ਜਿਮ ਦਾ ਲੰਗਰ’ ਮੁਹਿੰਮ ਤਹਿਤ ਸੈਂਟਰਲ ਖ਼ਾਲਸਾ ਯਤੀਮਖਾਨੇ ’ਚ ਚੋਥੇ ਜਿਮ ਦਾ ਉਦਘਾਟਨ
ਡਾ. ਅਵਤਾਰ ਸਿੰਘ ਦਾ ਸੱਦਾ—‘ਨਸ਼ਿਆਂ ਤੋਂ ਮੁੜੋ, ਖੇਡਾਂ ਨਾਲ ਜੁੜੋ
ਡਾਕਟਰ ਇੰਦਰਬੀਰ ਸਿੰਘ ਨਿਜਰ ਨੇ ਉਪਰਾਲੇ ਦਾ ਕੀਤਾ ਸਵਾਗਤ
ਕੁਲਵਿੰਦਰ ਸਿੰਘ
ਅੰਮ੍ਰਿਤਸਰ 19 ਸਤੰਬਰ
ਅੰਮ੍ਰਿਤਸਰ: ਉਡਾਣ ਟ੍ਰੱਸਟ ਦੇ ਚੇਅਰਮੈਨ, ਅਮਨਦੀਪ ਹਸਪਤਾਲ ਦੇ ਡਾਇਰੈਕਟਰ ਤੇ ਔਰਥੋਪੀਡਿਕਸ ਵਿਭਾਗ ਦੇ ਚੇਅਰਮੈਨ ਡਾ. ਅਵਤਾਰ ਸਿੰਘ ਵੱਲੋਂ ਆਪਣੀ ‘ਜਿਮ ਦਾ ਲੰਗਰ ਮੁਹਿੰਮ ਦੀ ਲੜੀ ਤਹਿਤ ਵੀਰਵਾਰ, 17 ਸਤੰਬਰ, 2026 ਨੂੰ ਪੁਤਲੀਘਰ, ਅੰਮ੍ਰਿਤਸਰ ਸਥਿਤ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਚੌਥੇ ਜਿਮ ਦਾ ਉਦਘਾਟਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕੀਤੀ। ਇਸ ਮੌਕੇ ਉਡਾਣ ਟ੍ਰੱਸਟ ਦੇ ਐਗਜ਼ੈਕਟਿਵ ਡਾਇਰੈਕਟਰ ਡਾ. ਰਾਕੇਸ਼ ਜੋਸ਼ੀ, ਡਾ. ਆਤਮਜੀਤ ਸਿੰਘ ਬਸਰਾ, ਸ. ਮੋਹਨਜੀਤ ਸਿੰਘ ਭੱਲਾ, ਸ. ਲਖਵਿੰਦਰ ਸਿੰਘ ਢਿਲੋਂ, ਸ. ਵਰਿਆਮ ਸਿੰਘ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।
ਕੰਬੋਜ ਸਭਾ (ਰਜਿ.) ਅੰਮ੍ਰਿਤਸਰ ਦੇ ਮੁਖੀ ਡਾ. ਅਵਤਾਰ ਸਿੰਘ ਨੇ ਇਸ ਬਾਰੇ ਮੀਡੀਆ ਨੂੰ ਵਿਸਥਾਰਪੂਰਬਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜਿਸ ਯਤੀਮਖਾਨੇ ਵਿੱਚ ਤੀਜੇ ਜਿਮ ਦਾ ਉਦਘਾਟਨ ਕੀਤਾ ਗਿਆ ਹੈ, ਇਸ ਨਾਲ ਮਹਾਨ ਸ਼ਹੀਦ ਊਧਮ ਸਿੰਘ ਦੀਆਂ ਬਚਪਨ ਦੀਆਂ ਯਾਦਾਂ ਵੀ ਜੁੜੀਆਂ ਹੋਈਆਂ ਹਨ। ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਊਧਮ ਸਿੰਘ ਹਾਲੇ ਨਿੱਕੇ ਬੱਚੇ ਹੀ ਸਨ, ਜਦੋਂ ਉਨ੍ਹਾਂ ਦੇ ਮਾਪਿਆਂ ਦਾ ਦੇਹਾਂਤ ਹੋ ਗਿਆ ਸੀ। ਭਾਈ ਕਿਸ਼ਨ ਸਿੰਘ ਰਾਗੀ ਤਦ ਊਧਮ ਸਿੰਘ ਤੇ ਉਨ੍ਹਾਂ ਦੇ ਵੱਡੇ ਭਰਾ ਮੁਕਤਾ ਸਿੰਘ ਨੂੰ ਇਸੇ ਯਤੀਮਖਾਨੇ ਵਿੱਚ ਪਹਿਲੀ ਵਾਰ ਲੈ ਕੇ ਆਏ ਸਨ। ਤਦ ਊਧਮ ਸਿੰਘ ਦਾ ਨਾਂ ਸ਼ੇਰ ਸਿੰਘ ਹੁੰਦਾ ਸੀ। ਉਨ੍ਹਾਂ ਨੂੰ ‘ਊਧਮ ਸਿੰਘ’ ਨਾਂ ਵੀ ਇਸੇ ਯਤੀਮਖਾਨੇ ਵਿੱਚ ਆ ਕੇ ਮਿਲਿਆ ਸੀ।
ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਲਾਗਲੇ ਪਿੰਡਾਂ ਬੋਹੜੂ ਤੇ ਖੈਰਦੀਨ ਵਿੱਚ ਦੋ ਜਿਮ ਖੋਲ੍ਹੇ ਜਾ ਚੁੱਕੇ ਹਨ, ਜਿੱਥੇ ਨੌਜਵਾਨ ਕਸਰਤ ਕਰਕੇ ਤੰਦਰੁਸਤੀ ਵੱਲ ਕਦਮ ਵਧਾ ਰਹੇ ਹਨ। ਇਸ ਦੇ ਨਾਲ ਹੀ ਉਹ ਹੋਰਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ‘ਜਿਮ ਦਾ ਲੰਗਰ’ ਮੁਹਿੰਮ ਤਹਿਤ ਤੀਜਾ ਜਿਮ ਖੋਲ੍ਹਣ ਸਮੇਂ ‘ਆਓ ਪੰਜਾਬੀਓ ਤਕੜੇ ਹੋਈਏ, ਨਸ਼ੇ ਮੁਕਾਈਏ’ ਦਾ ਸੱਦਾ ਵੀ ਦਿੱਤਾ ਗਿਆ ਹੈ।
ਡਾ. ਅਵਤਾਰ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਨੌਜਵਾਨਾਂ ਨੂੰ ‘ਨਸ਼ਿਆਂ ਤੋਂ ਮੁੜੋ, ਖੇਡਾਂ ਨਾਲ ਜੁੜੋ’ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੱਥੇ ਤੋਂ ਹੁਣ ‘ਉੜਤਾ ਪੰਜਾਬ’ ਦਾ ਦਾਗ਼ ਲਾਹੁਣਾ ਸਮੂਹ ਪੰਜਾਬੀਆਂ ਦਾ ਪ੍ਰਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਅਰੰਭੀ ਗਈ ਲੰਗਰ ਦੀ ਪ੍ਰਥਾ ਨੂੰ ਸ੍ਰੀ ਗੁਰੂ ਅਮਰ ਦਾਸ ਜੀ ਨੇ ਹੋਰ ਮਜ਼ਬੂਤ ਕੀਤਾ ਸੀ। ਉਸੇ ਪ੍ਰੰਪਰਾ ਨੂੰ ਹੁਣ ਆਧੁਨਿਕ ਰੂਪ ਵਿੱਚ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੇ ਆਲ਼ੇ-ਦੁਆਲ਼ੇ ਦੇ ਇਲਾਕਿਆਂ ਵਿੱਚ 50 ਜਿਮ ਖੋਲ੍ਹਣ ਦਾ ਸੰਕਲਪ ਲਿਆ ਗਿਆ ਹੈ। ਉਸੇ ਲੜੀ ਅਧੀਨ ਹੁਣ ਤੀਜੇ ਜਿਮ ਦੀ ਸ਼ੁਰੂਆਤ ਹੋ ਗਈ ਹੈ, ਜੋ ਗੁਰੂ ਸਾਹਿਬਾਨ ਦੀ ਕ੍ਰਿਪਾ ਤੇ ਬਖ਼ਸ਼ਿਸ਼ ਨਾਲ ਜਾਰੀ ਰੱਖੀ ਜਾਵੇਗੀ।
ਡਾ. ਅਵਤਾਰ ਸਿੰਘ ਨੇ ਕਿਹਾ ਕਿ ਇਹ ਸਿਰਫ਼ ਜਿਮ ਬਣਾਉਣ ਦੀ ਗੱਲ ਨਹੀਂ। ਇਹ ਮਜ਼ਬੂਤ ਪੀੜ੍ਹੀ ਬਣਾਉਣ ਦੀ ਗੱਲ ਹੈ, ਤੰਦਰੁਸਤ ਪੰਜਾਬ ਦੀ ਗੱਲ ਹੈ ਅਤੇ ਸਾਡੇ ਨੌਜਵਾਨਾਂ ਦੇ ਚਮਕਦੇ ਭਵਿੱਖ ਦੀ ਗੱਲ ਹੈ। ਪੰਜਾਬ ਹਮੇਸ਼ਾ ਤਾਕਤ, ਹਿੰਮਤ ਅਤੇ ਖੇਡਾਂ ਦੀ ਰੂਹ ਲਈ ਜਾਣਿਆ ਗਿਆ ਹੈ। ਸਾਡੇ ਨੌਜਵਾਨਾਂ ਵਿੱਚ ਬੇਅੰਤ ਪ੍ਰਤਿਭਾ ਹੈ, ਅਥਾਹ ਸਮਰੱਥਾ ਹੈ। ਪਰ ਅੱਜ ਅਸੀਂ ਇੱਕ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ—ਨਸ਼ਿਆਂ ਦੀ ਵਧਦੀ ਬੁਰਾਈ। ਇਹ ਸਮੱਸਿਆ ਸਿਰਫ਼ ਵਿਅਕਤੀਆਂ ਨੂੰ ਨਹੀਂ, ਸਗੋਂ ਪਰਿਵਾਰਾਂ ਨੂੰ, ਪਿੰਡਾਂ ਨੂੰ ਅਤੇ ਸਾਡੇ ਸਮਾਜ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਰਹੀ ਹੈ। ਅਜਿਹੀ ਹਾਲਤ ਵਿੱਚ ਅਸੀਂ ਮੂਕ ਦਰਸ਼ਕ ਬਣੇ ਨਹੀਂ ਰਹਿ ਸਕਦੇ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਰਾਹੀਂ ਉਹ ਆਪਣੇ ਨੌਜਵਾਨਾਂ ਨੂੰ ਇੱਕ ਵਧੀਆ ਭਵਿੱਖ ਦੇਣਾ ਚਾਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਨੌਜਵਾਨ ਆਪਣਾ ਸਮਾਂ ਫਿਟਨੈੱਸ, ਖੇਡਾਂ, ਅਨੁਸ਼ਾਸਨ ਅਤੇ ਸਵੈ-ਸੁਧਾਰ ਵਿੱਚ ਲਗਾਉਣ। ਜਿਮ ਸਿਰਫ਼ ਮਾਸਪੇਸ਼ੀਆਂ ਬਣਾਉਣ ਦੀ ਥਾਂ ਨਹੀਂ—ਇਹ ਆਤਮ-ਵਿਸ਼ਵਾਸ, ਦ੍ਰਿੜਤਾ ਅਤੇ ਉਮੀਦ ਬਣਾਉਣ ਦੀ ਥਾਂ ਹੈ। ਜਦੋਂ ਸਾਡਾ ਨੌਜਵਾਨ ਨਸ਼ਿਆਂ ਦੀ ਥਾਂ ਫਿਟਨੈੱਸ ਚੁਣਦਾ ਹੈ, ਨਿਰਾਸ਼ਾ ਦੀ ਥਾਂ ਅਨੁਸ਼ਾਸਨ ਚੁਣਦਾ ਹੈ ਅਤੇ ਕਮਜ਼ੋਰੀ ਦੀ ਥਾਂ ਤਾਕਤ ਚੁਣਦਾ ਹੈ—ਉਹ ਪੂਰੇ ਪਿੰਡ ਲਈ ਰੋਲ ਮਾਡਲ ਬਣ ਜਾਂਦਾ ਹੈ।
ਡਾ. ਅਵਤਾਰ ਸਿੰਘ ਨੇ ਇਹ ਵੀ ਕਿਹਾ ਕਿ ਇਹ ਮਿਸ਼ਨ ਇੱਕ ਵਿਅਕਤੀ ਜਾਂ ਇੱਕ ਸੰਸਥਾ ਨਾਲ ਪੂਰਾ ਨਹੀਂ ਹੋ ਸਕਦਾ। ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ—ਮਾਪੇ, ਅਧਿਆਪਕ, ਪਿੰਡ ਤੇ ਉਨ੍ਹਾਂ ਦੀਆਂ ਪੰਚਾਇਤਾਂ, ਕਮਿਊਨਿਟੀ ਲੀਡਰ, ਖੇਡ ਕਲੱਬ, ਸਮਾਜਿਕ ਸੰਸਥਾਵਾਂ ਅਤੇ ਹਰ ਉਹ ਨਾਗਰਿਕ ਜੋ ਨਸ਼ਾ-ਮੁਕਤ ਪੰਜਾਬ ਦਾ ਸੁਪਨਾ ਦੇਖਦਾ ਹੈ, ਸਭ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਇਨ੍ਹਾਂ ਜਿਮਾਂ ਵਿੱਚ ਸਹਿਯੋਗ ਦਿੱਤਾ ਜਾਵੇ। ਬੱਚਿਆਂ ਨੂੰ ਸਰਗਰਮ ਰਹਿਣ, ਤੰਦਰੁਸਤ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ।
- Download Babushahi App
-
-