ਦਾਣਾ ਮੰਡੀ ਗੁਰਦਾਸਪੁਰ ’ਚ ਖੁੱਲ੍ਹੇ ਮੈਦਾਨ ’ਚ ਪਈ ਕਣਕ ਖਰਾਬ, ਪ੍ਰਬੰਧਾਂ ’ਤੇ ਉੱਠੇ ਸਵਾਲ
ਪ੍ਰਬੰਧਾਂ ਦੇ ਸਵਾਲ ਨੂੰ ਟਾਲਦੇ ਹੋਏ ਬੇਅਰਹਾਊਸ ਦੇ ਪ੍ਰਬੰਧਕ ਬੋਲੇ ਮੀਹ ਹੈ ਕਨਕ ਦੇ ਖਰਾਬ ਹੋਣ ਦਾ ਜਿੰਮੇਦਾਰ
ਰੋਹਿਤ ਗੁਪਤਾ
ਗੁਰਦਾਸਪੁਰ -
ਐਂਕਰ:ਦਾਣਾ ਮੰਡੀ ਗੁਰਦਾਸਪੁਰ ਵਿੱਚ ਪੰਜਾਬ ਵੇਅਰ ਹਾਊਸ ਵੱਲੋਂ ਸਟੋਰ ਕੀਤੀ ਗਈ ਕਣਕ ਦੀ ਸੰਭਾਲ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਮੰਡੀ ਵਿੱਚ ਵੱਡੀ ਮਾਤਰਾ ਵਿੱਚ ਕਣਕ ਖੁੱਲ੍ਹੇ ਮੈਦਾਨ ਵਿੱਚ ਪਈ ਹੋਈ ਹੈ। ਮੀਂਹ ਪੈਣ ਕਾਰਨ ਕਣਕ ਦੀਆਂ ਬੋਰੀਆਂ ਗਿੱਲੀਆਂ ਹੋਣ ਅਤੇ ਕਣਕ ਖਰਾਬ ਹੋਣ ਦੀ ਗੱਲ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਕਣਕ ਨੂੰ ਮੀਂਹ ਅਤੇ ਹੋਰ ਮੌਸਮੀ ਹਾਲਾਤਾਂ ਤੋਂ ਬਚਾਉਣ ਲਈ ਲੋੜੀਂਦੇ ਪ੍ਰਬੰਧ ਪੂਰੇ ਨਜ਼ਰ ਨਹੀਂ ਆ ਰਹੇ। ਕਣਕ ਦੀਆਂ ਬੋਰੀਆਂ ਦੇ ਖੁੱਲ੍ਹੇ ਵਿੱਚ ਰੈਕ ਲਗਾਏ ਗਏ ਹਨ, ਜਿੱਥੇ ਮੀਂਹ ਪੈਣ ਤੋਂ ਬਾਅਦ ਕਈ ਬੋਰੀਆਂ ਵਿੱਚ ਪਈ ਕਣਕ ਗਿੱਲੀ ਹੋ ਗਈ। ਇਸ ਕਾਰਨ ਕਾਫੀ ਕਣਕ ਖ਼ਰਾਬ ਹੋ ਗਈ ਹੈ। ਮੌਕੇ ’ਤੇ ਕਣਕ ਨੂੰ ਸੁਰੱਖਿਅਤ ਰੱਖਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਕਮੀ ਵੀ ਨਜ਼ਰ ਆਈ।
ਸਰਕਾਰੀ ਅਨਾਜ ਦੀ ਸੁਰੱਖਿਆ ਨੂੰ ਲੈ ਕੇ ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਮੌਸਮ ਵਿਭਾਗ ਵੱਲੋਂ ਮੀਂਹ ਦੀ ਸੰਭਾਵਨਾ ਰਹਿੰਦੀ ਹੈ ਤਾਂ ਕਣਕ ਨੂੰ ਖੁੱਲ੍ਹੇ ਮੈਦਾਨ ਵਿੱਚ ਰੱਖਣ ਦੀ ਬਜਾਏ ਇਸ ਨੂੰ ਸੁਰੱਖਿਅਤ ਥਾਂ ’ਤੇ ਕਿਉਂ ਨਹੀਂ ਰੱਖਿਆ ਗਿਆ। ਜੇਕਰ ਸਮੇਂ ਸਿਰ ਚੰਗੀਆਂ ਤਰਪਾਲਾਂ, ਕਵਰ ਜਾਂ ਹੋਰ ਲੋੜੀਂਦੇ ਪ੍ਰਬੰਧ ਪੂਰੀ ਤਰਾ ਕੀਤੇ ਜਾਂਦੇ ਤਾਂ ਕੀਮਤੀ ਸਰਕਾਰੀ ਅਨਾਜ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਸੀ।
ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਵੇਅਰ ਹਾਊਸ ਗੁਰਦਾਸਪੁਰ ਦੇ ਮੈਨੇਜਰ ਕਮਲ ਕਿਸ਼ੋਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਸਪੱਸ਼ਟ ਜਵਾਬ ਦੇਣ ਦੀ ਬਜਾਏ ਟਾਲ-ਮਟੋਲ ਕਰਦੇ ਨਜ਼ਰ ਆਏ। ਮੈਨੇਜਰ ਵੱਲੋਂ ਕਣਕ ਦੇ ਖਰਾਬ ਹੋਣ ਲਈ ਮੁੱਖ ਤੌਰ ’ਤੇ ਮੌਸਮ ਨੂੰ ਜ਼ਿੰਮੇਵਾਰ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਮੀਂਹ ਪੈਣ ਕਾਰਨ ਕਣਕ ਖਰਾਬ ਹੋਈ ਹੈ ਅਤੇ ਮੌਸਮ ਖਰਾਬ ਹੋਣ ਕਾਰਨ ਇਹ ਸਮੱਸਿਆ ਸਾਹਮਣੇ ਆਈ ਹੈ।
ਹਾਲਾਂਕਿ ਸਵਾਲ ਇਹ ਹੈ ਕਿ ਕੀ ਸਿਰਫ਼ ਮੀਂਹ ਨੂੰ ਹੀ ਕਣਕ ਖਰਾਬ ਹੋਣ ਲਈ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ ਜਾਂ ਫਿਰ ਕਣਕ ਨੂੰ ਸੁਰੱਖਿਅਤ ਰੱਖਣ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਸਰਕਾਰੀ ਅਨਾਜ ਦੀ ਸੰਭਾਲ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਗਏ ਤਾਂ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ, ਇਹ ਵੀ ਜਾਂਚ ਦਾ ਵਿਸ਼ਾ ਹੈ।
ਹੁਣ ਦੇਖਣਾ ਹੋਵੇਗਾ ਕਿ ਵਿਭਾਗ ਵੱਲੋਂ ਮੰਡੀ ਵਿੱਚ ਪਈ ਕਣਕ ਨੂੰ ਹੋਏ ਨੁਕਸਾਨ ਦਾ ਅੰਕਲਨ ਕਰਵਾਇਆ ਜਾਂਦਾ ਹੈ ਜਾਂ ਨਹੀਂ ਅਤੇ ਇਸ ਮਾਮਲੇ ਵਿੱਚ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਹੈ ਜਾਂ ਨਹੀਂ। ਨਾਲ ਹੀ ਇਹ ਵੀ ਦੇਖਣਾ ਹੋਵੇਗਾ ਕਿ ਭਵਿੱਖ ਵਿੱਚ ਸਰਕਾਰੀ ਅਨਾਜ ਨੂੰ ਮੀਂਹ ਅਤੇ ਹੋਰ ਮੌਸਮੀ ਨੁਕਸਾਨ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਂਦੇ ਹਨ ਜਾਂ ਨਹੀਂ।