ਬਠਿੰਡਾ ਵਿਖੇ ‘ਕੌਫ਼ੀ ਵਿਦ ਗੁਰਬਾਜ ਸਿੰਘ’ ਤਹਿਤ ‘ਹੁਣ ਉਹ ਗੱਲਾਂ ਕਿੱਥੇ’ ’ਤੇ ਸਾਹਿਤਕ ਚਰਚਾ
ਅਸ਼ੋਕ ਵਰਮਾ
ਬਠਿੰਡਾ, 24 ਅਗਸਤ 2026 : ਪੰਜਾਬੀ ਲੇਖਕ ਗੁਰਬਾਜ ਸਿੰਘ ਦੀ ਪਲੇਠੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ’ ਨੂੰ ਲੈ ਕੇ ਸਾਹਿਤਕਾਰ ਰਮੇਸ਼ ਸੇਠੀ ਬਾਦਲ ਵੱਲੋਂ ਬਠਿੰਡਾ ਵਿਖੇ ‘ਕੌਫ਼ੀ ਵਿਦ ਗੁਰਬਾਜ ਸਿੰਘ’ ਤਹਿਤ ਇੱਕ ਸਾਹਿਤਕ ਮਿਲਣੀ ਕਰਵਾਈ ਗਈ। ਇਸ ਮੌਕੇ ਪੁਸਤਕ ਦੇ ਵੱਖ-ਵੱਖ ਪੱਖਾਂ, ਵਿਸ਼ਿਆਂ ਅਤੇ ਇਸ ਵਿੱਚ ਦਰਜ ਯਾਦਾਂ ਤੇ ਸਮਾਜਿਕ ਸਰੋਕਾਰਾਂ ’ਤੇ ਵਿਚਾਰ-ਚਰਚਾ ਕੀਤੀ ਗਈ।ਇਸ ਸਾਹਿਤਕ ਮਿਲਣੀ ਵਿੱਚ ਲੇਖਕ ਗੁਰਬਾਜ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ ਸਿੱਧੂ ਅਤੇ ਸਮਰਜੀਤ ਸਿੰਘ ਮਾਨ ਵੀ ਸ਼ਾਮਲ ਹੋਏ। ਸਾਹਿਤਕ ਮਾਹੌਲ ਨੂੰ ਹੋਰ ਸਾਰਥਕ ਬਣਾਉਣ ਲਈ ਸਾਹਿਤਕਾਰ ਜਗਸੀਰ ਸਿੰਘ ਤਾਜ਼ੀ ਅਤੇ ਗ਼ਜ਼ਲਗੋ ਤੇ ਕਹਾਣੀਕਾਰ ਮਨਜੀਤ ਸਿੰਘ ਜੀਤ ਨੂੰ ਵੀ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ। ਮਨਜੀਤ ਸਿੰਘ ਜੀਤ ਦੀ ਪਲੇਠੀ ਪੁਸਤਕ ‘ਯਾਦਾਂ ਦੀਆਂ ਉਦਾਸ ਗਲੀਆਂ’ ਵੀ ਹਾਲ ਹੀ ਵਿੱਚ ਪਾਠਕਾਂ ਦੇ ਹੱਥਾਂ ਵਿੱਚ ਪਹੁੰਚੀ ਹੈ।
ਚਰਚਾ ਦੌਰਾਨ ਬੁਲਾਰਿਆਂ ਨੇ ਕਿਹਾ ਕਿ ‘ਹੁਣ ਉਹ ਗੱਲਾਂ ਕਿੱਥੇ’ ਸਿਰਫ਼ ਬੀਤੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਲੀ ਪੁਸਤਕ ਨਹੀਂ, ਸਗੋਂ ਬਦਲ ਰਹੇ ਸਮਾਜਿਕ ਤਾਣੇ-ਬਾਣੇ, ਰਿਸ਼ਤਿਆਂ, ਪਿੰਡਾਂ ਦੀ ਜੀਵਨ-ਸ਼ੈਲੀ, ਵਿਰਾਸਤ ਅਤੇ ਅਜੋਕੇ ਜੀਵਨ ਵਿੱਚ ਆ ਰਹੀਆਂ ਤਬਦੀਲੀਆਂ ’ਤੇ ਵੀ ਗੰਭੀਰਤਾ ਨਾਲ ਸੋਚਣ ਲਈ ਪ੍ਰੇਰਿਤ ਕਰਦੀ ਹੈ। ਪੁਸਤਕ ਵਿੱਚ ਲੇਖਕ ਨੇ ਆਪਣੇ ਦਾਦਾ ਜੀ ਤੋਂ ਸੁਣੀਆਂ ਗੱਲਾਂ ਅਤੇ ਮਾਲਵੇ ਦੇ ਲੋਕ ਜੀਵਨ ਨਾਲ ਜੁੜੀਆਂ ਯਾਦਾਂ ਨੂੰ ਕਲਮਬੱਧ ਕੀਤਾ ਹੈ।ਰਮੇਸ਼ ਸੇਠੀ ਬਾਦਲ ਨੇ ਕਿਹਾ ਕਿ ਗੁਰਬਾਜ ਸਿੰਘ ਨਾਲ ਉਨ੍ਹਾਂ ਦੀ ਸਾਂਝ 1994 ਤੋਂ ਚੱਲੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਬਾਜ ਸਿੰਘ ਸ਼ੁਰੂ ਤੋਂ ਹੀ ਪੰਜਾਬੀ ਮਾਂ-ਬੋਲੀ ਅਤੇ ਸਾਹਿਤ ਨਾਲ ਜੁੜੇ ਹੋਏ ਹਨ ਅਤੇ ਵੱਖ-ਵੱਖ ਅਖ਼ਬਾਰਾਂ ਵਿੱਚ ਲਗਾਤਾਰ ਲਿਖਦੇ ਰਹੇ ਹਨ। ਉਨ੍ਹਾਂ ਕਿਹਾ ਕਿ ਚੰਗਾ ਸਾਹਿਤ ਪਾਠਕ ਨੂੰ ਆਪਣੇ ਨਾਲ ਜੋੜਨ ਦੇ ਨਾਲ-ਨਾਲ ਕੁਝ ਚੰਗਾ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ।
ਇਸ ਮੌਕੇ ਗੁਰਬਾਜ ਸਿੰਘ ਨੇ ਹਾਜ਼ਰ ਸਾਹਿਤਕਾਰਾਂ ਨੂੰ ਆਪਣੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ’ ਭੇਟ ਕੀਤੀ। ਜਗਸੀਰ ਸਿੰਘ ਤਾਜ਼ੀ ਅਤੇ ਮਨਜੀਤ ਸਿੰਘ ਜੀਤ ਵੱਲੋਂ ਗੁਰਬਾਜ ਸਿੰਘ ਦਾ ਸਨਮਾਨ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਪੰਜਾਬੀ ਮਾਂ-ਬੋਲੀ ਤੇ ਸਾਹਿਤ ਦੀ ਸੇਵਾ ਲਈ ਹੋਰ ਚੰਗੀਆਂ ਰਚਨਾਵਾਂ ਲਿਖਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰਮੇਸ਼ ਸੇਠੀ ਬਾਦਲ ਖ਼ੁਦ ਪੰਜਾਬੀ ਦੇ ਸਰਗਰਮ ਸਾਹਿਤਕਾਰ ਹਨ ਅਤੇ ਹੁਣ ਤੱਕ ਛੇ ਪੁਸਤਕਾਂ ਲਿਖ ਚੁੱਕੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਹੋਈ ਇਹ ਮਿਲਣੀ ਨਵੇਂ ਅਤੇ ਸਥਾਪਤ ਲੇਖਕਾਂ ਵਿਚਕਾਰ ਸਾਹਿਤਕ ਸੰਵਾਦ ਨੂੰ ਮਜ਼ਬੂਤ ਕਰਨ ਵਾਲੀ ਸਾਰਥਕ ਕੋਸ਼ਿਸ਼ ਰਹੀ।