ਪਾਕਿਸਤਾਨ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਮਸਜਿਦ ਨੇੜੇ ਵੱਡਾ ਧਮਾਕਾ: 15 ਦੀ ਮੌਤ, 50 ਤੋਂ ਵੱਧ ਜ਼ਖ਼ਮੀ
ਬਾਬੂਸ਼ਾਹੀ ਬਿਊਰੋ
ਪੇਸ਼ਾਵਰ, 18 ਸਤੰਬਰ, 2026 : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਕੋਹਾਟ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇੱਕ ਮਸਜਿਦ ਨੇੜੇ ਹੋਏ ਸ਼ਕਤੀਸ਼ਾਲੀ ਧਮਾਕੇ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਹ ਧਮਾਕਾ ਕੋਹਾਟ ਦੇ ਪੁਲਿਸ ਲਾਈਨਜ਼ ਇਲਾਕੇ ਵਿੱਚ ਸਥਿਤ ਮਸਜਿਦ ਦੇ ਬਾਹਰ ਹੋਇਆ, ਜਿਸ ਨਾਲ ਜ਼ਮੀਨ ਵਿੱਚ ਇੱਕ ਵੱਡਾ ਟੋਆ ਪੈ ਗਿਆ। ਜ਼ਖ਼ਮੀਆਂ ਵਿੱਚ ਕਈ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਧਮਾਕੇ ਤੋਂ ਤੁਰੰਤ ਬਾਅਦ ਪੁਲਿਸ ਲਾਈਨਜ਼ ਖੇਤਰ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ।
ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਦੇ ਡਾਕਟਰ ਤਾਹਿਰ ਅਲੀ ਸ਼ਾਹ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ 15 ਲਾਸ਼ਾਂ ਅਤੇ 50 ਤੋਂ ਵੱਧ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ, ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕੋਹਾਟ-ਹਾਂਗੂ ਸੜਕ ਨੂੰ ਹਰ ਤਰ੍ਹਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ।
- Download Babushahi App
-
-