ਦੀਪੇਂਦਰ ਹੁੱਡਾ ਨੇ ਦਿੱਤੀ ਸਪੱਸ਼ਟੀਕਰਨ: ਮੈਂ ਸੱਜਣ ਕੁਮਾਰ ਨੂੰ ਕਦੇ ਰੋਲ ਮਾਡਲ ਨਹੀਂ ਕਿਹਾ
ਰੋਹਤਕ, 23 ਅਗਸਤ:
ਬਾਬੂਸ਼ਾਹੀ ਬਿਊਰੋ
ਸੱਜਣ ਕੁਮਾਰ ਦੇ ਦਿਹਾਂਤ ਤੋਂ ਬਾਅਦ ਕਾਂਗਰਸ ਪਾਰਟੀ ਅੰਦਰ ਦੀਪੇਂਦਰ ਹੁੱਡਾ ਦੇ ਇੱਕ ਬਿਆਨ ਨੂੰ ਲੈ ਕੇ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਹੁੱਡਾ ਵੱਲੋਂ ਸੱਜਣ ਕੁਮਾਰ ਦੇ ਦਿਹਾਂਤ ’ਤੇ ਸੰਵੇਦਨਾ ਪ੍ਰਗਟ ਕਰਦਿਆਂ ਕੀਤੀ ਗਈ ਸ਼ਲਾਘਾ ਤੋਂ ਬਾਅਦ ਕਾਂਗਰਸ ਦੇ ਹੀ ਕਈ ਆਗੂਆਂ ਨੇ ਇਤਰਾਜ਼ ਜਤਾਇਆ ਸੀ। ਆਗੂਆਂ ਦਾ ਕਹਿਣਾ ਸੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਨੂੰ ਰੋਲ ਮਾਡਲ ਦੱਸਣਾ ਕਿਸੇ ਵੀ ਤਰ੍ਹਾਂ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਵਿਵਾਦ ਵਧਦਾ ਦੇਖ ਕੇ ਹਰਿਆਣਾ ਦੇ ਰੋਹਤਕ ਤੋਂ ਕਾਂਗਰਸ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਆਪਣੇ ਬਿਆਨ ’ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਇਰਾਦਾ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।
ਦੀਪੇਂਦਰ ਹੁੱਡਾ ਨੇ ਕਿਹਾ ਕਿ ਉਨ੍ਹਾਂ ਦੀ ਕਦੇ ਵੀ ਅਜਿਹੀ ਭਾਵਨਾ ਨਹੀਂ ਰਹੀ ਕਿ ਉਨ੍ਹਾਂ ਦੇ ਕਿਸੇ ਬਿਆਨ ਨਾਲ ਕਿਸੇ ਨੂੰ ਦੁੱਖ ਪਹੁੰਚੇ। ਉਨ੍ਹਾਂ ਦੱਸਿਆ ਕਿ ਸਿੱਖ ਸਮਾਜ ਨਾਲ ਉਨ੍ਹਾਂ ਦੇ ਪਰਿਵਾਰ ਦਾ ਲੰਬੇ ਸਮੇਂ ਤੋਂ ਪਰਿਵਾਰਿਕ ਭਾਈਚਾਰਾ ਰਿਹਾ ਹੈ ਅਤੇ ਹਰ ਸੰਘਰਸ਼ ਵਿੱਚ ਦੋਵੇਂ ਇਕ-ਦੂਜੇ ਦੇ ਨਾਲ ਖੜ੍ਹੇ ਰਹੇ ਹਨ। ਉਨ੍ਹਾਂ ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਕਿਸਾਨਾਂ ’ਤੇ ਅੱਤਿਆਚਾਰ ਹੋਇਆ ਅਤੇ 750 ਕਿਸਾਨਾਂ ਦੀ ਮੌਤ ਹੋਈ, ਉਸ ਸਮੇਂ ਵੀ ਕਾਂਗਰਸ ਨੇ ਕਿਸਾਨਾਂ ਦਾ ਅੱਗੇ ਆ ਕੇ ਸਾਥ ਦਿੱਤਾ ਸੀ।
ਹੁੱਡਾ ਨੇ ਸਪੱਸ਼ਟ ਕੀਤਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਜਿਹੜੇ ਵੀ ਦੋਸ਼ੀ ਹਨ, ਉਨ੍ਹਾਂ ਨੂੰ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹੀ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਾਰਟੀ ਦਾ ਸਟੈਂਡ ਹੈ ਅਤੇ ਉਹ ਪੂਰੀ ਤਰ੍ਹਾਂ ਸਿੱਖ ਸਮਾਜ ਦੇ ਨਾਲ ਹਨ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਦੰਗਿਆਂ ਦੇ ਦੋਸ਼ੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਜਾਂ ਪਨਾਹ ਦੇਣ ਦੀ ਗੱਲ ਉਨ੍ਹਾਂ ਵੱਲੋਂ ਨਹੀਂ ਕੀਤੀ ਗਈ।
ਵਿਵਾਦ ਦੇ ਕੇਂਦਰ ਵਿੱਚ ਰਹੇ ਆਪਣੇ ਬਿਆਨ ਬਾਰੇ ਦੀਪੇਂਦਰ ਹੁੱਡਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸੱਜਣ ਕੁਮਾਰ ਨੂੰ ਆਪਣਾ ਰੋਲ ਮਾਡਲ ਨਹੀਂ ਦੱਸਿਆ ਅਤੇ ਨਾ ਹੀ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਸੀ। ਹੁੱਡਾ ਮੁਤਾਬਕ ਉਨ੍ਹਾਂ ਦੇ ਬਿਆਨ ਨੂੰ ਸੰਦਰਭ ਤੋਂ ਹਟਾ ਕੇ ਪੇਸ਼ ਕੀਤਾ ਗਿਆ, ਜਿਸ ਕਾਰਨ ਗਲਤ ਧਾਰਨਾ ਬਣੀ।
ਦੂਜੇ ਪਾਸੇ, ਦੀਪੇਂਦਰ ਹੁੱਡਾ ਦੇ ਬਿਆਨ ਨੂੰ ਲੈ ਕੇ ਸਿਰਫ਼ ਕਾਂਗਰਸ ਦੇ ਅੰਦਰ ਹੀ ਨਹੀਂ, ਸਗੋਂ ਵਿਰੋਧੀ ਪਾਰਟੀਆਂ ਨੇ ਵੀ ਕਾਂਗਰਸ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਭਾਰਤੀ ਜਨਤਾ ਪਾਰਟੀ (BJP), ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (AAP) ਵੱਲੋਂ ਵੀ ਇਸ ਮਾਮਲੇ 'ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ।
- Download Babushahi App
-
-