੁਖਮਿੰਦਰ ਭੰਗੂ
18 ਸਤੰਬਰ 2026- ਏਸ਼ੀਆ ਮਹਾਦੀਪ ਦੇ ਸਭ ਤੋਂ ਵੱਡੇ ਬਹੁ-ਖੇਡ ਮਹਾਂਉਤਸਵ 20ਵੀਆਂ ਏਸ਼ੀਆਈ ਖੇਡਾਂ ਲਈ ਜਪਾਨ ਤਿਆਰ ਹੈ। ਆਇਚੀ-ਨਾਗੋਆ ਏਸ਼ੀਆਈ ਖੇਡਾਂ 19 ਸਤੰਬਰ ਤੋਂ 4 ਅਕਤੂਬਰ 2026 ਤੱਕ ਕਰਵਾਈਆਂ ਜਾਣਗੀਆਂ। ਜਪਾਨ ਤੀਜੀ ਵਾਰ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਟੋਕੀਓ ਨੇ 1958 ਅਤੇ ਹੀਰੋਸ਼ੀਮਾ ਨੇ 1994 ਵਿੱਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਇਸ ਵਾਰ ਖੇਡਾਂ ਦੇ ਪ੍ਰੋਗਰਾਮ ਵਿੱਚ 43 ਖੇਡਾਂ ਅਤੇ 469 ਮੈਡਲ ਇਵੈਂਟਸ ਸ਼ਾਮਲ ਹਨ। ਮੁਕਾਬਲੇ ਸਿਰਫ਼ ਨਾਗੋਆ ਜਾਂ ਆਇਚੀ ਤੱਕ ਸੀਮਤ ਨਹੀਂ ਰਹਿਣਗੇ, ਸਗੋਂ ਜਪਾਨ ਦੇ ਹੋਰ ਸ਼ਹਿਰਾਂ ਵਿੱਚ ਵੀ ਕੁਝ ਮੁਕਾਬਲੇ ਕਰਵਾਏ ਜਾਣਗੇ। ਤੈਰਾਕੀ, ਡਾਈਵਿੰਗ ਅਤੇ ਘੁੜਸਵਾਰੀ ਵਰਗੇ ਕੁਝ ਮੁਕਾਬਲੇ ਟੋਕੀਓ ਸਮੇਤ ਹੋਰ ਸਥਾਨਾਂ ’ਤੇ ਵੀ ਹੋਣਗੇ।
ਲਾਸ ਏਂਜਲਸ ਓਲੰਪਿਕ ਲਈ ਵੀ ਮਹੱਤਵਪੂਰਨ
ਆਇਚੀ-ਨਾਗੋਆ ਏਸ਼ੀਆਈ ਖੇਡਾਂ ਦੀ ਮਹੱਤਤਾ ਇਸ ਕਰਕੇ ਵੀ ਵਧ ਜਾਂਦੀ ਹੈ ਕਿ ਕੁਝ ਖੇਡਾਂ ਵਿੱਚ ਇੱਥੋਂ ਦੇ ਨਤੀਜੇ 2028 ਲਾਸ ਏਂਜਲਸ ਓਲੰਪਿਕ ਲਈ ਕੁਆਲੀਫਿਕੇਸ਼ਨ ਨਾਲ ਜੁੜੇ ਹਨ। ਖਾਸ ਤੌਰ ’ਤੇ ਹਾਕੀ ਦੇ ਪੁਰਸ਼ ਅਤੇ ਮਹਿਲਾ ਮੁਕਾਬਲਿਆਂ ਦੇ ਏਸ਼ੀਆਈ ਖੇਡਾਂ ਦੇ ਜੇਤੂਆਂ ਨੂੰ ਲਾਸ ਏਂਜਲਸ ਓਲੰਪਿਕ ਲਈ ਸਿੱਧਾ ਕੋਟਾ ਮਿਲੇਗਾ।
ਕ੍ਰਿਕਟ ਵੀ ਇਨ੍ਹਾਂ ਖੇਡਾਂ ਵਿੱਚ ਟੀ-20 ਫਾਰਮੈਟ ਨਾਲ ਵਾਪਸੀ ਕਰ ਰਿਹਾ ਹੈ ਅਤੇ 2028 ਲਾਸ ਏਂਜਲਸ ਓਲੰਪਿਕ ਵਿੱਚ ਕ੍ਰਿਕਟ ਦੀ ਵਾਪਸੀ ਕਾਰਨ ਇਸ ਦਾ ਮਹੱਤਵ ਹੋਰ ਵਧ ਗਿਆ ਹੈ।
ਭਾਰਤ ਦਾ ਦਲ 503 ਖਿਡਾਰੀਆਂ ਤੱਕ ਪੁੱਜਿਆ
ਭਾਰਤ ਲਈ ਸ਼ੁਰੂ ਵਿੱਚ 492 ਖਿਡਾਰੀਆਂ ਦੇ ਦਲ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਵਿੱਚ 265 ਪੁਰਸ਼ ਅਤੇ 227 ਮਹਿਲਾ ਖਿਡਾਰੀ ਸ਼ਾਮਲ ਸਨ। ਪਰ ਬਾਅਦ ਵਿੱਚ ਚਾਰ ਸਰਫਰਾਂ, ਛੇ ਐਥਲੀਟਾਂ ਅਤੇ ਇੱਕ MMA ਖਿਡਾਰੀ ਦੇ ਸ਼ਾਮਲ ਹੋਣ ਨਾਲ ਭਾਰਤ ਦਾ ਖਿਡਾਰੀ ਦਲ ਵਧ ਕੇ 503 ਹੋ ਗਿਆ ਹੈ—269 ਪੁਰਸ਼ ਅਤੇ 234 ਮਹਿਲਾ ਖਿਡਾਰੀ। ਭਾਰਤੀ ਦਲ 36 ਖੇਡਾਂ/ਡਿਸ਼ਪਲਿਨਾਂ ਵਿੱਚ ਹਿੱਸਾ ਲੈ ਰਿਹਾ ਹੈ।
ਐਥਲੈਟਿਕਸ ਭਾਰਤ ਦੇ ਸਭ ਤੋਂ ਵੱਡੇ ਦਲਾਂ ਵਿੱਚੋਂ ਇੱਕ ਹੈ। Athletics Federation of India ਦੀ ਮੌਜੂਦਾ ਸੂਚੀ ਮੁਤਾਬਕ 77 ਭਾਰਤੀ ਐਥਲੀਟ ਏਸ਼ੀਆਈ ਖੇਡਾਂ ਵਿੱਚ ਉਤਰਣਗੇ। ਇਸ ਵਿੱਚ ਟੋਕੀਓ ਓਲੰਪਿਕ ਚੈਂਪੀਅਨ ਨੀਰਜ ਚੋਪੜਾ, ਦੋ ਵਾਰ ਦੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਤਜਿੰਦਰਪਾਲ ਸਿੰਘ ਤੂਰ, ਅਵਿਨਾਸ਼ ਸਾਬਲੇ ਅਤੇ ਪਾਰੁਲ ਚੌਧਰੀ ਵਰਗੇ ਨਾਮ ਸ਼ਾਮਲ ਹਨ।
ਪੰਜਾਬ ਦੇ ਐਥਲੈਟਿਕਸ ਦਲ ਵਿੱਚ ਵਾਧਾ
ਪੰਜਾਬ ਲਈ ਵੀ ਇਸ ਵਾਰ ਐਥਲੈਟਿਕਸ ਵਿੱਚ ਹਿੱਸੇਦਾਰੀ ਖਾਸ ਧਿਆਨ ਖਿੱਚ ਰਹੀ ਹੈ। ਪੰਜਾਬ ਨਾਲ ਸਬੰਧਤ ਖਿਡਾਰੀਆਂ ਵਿੱਚ ਗੁਰਿੰਦਰਵੀਰ ਸਿੰਘ, ਤਜਿੰਦਰਪਾਲ ਸਿੰਘ ਤੂਰ, ਕਰਨਵੀਰ ਸਿੰਘ, ਨਿਹਾਰਿਕਾ ਵਸ਼ਿਸ਼ਟ, ਮੰਜੂ ਰਾਣੀ, ਰਸ਼ਦੀਪ ਕੌਰ ਅਤੇ ਦਮਨੀਤ ਸਿੰਘ ਸ਼ਾਮਲ ਹਨ।
ਜਲੰਧਰ ਦੇ ਗੁਰਿੰਦਰਵੀਰ ਸਿੰਘ ਪੁਰਸ਼ 100 ਮੀਟਰ ਅਤੇ ਰਿਲੇਅ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਉਹ 2026 ਵਿੱਚ 10.09 ਸਕਿੰਟ ਦੇ ਰਾਸ਼ਟਰੀ ਰਿਕਾਰਡ ਨਾਲ ਭਾਰਤ ਦੇ ਸਭ ਤੋਂ ਤੇਜ਼ ਪੁਰਸ਼ ਦੌੜਾਕ ਬਣੇ ਸਨ।
ਮੋਗਾ ਦੇ ਤਜਿੰਦਰਪਾਲ ਸਿੰਘ ਤੂਰ ਪੁਰਸ਼ ਸ਼ਾਟਪੁੱਟ ਵਿੱਚ ਉਤਰਣਗੇ। ਉਨ੍ਹਾਂ ਦਾ ਨਿਸ਼ਾਨਾ ਏਸ਼ੀਆਈ ਖੇਡਾਂ ਵਿੱਚ ਲਗਾਤਾਰ ਤੀਜਾ ਸੋਨ ਤਮਗਾ ਜਿੱਤਣਾ ਹੋਵੇਗਾ। ਉਨ੍ਹਾਂ ਦੇ ਨਾਲ ਕਰਨਵੀਰ ਸਿੰਘ ਵੀ ਸ਼ਾਟਪੁੱਟ ਵਿੱਚ ਭਾਰਤ ਵੱਲੋਂ ਮੁਕਾਬਲਾ ਕਰਨਗੇ।
ਮੋਹਾਲੀ ਦੀ ਨਿਹਾਰਿਕਾ ਵਸ਼ਿਸ਼ਟ ਮਹਿਲਾ ਟ੍ਰਿਪਲ ਜੰਪ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਉਸ ਨੇ ਇਸ ਸਾਲ ਦਿੱਲੀ ਵਿੱਚ 13.41 ਮੀਟਰ ਦੀ ਛਾਲ ਨਾਲ ਏਸ਼ੀਆਈ ਖੇਡਾਂ ਦਾ ਕੁਆਲੀਫਿਕੇਸ਼ਨ ਮਾਰਕ ਪਾਰ ਕੀਤਾ ਸੀ।
ਮੰਜੂ ਰਾਣੀ ਮਹਿਲਾ ਮੈਰਾਥਨ ਰੇਸ ਵਾਕ ਵਿੱਚ ਉਤਰਣਗੇ। 2023 ਏਸ਼ੀਆਈ ਖੇਡਾਂ ਵਿੱਚ ਉਹ ਮਿਕਸਡ ਟੀਮ 35 ਕਿਲੋਮੀਟਰ ਰੇਸ ਵਾਕ ਵਿੱਚ ਕਾਂਸੀ ਦਾ ਤਮਗਾ ਜਿੱਤ ਚੁੱਕੇ ਹਨ। 2026 ਵਿੱਚ ਉਨ੍ਹਾਂ ਨੇ 42.195 ਕਿਲੋਮੀਟਰ ਮੈਰਾਥਨ ਰੇਸ ਵਾਕ ਵਿੱਚ 3:33:24 ਦਾ ਰਾਸ਼ਟਰੀ ਰਿਕਾਰਡ ਵੀ ਬਣਾਇਆ ਸੀ।
ਸੰਗਰੂਰ ਦੀ ਰਸ਼ਦੀਪ ਕੌਰ ਮਹਿਲਾ 4×400 ਮੀਟਰ ਅਤੇ ਮਿਕਸਡ 4×400 ਮੀਟਰ ਰਿਲੇਅ ਟੀਮ ਦਾ ਹਿੱਸਾ ਹੈ। ਉਸ ਨੇ 2026 ਇੰਟਰ-ਸਟੇਟ ਚੈਂਪੀਅਨਸ਼ਿਪ ਵਿੱਚ 53.61 ਸਕਿੰਟ ਦਾ ਸਮਾਂ ਕੱਢ ਕੇ ਏਸ਼ੀਆਈ ਖੇਡਾਂ ਦਾ ਕੁਆਲੀਫਿਕੇਸ਼ਨ ਮਾਰਕ ਪਾਰ ਕੀਤਾ ਸੀ।
ਬਰਨਾਲਾ ਦੇ ਦਮਨੀਤ ਸਿੰਘ ਪੁਰਸ਼ ਹੈਮਰ ਥ੍ਰੋਅ ਵਿੱਚ ਭਾਰਤ ਦੀ ਚੁਣੌਤੀ ਪੇਸ਼ ਕਰਨਗੇ। ਉਨ੍ਹਾਂ ਨੇ ਇੰਟਰ-ਸਟੇਟ ਚੈਂਪੀਅਨਸ਼ਿਪ ਵਿੱਚ 69.72 ਮੀਟਰ ਦੀ ਥ੍ਰੋਅ ਨਾਲ ਏਸ਼ੀਆਈ ਖੇਡਾਂ ਦਾ ਕੁਆਲੀਫਿਕੇਸ਼ਨ ਮਾਰਕ ਹਾਸਲ ਕੀਤਾ ਸੀ।
ਇਸ ਤਰ੍ਹਾਂ ਪੰਜਾਬ ਦੀ ਨੁਮਾਇੰਦਗੀ ਵਿੱਚ ਸਪ੍ਰਿੰਟ, ਸ਼ਾਟਪੁੱਟ, ਟ੍ਰਿਪਲ ਜੰਪ, ਰੇਸ ਵਾਕ, ਰਿਲੇਅ ਅਤੇ ਹੈਮਰ ਥ੍ਰੋਅ ਵਰਗੇ ਵੱਖ-ਵੱਖ ਐਥਲੈਟਿਕਸ ਇਵੈਂਟ ਸ਼ਾਮਲ ਹਨ। ਜਪਾਨ ਦੀ ਧਰਤੀ ’ਤੇ ਪੰਜਾਬ ਦੇ ਇਹ ਖਿਡਾਰੀ ਆਪਣੀ ਤਿਆਰੀ ਨੂੰ ਪ੍ਰਦਰਸ਼ਨ ਵਿੱਚ ਬਦਲਣ ਲਈ ਮੈਦਾਨ ਵਿੱਚ ਉਤਰਣਗੇ।
- Download Babushahi App
-
-