ਪੰਜਾਬ 'ਚ ਸਵਾਈਨ ਫਲੂ ਦੇ ਕੇਸ ਵਧੇ, ਸਿਹਤ ਮੰਤਰੀ ਬੋਲੇ- ਘਬਰਾਉਣ ਦੀ ਲੋੜ ਨਹੀਂ, ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ (ਵੇਖੋ ਵੀਡੀਓ)
Babushahi Network
ਚੰਡੀਗੜ੍ਹ, 25 ਅਗਸਤ 2026: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਵਾਇਰਲ ਇਨਫੈਕਸ਼ਨਾਂ ਦੇ ਨਾਲ ਸਵਾਈਨ ਫਲੂ (H1N1) ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬਾ ਵਾਸੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ ਅਤੇ ਲੋਕਾਂ ਨੂੰ ਘਬਰਾਉਣ ਜਾਂ ਦਹਿਸ਼ਤ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਜੁਲਾਈ ਤੱਕ ਸਵਾਈਨ ਫਲੂ ਦੇ ਮਾਮਲੇ ਸਿੰਗਲ ਡਿਜਿਟ ਵਿੱਚ ਰਹੇ ਅਤੇ ਕਿਸੇ ਵੀ ਮਹੀਨੇ ਕੇਸਾਂ ਦੀ ਗਿਣਤੀ 10 ਤੱਕ ਨਹੀਂ ਪਹੁੰਚੀ। ਇਸ ਦੇ ਮੁਕਾਬਲੇ ਅਗਸਤ ਮਹੀਨੇ ਵਿੱਚ ਹੁਣ ਤੱਕ ਕਰੀਬ 70 ਮਾਮਲੇ ਸਾਹਮਣੇ ਆਏ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੌਜੂਦਾ ਮਾਮਲਿਆਂ ਵਿੱਚ ਵਾਇਰਸ ਦਾ ਕੋਈ ਨਵਾਂ ਵੇਰੀਐਂਟ ਸਾਹਮਣੇ ਨਹੀਂ ਆਇਆ, ਸਗੋਂ ਇਹ ਪਹਿਲਾਂ ਤੋਂ ਮੌਜੂਦ ਪੁਰਾਣਾ ਅਤੇ ਹਲਕਾ ਵੇਰੀਐਂਟ ਹੈ। ਉਨ੍ਹਾਂ ਅਨੁਸਾਰ ਹੁਣ ਤੱਕ ਕਿਸੇ ਵੀ ਮਰੀਜ਼ ਦੀ ਹਾਲਤ ਗੰਭੀਰ ਨਹੀਂ ਹੋਈ ਅਤੇ ਕਿਸੇ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਲੋੜ ਨਹੀਂ ਪਈ। ਜਾਂਚ ਅਤੇ ਟੈਸਟਿੰਗ ਤੋਂ ਬਾਅਦ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਦੇ ਕੇ ਘਰ ਵਿੱਚ ਆਰਾਮ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਬਰਸਾਤੀ ਮੌਸਮ ਦੌਰਾਨ ਹਵਾ ਵਿੱਚ ਨਮੀ ਵਧਣ ਕਾਰਨ ਵਾਇਰਲ ਇਨਫੈਕਸ਼ਨਾਂ ਦੇ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਵੀ ਇਸ ਸਮੇਂ ਵਾਇਰਲ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਮ ਅਤੇ ਤੰਦਰੁਸਤ ਲੋਕਾਂ ਨੂੰ ਵਿਸ਼ੇਸ਼ ਚਿੰਤਾ ਕਰਨ ਦੀ ਲੋੜ ਨਹੀਂ। ਹਾਲਾਂਕਿ ਗਰਭਵਤੀ ਔਰਤਾਂ, ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਕੈਂਸਰ ਜਾਂ ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੋਂ ਬਚਣ ਅਤੇ ਲੋੜ ਪੈਣ ’ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਵਾਈਨ ਫਲੂ ਦੀ ਟੈਸਟਿੰਗ, ਦਵਾਈਆਂ ਅਤੇ ਇਲਾਜ ਦੀਆਂ ਸਹੂਲਤਾਂ ਉਪਲਬਧ ਹਨ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਲੋੜੀਂਦੀਆਂ ਸਾਵਧਾਨੀਆਂ ਵਰਤਦਿਆਂ ਆਪਣਾ ਆਮ ਰੋਜ਼ਾਨਾ ਜੀਵਨ ਜਾਰੀ ਰੱਖਣ ਦੀ ਅਪੀਲ ਕੀਤੀ।
- Download Babushahi App
-
-