ਬੁਰਜ ਸੇਮਾ ਸਕੂਲ ਦੇ ਮਾਮਲੇ ਵਿੱਚ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀ ਨੇ ਲਾਇਆ ਧਰਨਾ
ਅਸ਼ੋਕ ਵਰਮਾ
ਮੌੜ ਮੰਡੀ, 25 ਅਗਸਤ 2026 : ਪਿੰਡ ਬੁਰਜ ਸੇਮਾ ਦੇ ਮਿਡਲ ਤੋਂ ਅਪਗਰੇਡ ਹੋਏ ਸਰਕਾਰੀ ਸਕੂਲ ਨੂੰ ਫੰਕਸ਼ਨਲ ਕਰਾਉਣ ਅਤੇ ਅਧਿਆਪਕਾਂ ਦੀ ਕਮੀ ਪੂਰੀ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਬੁਰਜ ਸੇਮਾ ਤੇ ਬੰਗੇਹਰ ਮੁਹੱਬਤ ਦੇ ਪਿੰਡ ਵਾਸੀਆਂ ਨੇ ਅੱਜ ਸਕੂਲ ਅੱਗੇ ਸਕੂਲ ਟਾਈਮ ਤੱਕ ਧਰਨਾ ਲਾਇਆ ਜੋ ਮੰਗਾਂ ਪੂਰੀਆਂ ਹੁਣ ਤੱਕ ਰੋਜਾਨਾ ਜਾਰੀ ਰਿਹਾ ਕਰੇਗਾ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਅੱਜ ਧਰਨੇ ਦੌਰਾਨ ਸਿੱਖਿਆ ਵਿਭਾਗ ਬਠਿੰਡਾ ਵੱਲੋਂ ਦਵਿੰਦਰ ਕੁਮਾਰ ਗੋਇਲ ਬਲਾਕ ਨੋਡਲ ਅਫਸਰ ਤਲਵੰਡੀ ਸਾਬੋ ਅਤੇ ਅੰਮ੍ਰਿਤਪਾਲ ਸਿੰਘ ਭੱਟੀ ਪ੍ਰਿੰਸੀਪਲ ਆਦਰਸ਼ ਸਕੂਲ ਬਠਿੰਡਾ ਤੋਂ ਗੱਲਬਾਤ ਲਈ ਸ਼ਾਮਿਲ ਹੋਏ ਜਿਸ ਵਿੱਚ ਪਿੰਡ ਦੀ ਤਰਫੋਂ ਜਸਵੀਰ ਸਿੰਘ,ਨੈਬ ਸਿੰਘ, ਐਡਵੋਕੇਟ ਅਵਤਾਰ ਸਿੰਘ, ਗੁਰਸਾਹਿਬ ਸਿੰਘ, ਸੁਖਪਾਲ ਸਿੰਘ ਨੰਬਰਦਾਰ, ਬਲਜੀਤ ਸਿੰਘ, ਸੁਖਜਿੰਦਰ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ ਅਤੇ ਹੋਰ ਮੋਹਤਬਰ ਵਿਅਕਤੀ ਸ਼ਾਮਲ ਸਨ।
ਮੀਟਿੰਗ ਦੌਰਾਨ ਸਿੱਖਿਆ ਵਿਭਾਗ ਤੋਂ ਆਏ ਅਧਿਕਾਰੀਆਂ ਨੇ ਕਿਹਾ ਕਿ ਸਕੂਲ ਚ ਅਧਿਆਪਕਾਂ ਦੀ ਕਮੀ ਪੂਰੀ ਕਰ ਦਿੱਤੀ ਜਾਵੇਗੀ ਅਤੇ ਹਾਈ ਸਕੂਲ ਨੂੰ ਪੱਕਾ ਕਰਨ ਲਈ ਵਿਭਾਗ ਤਰਫੋਂ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਡੀਪੀਆਈ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੂੰ ਸਿਫਾਰਸ਼ ਕਰਕੇ ਇਸ ਨੂੰ ਪੂਰੀ ਤਰ੍ਹਾਂ ਚਾਲੂ ਕਰਵਾਉਣ ਲਈ ਪ੍ਰਕਿਰਿਆ ਸ਼ੁਰੂ ਕਰਵਾਈ ਜਾਏਗੀ। ਉਨ੍ਹਾਂ ਇਸ ਸਕੂਲ ਨੂੰ ਡੀਡੀਓ ਜੋਧਪੁਰ ਪਾਖਰ ਨਾਲ ਜੋੜਨ ਦੀ ਮੰਗ ਤੇ ਵੀ ਉਹਨਾਂ ਨੇ ਪੂਰਾ ਕਰਨ ਦਾ ਭਰੋਸਾ ਦਿੱਤਾ। ਇਹਨਾਂ ਮੰਗਾਂ ਲਈ ਕੱਲ ਨੂੰ ਸਮਾਂ ਮਿਲਣ ਤੇ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਕਰਵਾਈ ਜਾਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਂੜ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਮ ਨਗਰ ਅਤੇ ਔਰਤ ਜਥੇਬੰਦੀ ਦੇ ਆਗੂ ਹਰਪ੍ਰੀਤ ਕੌਰ ਜੇਠੂਕੇ ਨੇ ਕਿਹਾ ਕਿ ਸਰਕਾਰਾਂ ਦੀ ਸਕੂਲਾਂ ਨੂੰ ਕਾਰਪਰੇਟ ਦੇ ਹਵਾਲੇ ਕਰਨ ਦੀ ਨਵੀਂ ਸਿੱਖਿਆ ਨੀਤੀ ਤਹਿਤ ਅਧਿਆਪਕਾਂ ਦੀ ਪੂਰੀ ਭਰਤੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ।
ਉਨ੍ਹਾਂ ਕਿਹਾ ਕਿ ਇਸ ਦਾ ਨੁਕਸਾਨ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਝੱਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦਾ ਇਕ ਇਕ ਗੱਲ ਏਕਾ ਅਤੇ ਸੰਘਰਸ਼ ਹੀ ਹੈ। ਬੁਲਾਰਿਆਂ ਨੇ ਦੋਵਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਿਹਾ ਕਿ ਜਿੰਨਾ ਚਿਰ ਸਕੂਲ ਦੇ ਇਹ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਦੇ ਇਕੱਠ ਨੂੰ ਗੁਰਜੀਤ ਸਿੰਘ ਬੰਗੇਹਰ ਅਤੇ ਡੀਟੀਐਫ ਦੇ ਬਲਾਕਪ੍ਰਧਾਨ ਬਲਕਰਨ ਸਿੰਘ ਨੇ ਵੀ ਸੰਬੋਧਨ ਕੀਤਾ। ਜ਼ਿਕਰ ਯੋਗ ਹੈ ਕਿ ਪਿੰਡ ਦੇ ਇਸ ਸਰਕਾਰੀ ਸਕੂਲ ਨੂੰ ਮਿਡਲ ਤੋਂ ਅਪਗਰੇਡ ਹੋਇਆਂ ਤਾਂ ਸਰਕਾਰੀ ਹਾਈ ਸਕੂਲ ਨੂੰ ਪੰਜ ਸਾਲ ਹੋ ਗਏ ਹਨ ਪਰ ਇਸ ਨੂੰ ਫੰਕਸ਼ਨਲ ਨਹੀਂ ਕੀਤਾ ਗਿਆ ਅਤੇ ਨਾ ਹੀ ਪੋਸਟਾਂ ਭੇਜੀਆਂ ਹਨ । ਹੁਣ ਇਸ ਸਕੂਲ ਵਿੱਚ ਦੋ ਸਰਕਾਰੀ ਅਧਿਆਪਕ ਰੈਗੂਲਰ ਹਨ ਜੋ ਛੇਵੀਂ ਤੋਂ ਦਸਵੀਂ ਕਲਾਸ ਦੇ ਬੱਚਿਆਂ ਨੂੰ ਪੜਾ ਰਹੇ ਹਨ।,ਬਾਕੀ ਅਸਾਮੀਆਂ ਖਾਲੀ ਪਈਆਂ ਹਨ ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰਾਂ ਵੱਲੋਂ ਸਕੂਲ ਨੂੰ ਫੰਕਸ਼ਨਲ ਕਰਾਉਣ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਪੂਰੀਆਂ ਕਰਾਉਣ ਲਈ ਕਈ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਪੰਜਾਬ ਸਰਕਾਰ, ਜਿਲਾ ਸਿੱਖਿਆ ਅਫਸਰ ਅਤੇ ਚੰਡੀਗੜ੍ਹ ਦੇ ਉਚੇਰੇ ਸਿੱਖਿਆ ਅਫਸਰਾਂ ਨੂੰ ਮਿਲ ਕੇ ਲਿਖਤੀ ਤੌਰ ਤੇ ਧਿਆਨ ਚ ਲਿਆਂਦਾ ਜਾ ਚੁੱਕਾ ਹੈ ਪਰ ਹਾਲੇ ਤੱਕ ਸਰਕਾਰ ਜਾਂ ਸਿੱਖਿਆ ਵਿਭਾਗ ਵੱਲੋਂ ਸਕੂਲ ਨਾਲ ਸੰਬੰਧਿਤ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਤੋਂ ਮਜਬੂਰ ਹੋ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਵਿੱਚ ਧਰਨਾ ਸ਼ੁਰੂ ਕੀਤਾ ਗਿਆ।